ਸਰਦੂਲਗੜ੍ਹ/ਮਾਨਸਾ, 09 ਅਗਸਤ:(ਸਾਰਾ ਯਹਾਂ/ਮੁੱਖ ਸੰਪਾਦਕ)
ਕਿਤਾਬਾਂ ਦਾ ਮਨੁੱਖ ਦੀ ਜ਼ਿੰਦਗੀ ਵਿਚ ਅਹਿਮ ਮਹੱਤਵ ਹੈ। ਕਿਤਾਬਾਂ ਤੋਂ ਜਿੱਥੇ ਗਿਆਨ ਅਤੇ ਜੀਵਨ ਜਾਂਚ ਮਿਲਦੀ ਹੈ ਉੱਥੇ ਹੀ ਕਿਤਾਬਾਂ ਸਾਨੂੰ ਸਾਡੇ ਇਤਿਹਾਸ ਅਤੇ ਵਿਰਾਸਤ ਨਾਲ ਵੀ ਜੋੜਦੀਆਂ ਹਨ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਸਰਦੂਲਗੜ੍ਹ ਸ੍ਰ. ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਹਲਕਾ ਸਰਦੂਲਗੜ੍ਹ ਦੇ ਪਿੰਡ ਰਾਏਪੁਰ, ਖਿਆਲੀ ਚਹਿਲਾਂਵਾਲੀ, ਕਾਹਨੇਵਾਲ ਅਤੇ ਖੈਰਾ ਖੁਰਦ ਵਿਖੇ ਬਣੀਆਂ ਆਧੁਨਿਕ ਲਾਇਬ੍ਰੇਰੀਆਂ ਦਾ ਉਦਘਾਟਨ ਕਰਨ ਮੌਕੇ ਕੀਤਾ।
ਵਿਧਾਇਕ ਬਣਾਂਵਾਲੀ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਿੰਡਾਂ ਅਤੇ ਸ਼ਹਿਰਾਂ ਵਿਚ ਨੌਜਵਾਨਾਂ ਨੂੰ ਅਜਿਹੀਆਂ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਜੋ ਕਿ ਨੌਜਵਾਨਾਂ ਦੇ ਸੁਨਹਿਰੀ ਭਵਿੱਖ ਲਈ ਸਹਾਈ ਹੋਣ। ਉਨ੍ਹਾਂ ਕਿਹਾ ਕਿ ਇੰਨ੍ਹਾਂ ਲਾਇਬ੍ਰੇਰੀਆਂ ਅੰਦਰ ਜਿੱਥੇ ਸਾਹਿਤ ਤੋਂ ਇਲਾਵਾ ਵੱਖ ਵੱਖ ਨੌਕਰੀਆਂ ਦੀ ਪ੍ਰੀਖਿਆ ਲਈ ਤਿਆਰੀ ਕਰਨ ਲਈ ਪੜ੍ਹਨਯੋਗ ਕਿਤਾਬਾਂ ਰੱਖੀਆਂ ਗਈਆਂ ਹਨ ਉੱਥੇ ਹੀ ਕੰਪਿਊਟਰ ਅਤੇ ਇੰਟਰਨੈਟ ਦੀ ਸੁਵਿਧਾ ਵੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਲਾਇਬ੍ਰੇਰੀਆਂ ਅੰਦਰ ਚੈੱਸ ਬੋਰਡ ਵੀ ਮੁਹੱਈਆ ਕਰਵਾਏ ਗਏ ਹਨ ਜਿੰਨ੍ਹਾਂ ਦੀ ਸਿਖਲਾਈ ਲਈ ਚੈੱਸ ਕੋਚ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
ਵਿਧਾਇਕ ਨੇ ਕਿਹਾ ਕਿ ਜ਼ਿਲ੍ਹਾ ਵਾਸੀ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਇੰਨ੍ਹਾਂ ਲਾਇਬ੍ਰੇਰੀਆਂ ਨਾਲ ਜੋੜਨ ਤਾਂ ਜੋ ਉਹ ਵੱਖ ਵੱਖ ਪ੍ਰੀਖਿਆਵਾਂ ਦੀ ਤਿਆਰੀ ਕਰਦਿਆਂ ਉੱਚ ਅਹੁਦਿਆਂ ’ਤੇ ਪਹੁੰਚ ਕੇ ਆਪਣੇ ਪਿੰਡ, ਸ਼ਹਿਰ ਅਤੇ ਸੂਬੇ ਦਾ ਨਾਮ ਰੌਸ਼ਨ ਕਰ ਸਕਣ। ਉਨ੍ਹਾਂ ਲਾਇਬ੍ਰੇਰੀਆਂ ਅੰਦਰ ਮੌਜੂਦ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲਾਇਬ੍ਰੇਰੀਆਂ ਵਿਚ ਵਿਦਿਆਰਥੀਆਂ ਨੂੰ ਲੋੜੀਂਦੀਆਂ ਕਿਤਾਬਾਂ ਤੋਂ ਇਲਾਵਾ ਹੋਰ ਕਿਸੇ ਵੀ ਸਹੂਲਤ ਦੀ ਜ਼ਰੂਰਤ ਹੋਵੇ ਤਾਂ ਉਹ ਉਨ੍ਹਾਂ ਦੇ ਧਿਆਨ ਵਿਚ ਲਿਆਉਣ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਹਰ ਜ਼ਰੂਰਤ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲਾਇਬ੍ਰੇਰੀਆਂ ਅੰਦਰ ਅਖ਼ਬਾਰਾਂ ਦੀ ਸੁਵਿਧਾ ਵੀ ਦਿੱਤੀ ਗਈ ਹੈ ਜਿਸ ਲਈ ਬਜ਼ੁਰਗ ਵੀ ਇੰਨ੍ਹਾਂ ਲਾਇਬ੍ਰੇਰੀਆਂ ਵਿਚ ਆਪਣੇ ਬੱਚਿਆਂ ਸਮੇਤ ਆਉਣ ਅਤੇ ਸਮੇਂ ਦਾ ਸਦਉਪਯੋਗ ਕਰਨ।
ਉਨ੍ਹਾਂ ਦੱਸਿਆ ਕਿ ਹਲਕਾ ਸਰਦੂਲਗੜ੍ਹ ਵਿਖੇ ਕੁੱਲ 16 ਲਾਇਬ੍ਰੇਰੀਆਂ ਬਣਾਉਣ ਦੀ ਯੋਜਨਾ ਹੈ ਅਤੇ ਬਾਕੀ ਜਿਵੇਂ ਜਿਵੇਂ ਲੋਕਾਂ ਅਤੇ ਵਿਦਿਆਰਥੀਆਂ ਦੀ ਮੰਗ ਹੋਵੇਗੀ ਉਸ ਅਨੁਸਾਰ ਪਿੰਡਾਂ ਅਤੇ ਸ਼ਹਿਰਾਂ ਵਿਚ ਹੋਰ ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਜਾਣਗੀਆਂ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿੰਡਾਂ ਵਿਚ ਇਸ ਤਰ੍ਹਾਂ ਦੀਆਂ ਨਿਵੇਕਲੀਆਂ ਪਹਿਲਕਦਮੀਆਂ ਕਰਨੀਆਂ ਲਾਜ਼ਮੀ ਹਨ ਜਿਸ ਨਾਲ ਸਾਡੇ ਬੱਚੇ ਕਿਸੇ ਮੁਕਮ ’ਤੇ ਪਹੁੰਚਣ ਦੇ ਸਮਰੱਥ ਹੋਣ। ਉਨ੍ਹਾਂ ਕਿਹਾ ਕਿ ਸਾਡੇ ਬੱਚਿਆਂ ਦੇ ਭਵਿੱਖ ਲਈ ਪਿੰਡਾਂ ਅਤੇ ਸ਼ਹਿਰਾਂ ਵਿਚ ਨਵੇਂ ਉਪਰਾਲੇ ਕਰਨੇ ਲਾਜ਼ਮੀ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਖੇਤਰ ਵਿਚ ਮਿਹਨਤ ਕਰਨ ਨਾਲ ਸਫਲਤਾ ਲਾਜ਼ਮੀ ਮਿਲਦੀ ਹੈ। ਲਾਇਬ੍ਰੇਰੀਆਂ ਜਿਹੇ ਨਿਵੇਕਲੇ ਊਦਮ ਸਦਕਾ ਵਿਦਿਆਰਥੀਆਂ ਵਿਚ ਨਵੀਂ ਊਰਜਾ ਤੇ ਨਵੀਂ ਸੋਚ ਪੈਦਾ ਹੋਵੇਗੀ ਅਤੇ ਉਹ ਵੱਡੇ ਕੰਪੀਟੀਸ਼ਨ ਲੜਨ ਦੇ ਸਮਰੱਥ ਹੋਣਗੇ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਿਤ ਬੈਂਬੀ ਵੀ ਮੌਜੂਦ ਸਨ।
ਇਸ ਮੌਕੇ ਆਧੁਨਿਕ ਲਾਇਬ੍ਰੇਰੀ ਦੀ ਸਥਾਪਨਾ ਲਈ ਕੰਮ ਕਰਨ ਵਾਲੇ ਜੇ.ਈ. ਅਖਿਲੇਸ਼, ਜੇ.ਈ. ਬਲਵਿੰਦਰ ਸਿੰਘ ਅਤੇ ਪੰਚਾਇਤ ਸੈਕਟਰੀ ਬੇਅੰਤ ਸਿੰਘ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਐਸ.ਡੀ.ਐਮ. ਸਰਦੂਲਗੜ੍ਹ ਸ੍ਰੀ ਨਿਤੇਸ਼ ਕੁਮਾਰ ਜੈਨ ਨੇ ਪਿੰਡ ਵਾਸੀਆਂ ਨੂੰ ਕਿਹਾ ਕਿ ਬੱਚਿਆਂ ਨੂੰ ਲਾਇਬ੍ਰੇਰੀਆਂ ਅੰਦਰ ਪੜ੍ਹਨ ਲਈ ਉਤਸ਼ਾਹਿਤ ਕਰੋ ਤਾਂ ਜੋ ਉਨ੍ਹਾਂ ਦਾ ਮਾਨਸਿਕ ਵਿਕਾਸ ਹੋ ਸਕੇ। ਉਨ੍ਹਾਂ ਕਿਹਾ ਕਿ ਸਬੰਧਤ ਪਿੰਡਾਂ ਦੀਆਂ ਪੰਚਾਇਤਾਂ ਕਮੇਟੀਆਂ ਦਾ ਗਠਨ ਕਰਕੇ ਆਪਣੀਆਂ ਲਾਇਬ੍ਰੇਰੀਆਂ ਦੀ ਸਾਂਭ ਸੰਭਾਲ ਕਰਨ ਤਾਂ ਜੋ ਇੰਨ੍ਹਾਂ ਦੀ ਸੁਚੱਜੀ ਦੇਖਭਾਲ ਹੋ ਸਕੇ। ਉਨ੍ਹਾਂ ਪਿੰਡ ਵਾਸੀਆਂ ਨੂੰ ਇੰਨ੍ਹਾਂ ਲਾਇਬ੍ਰੇਰੀਆਂ ਦੇ ਉਦਘਾਟਨ ’ਤੇ ਵਧਾਈ ਦਿੱਤੀ।
ਇਸ ਮੌਕੇ ਕਾਰਜਕਾਰੀ ਡੀ.ਡੀ.ਪੀ.ਓ ਕੁਸਮ ਅਗਰਵਾਲ, ਬੀ.ਡੀ.ਪੀ.ਓ. ਪਰਮਜੀਤ ਸਿੰਘ, ਏਸ਼ੀਅਨ ਖਿਡਾਰਨ ਮੰਜੂ ਰਾਣੀ ਤੋਂ ਇਲਾਵਾ ਪਿੰਡ ਵਾਸੀ ਅਤੇ ਹੋਰ ਪਤਵੰਤੇ ਮੌਜੂਦ ਸਨ।