
(ਸਾਰਾ ਯਹਾਂ/ਬਿਊਰੋ ਨਿਊਜ਼ ): ਕਾਂਗਰਸ ਨੇ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਨੂੰ ਪਾਰਟੀ ਵਿੱਚੋਂ ਮੁਅੱਤਲ ਕਰ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ‘ਤੇ ਭਾਜਪਾ ਦੀ ਮਦਦ ਕਰਨ ਦੇ ਦੋਸ਼ ਲਾਏ ਗਏ ਹਨ। ਕਾਂਗਰਸ ਅਨੁਸ਼ਾਸਨੀ ਕਮੇਟੀ ਨੇ ਪਰਨੀਤ ਕੌਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਤਿੰਨ ਦਿਨਾਂ ਦੇ ਅੰਦਰ ਜਵਾਬ ਦੇਣ ਲਈ ਕਿਹਾ ਹੈ ਕਿ ਉਨ੍ਹਾਂ ਨੂੰ ਪਾਰਟੀ ਵਿੱਚੋਂ ਕਿਉਂ ਨਾ ਕੱਢਿਆ ਜਾਵੇ।

ਜ਼ਿਕਰ ਕਰ ਦਈਏ ਕਿ ਪੰਜਾਬ ਕਾਂਗਰਸ ਅੰਦਰ ਪ੍ਰਨੀਤ ਕੌਰ ਨੂੰ ਪਾਰਟੀ ਵਿੱਚੋਂ ਕੱਢਣ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਸੀ। ਪਿਛਲੇ ਦਿਨੀਂ ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪਠਾਨਕੋਟ ਰੈਲੀ ‘ਚ ਕਿਹਾ ਸੀ ਕਿ ਪ੍ਰਨੀਤ ਕੌਰ ਨੂੰ ਪਾਰਟੀ ‘ਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਬੇਨਤੀ ਕੀਤੀ ਸੀ ਕਿ ਪ੍ਰਨੀਤ ਕੌਰ ਨੂੰ ਪਾਰਟੀ ‘ਚੋਂ ਬਾਹਰ ਕੱਢਣ ਦਾ ਤੁਰੰਤ ਐਲਾਨ ਕਰਨ। ਉਨ੍ਹਾਂ ਨੇ ਕੈਪਟਨ ਨੂੰ ਵੀ ਗੱਦਾਰ ਕਰਾਰ ਦਿੱਤਾ ਸੀ।
ਹਾਲਾਂਕਿ ਇਸ ਦੌਰਾਨ ਇਹ ਚਰਚਾ ਵੀ ਜ਼ੋਰਾਂ ਉੱਤੇ ਸੀ ਕਿ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਭਾਜਪਾ ਵਿੱਚ ਜਾ ਸਕਦੇ ਹਨ। ਇਹ ਕਿਆਸ ਲਾਏ ਜਾ ਰਹੇ ਸੀ ਕਿ ਪ੍ਰਨੀਤ ਕੌਰ ਪਟਿਆਲਾ ਵਿੱਚ ਹੋਣ ਵਾਲੀ ਭਾਜਪਾ ਦੀ ਰੈਲੀ ਦੌਰਾਨ ਪਾਰਟੀ ਦਾ ਪੱਲਾ ਫੜ੍ਹਣਗੇ ਪਰ ਰੈਲੀ ਰੱਦ ਕਰ ਦਿੱਤੀ ਗਈ ਸੀ ਤੇ ਇਹ ਵੀ ਕਿਹਾ ਜਾ ਰਿਹਾ ਸੀ ਉਹ ਕਿਸੇ ਵੇਲੇ ਵੀ ਦਿੱਲੀ ਵਿੱਚ ਜਾ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ। ਦੱਸ ਦਈਏ ਕਿ ਪ੍ਰਨੀਤ ਕੌਰ ਦੇ ਪਤੀ ਕੈਪਟਨ ਅਮਰਿੰਦਰ ਸਿੰਘ, ਉਨ੍ਹਾਂ ਦੇ ਪੁੱਤ ਤੇ ਧੀ ਵੀ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ। ਇਸ ਲਈ ਕਿਹਾ ਜਾ ਰਿਹਾ ਹੈ ਕਿ ਉਹ ਕਿਸੇ ਵੇਲੇ ਵੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ।
