ਕਿਸਾਨਾਂ ਦੇ ਕੀਮਤੀ ਸਮੇਂ ਦੀ ਬੱਚਤ ਲਈ ਹੁਣ ਭੀਖੀ ਅਨਾਜਮੰਡੀ ’ਚ ਵੀ ਚਿੱਟੇ ਸੋਨੇ ਦੀ ਸਰਕਾਰੀ ਖਰੀਦ ਸ਼ੁਰੂ : ਮਾਨਸਾਹੀਆ

0
49

ਮਾਨਸਾ, 14 ਅਕਤੂਬਰ (ਸਾਰਾ ਯਹਾ / ਬਲਜੀਤ ਸ਼ਰਮਾ): ਜ਼ਿਲ੍ਹੇ ਵਿੱਚ ਨਰਮੇ ਦੀ ਖਰੀਦ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ ਲਈ ਮਾਨਸਾ ਦੀ ਅਨਾਜ ਮੰਡੀ ਦੇ ਨਾਲ ਨਾਲ ਭੀਖੀ ਅਨਾਜ ਮੰਡੀ ਵਿਖੇ ਵੀ ਚਿੱਟੇ ਸੋਨੇ ਦੀ ਸਰਕਾਰੀ ਤੌਰ ’ਤੇ ਖਰੀਦ ਆਰੰਭ ਹੋ ਗਈ  ਹੈ ਜਿਸ ਨਾਲ ਕਿਸਾਨਾਂ ਦੇ ਕੀਮਤੀ ਸਮੇਂ ਦੀ ਬੱਚਤ ਹੋਵੇਗੀ। ਇਹ ਜਾਣਕਾਰੀ ਵਿਧਾਇਕ ਸ. ਨਾਜਰ ਸਿੰਘ ਮਾਨਸਾਹੀਆ ਨੇ ਅੱਜ ਅਨਾਜ ਮੰਡੀ ਮਾਨਸਾ ਤੇ ਅਨਾਜ ਮੰਡੀ ਭੀਖੀ ਦਾ ਅਚਨਚੇਤ ਦੌਰਾ ਕਰਕੇ ਨਰਮੇ ਅਤੇ ਝੋਨੇ ਦੀ ਖਰੀਦ ਸਬੰਧੀ ਚੱਲ ਰਹੀ ਸਮੁੱਚੀ ਪ੍ਰਕਿਰਿਆ ਦਾ ਜਾਇਜ਼ਾ ਲੈਣ ਮੌਕੇ ਦਿੱਤੀ। ਵਿਧਾਇਕ ਸ. ਮਾਨਸਾਹੀਆ ਨੇ ਮੌਕੇ ’ਤੇ ਮੌਜੂਦ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਮੰਡੀਆਂ ਵਿੱਚ ਆਪਣੀ ਫ਼ਸਲ ਵੇਚਣ ਲਈ ਪੁੱਜ ਰਹੇ ਕਿਸਾਨਾਂ ਦੀ ਸੁਵਿਧਾ ਨੂੰ ਹਰ ਹਾਲ ਯਕੀਨੀ ਬਣਾਉਣ ਵਿੱਚ ਕੋਈ ਲਾਪਰਵਾਹੀ ਨਾ ਵਰਤੀ ਜਾਵੇ।  ਵਿਧਾਇਕ ਸ. ਮਾਨਸਾਹੀਆ ਨੇ ਕਿਹਾ ਕਿ ਪੰਜਾਬ ਸਰਕਾਰ ਕੋਵਿਡ ਮਹਾਂਮਾਰੀ ਦੇ ਨਾਜੁਕ ਦੌਰ ਵਿੱਚ ਵੀ ਅਨਾਜ ਮੰਡੀਆਂ ਵਿੱਚ ਸਮੁੱਚੀ ਖਰੀਦ ਪ੍ਰਕਿਰਿਆ ਨੂੰ ਸੁਚਾਰੂ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਖਰੀਦ ਕਾਰਜਾਂ ਨਾਲ ਸਬੰਧਤ ਵਿਭਾਗੀ ਅਧਿਕਾਰੀਆਂ ਦਾ ਵੀ ਇਹ ਨੈਤਿਕ ਫਰਜ਼ ਬਣਦਾ ਹੈ ਕਿ ਉਹ ਕਿਸਾਨ ਵੀਰਾਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਪੇਸ਼ ਨਾ ਆਉਣ ਦੇਣ। ਅੱਜ ਮਾਨਸਾ ਵਿਖੇ ਨਰਮਾ ਲੈ ਕੇ ਪੁੱਜੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਸ. ਨਾਜਰ ਸਿੰਘ ਨੇ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਉਨ੍ਹਾਂ ਦੀ ਸਹੂਲਤ ਲਈ ਯਤਨਸ਼ੀਲ ਹੈ ਅਤੇ ਕੋਟਨ ਕਾਰਪੋਰੇਸ਼ਨ ਆਫ਼ ਇੰਡੀਆ

ਸੀ.ਸੀ.ਆਈ) ਦੇ ਅਧਿਕਾਰੀ ਸਮੁੱਚੇ ਸੀਜ਼ਨ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਕਾਰਜਸ਼ੀਲ ਹਨ। ਉਨ੍ਹਾਂ ਮੰਡੀਆਂ ਵਿੱਚ ਝੋਨੇ ਦੀ ਆਮਦ, ਸਰਕਾਰੀ ਏਜੰਸੀਆਂ ਦੁਆਰਾ ਕੀਤੀ ਜਾ ਰਹੀ ਖਰੀਦ, ਲਿਫਟਿੰਗ ਤੇ ਅਦਾਇਗੀ ਸਬੰਧੀ ਪ੍ਰਕਿਰਿਆ ਦਾ ਵੀ ਜਾਇਜ਼ਾ ਲਿਆ।  ਮਾਨਸਾ ਅਨਾਜ ਮੰਡੀ ਤੋਂ ਬਾਅਦ ਵਿਧਾਇਕ ਵੱਲੋਂ ਐਸ.ਡੀ.ਐਮ ਡਾ. ਸ਼ਿਖਾ ਭਗਤ ਸਮੇਤ ਅਨਾਜ ਮੰਡੀ ਭੀਖੀ ਦਾ ਵੀ ਦੌਰਾ ਕੀਤਾ ਗਿਆ ਅਤੇ ਉਥੇ ਨਰਮੇ ਤੇ ਝੋਨੇ ਦੀ ਆਮਦ ਤੇ ਖਰੀਦ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਮੌਕੇ ’ਤੇ ਹੀ ਨਰਮੇ ਤੇ ਝੋਨੇ ਦੀ ਬੋਲੀ ਕਰਵਾ ਕੇ ਮਸ਼ੀਨ ਰਾਹੀਂ ਨਮੀ ਦੀ ਵੀ ਜਾਂਚ ਕਰਵਾਈ। ਇਸ ਦੌਰਾਨ ਸੈਕਟਰੀ ਮਾਰਕਿਟ ਕਮੇਟੀ ਮਾਨਸਾ ਚਮਕੌਰ ਸਿੰਘ ਸਿੱਧੂ, ਸੈਕਟਰੀ ਮਾਰਕਿਟ ਕਮੇਟੀ ਭੀਖੀ ਜੈ ਸਿੰਘ ਵੀ ਮੌਜੂਦ ਸਨ। ਕੈਪਸ਼ਨ1-2:ਮਾਨਸਾ ਦੇ ਵਿਧਾਇਕ ਸ. ਨਾਜਰ ਸਿੰਘ ਮਾਨਸਾਹੀਆ ਅਨਾਜ ਮੰਡੀ ਮਾਨਸਾ ਵਿਖੇ ਨਰਮੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ। ਉਨ੍ਹਾਂ ਨਾਲ ਐਸ.ਡੀ.ਐਮ ਸ਼ਿਖਾ ਭਗਤ ਵੀ ਹਨ।

LEAVE A REPLY

Please enter your comment!
Please enter your name here