
ਬੋਹਾ 23,ਜੂਨ (ਸਾਰਾ ਯਹਾਂ/ਦਰਸ਼ਨ ਹਾਕਮਵਾਲਾ)-ਸੂਬੇ ਵਿੱਚ ਰਾਜ ਕਰ ਰਹੀ ਕੈਪਟਨ ਸਰਕਾਰ ਹਰ ਫਰੰਟ ਤੇ ਫੇਲ੍ਹ ਹੋ ਚੁੱਕੀ ਹੈ ਅਤੇ ਇਸ ਨੇ ਕਿਸੇ ਵੀ ਵਰਗ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਇਸ ਕਾਰਨ ਸੂਬੇ ਦੇ ਲੋਕ ਸਰਕਾਰ ਖ਼ਿਲਾਫ਼ ਸੜਕਾਂ ਤੇ ਧਰਨੇ ਦੇਣ ਲਈ ਮਜਬੂਰ ਹਨ।ਉਕਤ ਵਿਚਾਰਾਂ ਦਾ ਪ੍ਰਗਟਾਵਾ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਧੰਨਾ ਮੱਲ ਗੋਇਲ ਨੇ ਇੱਥੇ ਬਲਾਕ ਪੱਧਰੀ ਮੀਟਿੰਗ ਦੌਰਾਨ ਕੀਤਾ।ਸ੍ਰੀ ਗੋਇਲ ਨੇ ਆਖਿਆ ਕਿ ਘਰ ਘਰ ਨੌਕਰੀ ਦੇ ਦੇਣ ਦਾ ਵਾਅਦਾ ਕਰਕੇ ਸੱਤਾ ਵਿਚ ਆਉਣ ਵਾਲੀ ਕਾਂਗਰਸ ਸਰਕਾਰ ਅੱਜ ਆਪਣੇ ਚਹੇਤਿਆਂ ਨੂੰ ਨੌਕਰੀ ਦੇ ਰਹੀ ਹੈ ਜਦੋਂ ਕਿ ਨੌਕਰੀਆਂ ਦੇ ਅਸਲੀ ਹੱਕਦਾਰ ਨੌਜਵਾਨ ਪਟਿਆਲਾ ਅਤੇ ਮੁਹਾਲੀ ਵਿੱਚ ਸਰਕਾਰ ਖ਼ਿਲਾਫ਼ ਲੰਬੇ ਸਮੇਂ ਤੋਂ ਧਰਨੇ ਉਪਰ ਬੈਠੇ ਹਨ ਸੂਬਾ ਸਰਕਾਰ ਉਨ੍ਹਾਂ ਦੀ ਗੱਲ ਸੁਣਨ ਦੀ ਬਜਾਏ ਉਨ੍ਹਾਂ ਉੱਤੇ ਤਸ਼ੱਦਦ ਢਾਹ ਰਹੀ ਹੈ ਜੋ ਕਿ ਸ਼ਰਮਸਾਰ ਕਰ ਦੇਣ ਵਾਲੀ ਗੱਲ ਹੈ।ਸੂਬਾ ਪ੍ਰਧਾਨ ਨੇ ਆਖਿਆ ਕਿ ਕਾਂਗਰਸ ਪਾਰਟੀ ਨੇ 2017 ਵਿੱਚ ਆਪਣੇ ਚੋਣ ਮੈਨੀਫੈਸਟੋ ਦੌਰਾਨ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਨਾਲ ਵਾਅਦਾ ਕੀਤਾ ਸੀ ਕਿ ਪਿੰਡਾਂ ਵਿੱਚ ਪ੍ਰੈਕਟਿਸ ਕਰ ਰਹੇ ਡਾਕਟਰਾਂ ਨੂੰ ਟ੍ਰੇਨਿੰਗ ਦੇ ਕੇ ਪਹਿਲ ਦੇ ਆਧਾਰ ਤੇ ਰਜਿਸਟਰਡ ਕੀਤਾ ਜਾਵੇਗਾ ਜਦੋਂ ਕਿ ਅੱਜ ਕਾਂਗਰਸ ਸਰਕਾਰ ਦਾ ਕਾਰਜਕਾਲ ਖ਼ਤਮ ਹੋਣ ਕਿਨਾਰੇ ਹੈ ਪਰ ਸਰਕਾਰ ਦੇ ਇਸ ਵਾਅਦੇ ਨੂੰ ਹਾਲੇ ਤੱਕ ਬੂਰ ਨਹੀਂ ਪਿਆ।ਗੋਇਲ ਨੇ ਆਖਿਆ ਕਿ ਸਰਕਾਰ ਦੀ ਇਸ ਵਾਅਦਾ ਖਿਲਾਫੀ ਤੋਂ ਨਾਰਾਸ਼ ਜਥੇਬੰਦੀ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਪਿੰਡ ਪਿੰਡ ਜਾ ਕੇ ਚੇਤਨਾ ਮਾਰਚ ਕੱਢੇ ਜਾਣਗੇ ਜਿੱਥੇ ਪਿੰਡਾਂ ਦੀਆਂ ਸੱਥਾਂ ਵਿੱਚ ਜਿੱਥੇ ਸਰਕਾਰ ਦੀ ਵਾਅਦਾ ਖਿਲਾਫੀ ਦੀ ਪੰਡ ਨੂੰ ਫਰੋਲਿਆ ਜਾਵੇਗਾ ਉੱਥੇ ਨਾਲ ਨਾਲ ਲੋਕਾਂ ਨੂੰ ਕੋਰੋਨਾ ਵਰਗੀ ਭਿਆਨਕ ਬੀਮਾਰੀ ਤੋਂ ਬਚਣ ਲਈ ਜਾਗਰੂਕ ਵੀ ਕੀਤਾ ਜਾਵੇਗਾ। ਇਸ ਮੌਕੇ ਪਿਛਲੇ ਦਿਨੀਂ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਜਥੇਬੰਦੀ ਦੇ ਬਲਾਕ ਚੇਅਰਮੈਨ ਕਰਮ ਚੰਦ ਰਿਓਂਦ ਦੌੜਾਕ ਮਿਲਖਾ ਸਿੰਘ ਅਤੇ ਜਥੇਬੰਦੀ ਨਾਲ ਸਬੰਧਤ ਹੋਰ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਰੱਖਿਆ ਗਿਆ ਇਸ ਮੌਕੇ ਸੂਬਾ ਸਕੱਤਰ ਹਰਚੰਦ ਸਿੰਘ ਮੱਤੀ ਬਲਾਕ ਭੀਖੀ ਦੇ ਪ੍ਰਧਾਨ ਸੱਤਪਾਲ ਰਿਸ਼ੀ ਜ਼ਿਲ੍ਹਾ ਕੈਸ਼ੀਅਰ ਅਸ਼ੋਕ ਗਾਮੀਵਾਲਾ ਬਲਾਕ ਬੋਹਾ ਦੇ ਪ੍ਰਧਾਨ ਸੁਖਪਾਲ ਸਿੰਘ ਹਾਕਮਵਾਲਾ ਸਕੱਤਰ ਸਤਨਾਮ ਗੁਰੂ ਖਜ਼ਾਨਚੀ ਕੁਲਵੰਤ ਅੱਕਾਂਵਾਲੀ ਸੁੱਖਾ ਮਘਾਣੀਆ ਮੱਖਣ ਸਿੰਘ ਮਲਕੋ ਨੇ ਵੀ ਸੰਬੋਧਨ ਕੀਤਾ ।
