ਬੁਢਲਾਡਾ, 25 ਜਨਵਰੀ (ਸਾਰਾ ਯਹਾਂ/ਮਹਿਤਾ ਅਮਨ): ਅੱਜ ਜੀ.ਆਈ.ਐਮ.ਟੀ.ਕਾਲਜ ਵਿਖੇ ਰਾਸ਼ਟਰੀ ਵੋਟਰ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਟਾਫ਼ ਅਤੇ ਵਿਦਿਆਰਥੀਆਂ ਨੇ ਮਿਲ ਕੇ ਵੱਖ-ਵੱਖ ਗਤੀਵਿਧੀਆਂ ਵਿੱਚ ਹਿੱਸਾ ਲਿਆ ਅਤੇ ਵੋਟ ਦੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਨੂੰ ਸਮਝਣ ਦਾ ਪ੍ਰਣ ਲਿਆ।
ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਪ੍ਰਿੰਸੀਪਲ ਰੇਖਾ ਮੈਮ ਨੇ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਇੱਕ ਜ਼ਿੰਮੇਵਾਰ ਨਾਗਰਿਕ ਵਜੋਂ ਵੋਟ ਦੇ ਅਧਿਕਾਰ ਦੀ ਮਹੱਤਤਾ ਅਤੇ ਇਸ ਦੀ ਉਪਯੋਗਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹਰ ਵੋਟ ਲੋਕਤੰਤਰ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ।
ਇਸ ਉਪਰੰਤ ਕਾਲਜ ਚੇਅਰਮੈਨ ਡਾ: ਨਵੀਨ ਸਿੰਗਲਾ ਨੇ ਸਮੂਹ ਅਧਿਆਪਕਾਂ ਨੂੰ ਵੋਟ ਸਬੰਧੀ ਜਾਗਰੂਕਤਾ ਅਤੇ ਨਿਰਪੱਖਤਾ ਦੀ ਸਹੁੰ ਚੁਕਾਈ | ਉਨ੍ਹਾਂ ਨੇ ਸਾਰਿਆਂ ਨੂੰ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵੋਟ ਬਣਾਉਣ ਲਈ ਜਾਗਰੂਕ ਕਰਨ ਅਤੇ ਆਪਣੀ ਡਿਊਟੀ ਨਿਰਪੱਖਤਾ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ।
ਪ੍ਰੋਗਰਾਮ ਦੇ ਅਗਲੇ ਪੜਾਅ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਮਿਲ ਕੇ ਕਾਲਜ ਕੈਂਪਸ ਵਿੱਚ ਇੱਕ ਜਾਗਰੂਕਤਾ ਰੈਲੀ ਕੱਢੀ। ਰੈਲੀ ਦੌਰਾਨ ‘ਵੋਟ, ਲੋਕਤੰਤਰ ਨੂੰ ਮਜ਼ਬੂਤ ਕਰੋ’ ਅਤੇ ‘ਸਾਡੀ ਵੋਟ, ਸਾਡੀ ਤਾਕਤ’ ਵਰਗੇ ਜੋਸ਼ੀਲੇ ਨਾਅਰੇ ਲਾਏ ਗਏ। ਇਸ ਰੈਲੀ ਨੇ ਪੂਰੇ ਕੈਂਪਸ ਵਿੱਚ ਵੋਟਿੰਗ ਪ੍ਰਤੀ ਸਕਾਰਾਤਮਕ ਸੰਦੇਸ਼ ਫੈਲਾਇਆ।
ਪ੍ਰੋਗਰਾਮ ਦੇ ਅੰਤ ਵਿੱਚ ਪਰਗਟ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਇਸ ਵਿਸ਼ੇਸ਼ ਦਿਨ ਦੇ ਸਫਲ ਆਯੋਜਨ ਲਈ ਸਾਰਿਆਂ ਨੂੰ ਵਧਾਈ ਦਿੱਤੀ।