ਮਾਨਸਾ, 19 ਜੂਨ (ਸਾਰਾ ਯਹਾਂ/ ਮੁੱਖ ਸੰਪਾਦਕ ) :ਜ਼ਿਲਾ ਭਾਸ਼ਾ ਦਫ਼ਤਰ ਮਾਨਸਾ ਵੱਲੋਂ ਭਾਰਤ ਵਿੱਚ ਲਾਇਬ੍ਰੇਰੀ ਲਹਿਰ ਦੇ ਜਨਮ ਦਾਤਾ ਕੇਰਲਾ ਦੇ ਪੀ.ਐਨ. ਪਾਨੀਕਰ ਦੀ ਯਾਦ ਨੂੰ ਸਮਰਪਿਤ ਕੌਮੀ ਪੜਨ ਦਿਵਸ ਸਥਾਨਕ ਬਚਤ ਭਵਨ ਵਿਖੇ ਸਾਹਿਤਕ ਸਮਾਗਮ ਦੇ ਰੂਪ ਵਿੱਚ ਮਨਾਇਆ ਗਿਆ, ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਓਪਕਾਰ ਸਿੰਘ ਨੇ ਮੁੱਖ-ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਉਨਾਂ ਕਿਹਾ ਕਿ ਪਾਠਕ੍ਰਮ ਦੀਆਂ ਕਿਤਾਬਾਂ ਸਮੇਤ ਹੋਰ ਕਿਤਾਬਾਂ ਪੜਨ ਨਾਲ ਹੀ ਸਰਬਪੱਖੀ ਵਿਕਾਸ ਹੋ ਸਕਦਾ ਹੈ। ਉਨਾਂ ਕਿਹਾ ਕਿ ਕਿਤਾਬਾਂ ਦੀ ਸਾਡੀ ਜ਼ਿੰਦਗੀ ਵਿੱਚ ਬਹੁਤ ਮਹੱਤਤਾ ਹੈ ਇਸ ਲਈ ਸੰਤਲਿਤ ਵਿਅਕਤੀਤਵ ਦੀ ਪ੍ਰਾਪਤੀ ਲਈ ਪੜਨਾ ਬਹੁਤ ਜ਼ਰੂਰੀ ਹੈ। ਇਸ ਦੌਰਾਨ ਉਨਾਂ ਵੱਲੋਂ ਵਿਦਿਆਰਥੀਆਂ ਨੂੰ ਕਿਤਾਬਾਂ ’ਚ ਰੂਚੀ ਵਧਾਉਣ ਅਤੇ ਰੋਜ਼ਾਨਾ ਕਿਤਾਬਾਂ ਪੜਨ ਲਈ ਪ੍ਰੇਰਿਆ। ਉਨਾਂ ਕਿਹਾ ਕਿ ਕਿਤਾਬਾਂ ਜਿੱਥੇ ਸਾਨੂੰ ਗਿਆਨ ਪ੍ਰਦਾਨ ਕਰਦੀਆਂ ਹਨ, ਉਥੇ ਸਾਡੀ ਸੋਚਣ ਸ਼ਕਤੀ ਵੀ ਕਾਫ਼ੀ ਦਿ੍ਰੜ ਹੁੰਦੀ ਹੈ। ਸਮਾਗਮ ਦੌਰਾਨ ਉਨਾਂ ਵੱਲੋਂ ਆਪਣੀ ਲਿਖੀ ਹੋਈ ਕਵਿਤਾ ਵੀ ਪੇਸ਼ ਕੀਤੀ ਗਈ।
ਜ਼ਿਲਾ ਭਾਸ਼ਾ ਅਫਸਰ ਸ਼੍ਰੀਮਤੀ ਤਜਿੰਦਰ ਕੌਰ ਨੇ ਆਪਣੇ ਸੰਬੋਧਨ ਦੌਰਾਨ ਸਭ ਨੂੰ ਵੱਧ ਤੋਂ ਵੱਧ ਕਿਤਾਬਾਂ ਪੜਨ ਲਈ ਅਪੀਲ ਕੀਤੀ। ਉਨਾਂ ਵਿਦਿਆਰਥੀਆਂ ਨੂੰ ਕਿਹਾ ਕਿ ਆਪਣੇ ਗਿਆਨ ਵਿੱਚ ਹੋਰ ਵਾਧਾ ਕਰਨ ਲਈ ਜ਼ਿਲਾ ਲਾਇਬ੍ਰੇਰੀ ਦਾ ਮੈਂਬਰ ਬਣ ਕੇ ਕਿਤਾਬਾਂ ਜਾਰੀ ਕਰਵਾਈਆਂ ਜਾ ਸਕਦੀਆਂ ਹਨ। ਉਨਾਂ ਦੱਸਿਆ ਕਿ ਵਿਭਾਗ ਵੱਲੋਂ ਇੱਕ ਜੁਲਾਈ ਤੋਂ ਉਰਦੂ ਭਾਸ਼ਾ ਦੀ ਸਿਖਲਾਈ ਲਈ ਕੋਰਸ ਵੀ ਸ਼ੁਰੂ ਕੀਤਾ ਜਾ ਰਿਹਾ ਹੈ।
ਜ਼ਿਲਾ ਖੋਜ ਅਫਸਰ ਸ਼ਾਇਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਾਡੇ ਕੋਲ ਪੜਨ, ਲਿਖਣ ਅਤੇ ਸੰਵਾਦ ਦੀ ਅਮੀਰ ਪ੍ਰੰਪਰਾ ਹੈ, ਜਿਸ ਨੂੰ ਅੱਜ ਦੇ ਤਕਨੀਕੀ ਯੁੱਗ ਵਿਚ ਹੋਰ ਵੀ ਸਾਰਥਕ ਤਰੀਕੇ ਨਾਲ ਅੱਗੇ ਵਧਾਇਆ ਜਾਣਾ ਚਾਹੀਦਾ ਹੈ। ਉਨਾਂ ਕਿਹਾ ਕਿ ਕਿਤਾਬ ਮਨੁੱਖ ਨੂੰ ਅਸਲ ਮਨੁੱਖ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਇਸ ਮੌਕੇ ਉਪ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਸ਼੍ਰੀ ਗੁਰਲਾਭ ਸਿੰਘ ਨੇ ਸਿੱਖਿਆ ਵਿਭਾਗ ਵੱਲੋਂ ਕੀਤੇ ਜਾ ਰਹੇ ਸਾਹਿਤਕ ਕਾਰਜਾਂ ਬਾਰੇ ਵੀ ਵਿਦਿਆਰਥੀਆਂ ਅਤੇ ਮੌਜੂਦ ਵਿਅਕਤੀਆਂ ਨੂੰ ਜਾਣੂ ਕਰਵਾਇਆ।
ਸਮਾਗਮ ਦੌਰਾਨ ਸਕੂਲੀ ਵਿਦਿਆਰਥੀਆਂ ਦੇ ਪੈਰਾ ਪੜਨ ਅਤੇ ਕਵਿਤਾ ਉਚਾਰਨ ਦੇ ਕਰਵਾਏ ਮੁਕਾਬਲਿਆਂ ਦੇ ਜੇਤੂ 15 ਵਿਦਿਆਰਥੀਆਂ ਦਾ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਓਪਕਾਰ ਸਿੰਘ ਵੱਲੋਂ ਸਨਮਾਨ ਵੀ ਕੀਤਾ ਗਿਆ। ਇਸ ਸਬੰਧੀ ਜ਼ਿਲੇ ਦੇ ਵੱਖ-ਵੱਖ ਸਕੂਲਾਂ ਦੇ ਕਰੀਬ 300 ਬੱਚਿਆਂ ਵੱਲੋਂ ਆਪਣੀ ਪੇਸ਼ਕਾਰੀ ਦੀਆਂ ਵੀਡੀਓਜ਼ ਬਣਾ ਕੇ ਭੇਜੀਆਂ ਗਈਆਂ ਅਤੇ ਪੜੋ ਪੰਜਾਬ ਦੀ ਅੰਗਰੇਜ਼ੀ, ਪੰਜਾਬੀ ਅਤੇ ਹਿੰਦੀ ਟੀਮ ਵੱਲੋਂ ਨਿਰਪੱਖ ਜੱਜਮੈਂਟ ਰਾਹੀਂ ਜੇਤੂ ਬੱਚਿਆਂ ਦੀ ਚੋਣ ਕੀਤੀ ਗਈ। ਜੇਤੂ ਬੱਚਿਆਂ ਵੱਲੋਂ ਕਵਿਤਾ ਅਤੇ ਪੈਰਾ ਉਚਾਰਨ ਦੀ ਸਟੇਜ ਪੇਸ਼ਕਾਰੀ ਵੀ ਦਰਸ਼ਕਾਂ ਨਾਲ ਸਾਂਝੀ ਕੀਤੀ ਗਈ। ਇਸ ਮੌਕੇ ਪੜੋ ਪੰਜਾਬ ਟੀਮਾਂ ਦਾ ਮੁੱਲਵਾਨ ਸਹਿਯੋਗ ਦੇਣ ਲਈ ਸਨਮਾਨ ਵੀ ਕੀਤਾ ਗਿਆ। ਭਾਸ਼ਾ ਵਿਭਾਗ ਵੱਲੋਂ ਦੁਰਲੱਭ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।
ਸਮਾਗਮ ਦੌਰਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਰਘਬੀਰ ਸਿੰਘ ਮਾਨ, ਰਾਧਾ ਰਾਣੀ, ਅਮਨਦੀਪ ਕੌਰ ਚਕੇਰੀਆਂ, ਉਮੇਸ਼ ਕੁਮਾਰ ਮਾਖਾ, ਸੁਰਿੰਦਰ ਕੌਰ ਫੱਤਾ ਮਾਲੋਕਾ, ਇੰਦਰਜੀਤ ਸਿੰਘ, ਵਿਨੋਦ ਮਿੱਤਲ ਤੋਂ ਇਲਾਵਾ ਇਲਾਕੇ ਦੇ ਸਾਹਿਤ ਪ੍ਰੇਮੀਆਂ ਮੌਜੂਦ ਸਨ। ਮੰਚ ਦਾ ਸੰਚਾਲਨ ਬਲਜਿੰਦਰ ਜੌੜਕੀਆਂ ਵੱਲੋਂ ਕੀਤਾ ਗਿਆ।