ਬੁਢਲਾਡਾ 22,ਜੁਲਾਈ (ਸਾਰਾ ਯਹਾਂ/ਅਮਨ ਮਹਿਤਾ)ਅੱਜ ਸਥਾਨਕ ਨਗਰ ਕੌਂਸਲ ਦਫ਼ਤਰ ਵਿਖੇ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਹਲਕਾ ਸੇਵਾਦਾਰ ਮੈਡਮ ਰਣਜੀਤ ਕੌਰ ਭੱਟੀ ਦੀ ਅਗਵਾਈ ਵਿੱਚ ਸ਼ਹਿਰ ਦੇ ਕੌਂਸਲਰਾਂ ਦੀ ਤੇ ਸਬੰਧਤ ਠੇਕੇਦਾਰਾਂ ਦੀ ਇੱਕ ਅਹਿਮ ਮੀਟਿੰਗ ਹੋਈ, ਜਿਸ ਵਿੱਚ ਸ਼ਹਿਰ ਦੀਆਂ ਗਲੀਆਂ-ਨਾਲੀਆਂ, ਸੀਵਰੇਜ ਸਿਸਟਮ, ਪੀਣ ਵਾਲੇ ਪਾਣੀ ਆਦਿ ਦੀ ਮਾੜੀ ਹਾਲਤ ਤੋਂ ਦੁੱਖੀ ਕੌਂਸਲਰਾਂ ਨੇ ਠੇਕੇਦਾਰਾਂ ਤੇ ਭੜਕਦਿਆਂ ਸ਼ਹਿਰ ਅੰਦਰ ਚੱਲ ਰਹੇ ਵਿਕਾਸ ਕਾਰਜਾਂ ‘ਚ ਪਾਇਆਂ ਜਾ ਰਹੀਆਂ ਤਰੁੱਟੀਆਂ ਅਤੇ ਵਾਰਡਾਂ ਵਿੱਚ ਕੰਮ ਨਾ ਹੋਣ ਕਰਕੇ ਠੇਕੇਦਾਰਾਂ ਅਤੇ ਨਗਰ ਕੌਂਸਲ ਦੇ ਪ੍ਰਧਾਨ ਖਿਲਾਫ਼ ਆਪਣੀ ਭੜਾਸ ਕੱਢੀ। ਕੋਂਸਲਰਾਂ ਨੇ ਕਿਹਾ ਕਿ ਦੂਸਰੇ ਵਾਰਡਾਂ ਵਿੱਚ ਤਾਂ ਨਗਰ ਕੌਂਸਲ ਪ੍ਰਧਾਨ ਵੱਲੋਂ ਅਧੂਰੇ ਪਏ ਕੰਮਾਂ ਨੂੰ ਪੂਰਾ ਕਰਵਾਇਆ ਜਾ ਰਿਹਾ ਹੈ, ਜਦਕਿ ਕਾਂਗਰਸ ਦੀ ਸਰਕਾਰ ਦੇ ਹੁੰਦਿਆਂ ਉਨ੍ਹਾਂ ਦੇ ਵਾਰਡਾਂ ਵਿੱਚ ਕੰਮ ਸ਼ੁਰੂ ਨਹੀਂ ਕਰਵਾਏ ਜਾ ਰਹੇ ਅਤੇ ਉਨ੍ਹਾਂ ਦੇ ਵਾਰਡਾਂ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ। ਜਿਸ ਦਾ ਖਮਿਆਜਾ ਆਉਂਣ ਵਾਲੀਆਂ ਵਿਧਾਨ ਸਭਾ ਚੋਣਾਂ -2022 ਵਿੱਚ ਕਾਂਗਰਸ ਪਾਰਟੀ ਨੂੰ ਭੁਗਤਨਾ ਪੈ ਸਕਦਾ ਹੈ।ਇਸ ਮੀਟਿੰਗ ਜਿੱਥੇ ਵੱਖ-ਵੱਖ ਠੇਕੇਦਾਰਾਂ, ਕਾਰਜ ਸਾਧਕ ਅਫ਼ਸਰ ਵਿਜੈ ਜਿੰਦਲ, ਜੇ.ਈ. ਸਮੇਤ ਕੌਂਸਲਰ ਹਾਜ਼ਰ ਰਹੇ, ਉੱਥੇ ਹੀ ਮੀਟਿੰਗ ਦੇ ਸ਼ੁਰੂ ਹੁੰਦਿਆਂ ਹੀ ਨਗਰ ਕੌਂਸਲ ਦੇ ਕੁਝ ਕੁ ਕੌਂਸਲਰ ਆਪਣੀ ਕੁਰਸੀ ਛੱਡਦੇ ਹੋਏ ਮੀਟਿੰਗ ਵਿੱਚੋਂ ਨੌ ਦੋ ਬਾਰਾਂ ਹੁੰਦੇ ਨਜ਼ਰ ਆਏ। ਇਸ ਮੌਕੇ ਮੈਡਮ ਭੱਟੀ ਨੇ ਕੌਂਸਲਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਹਰੇਕ ਵਾਰਡ ਵਿੱਚ ਅਧੂਰੇ ਪਏ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਅਤੇ ਕਿਸੇ ਵੀ ਵਾਰਡ ‘ਚ ਕੋਈ ਵਿਤਕਰੇਬਾਜ਼ੀ ਨਹੀਂ ਕੀਤੀ ਜਾਵੇਗੀ। ਮੈਡਮ ਭੱਟੀ ਵੱਲੋਂ ਸ਼ਹਿਰ ਦੇ ਵਿਕਾਸ ਦੇ ਕੰਮਾਂ ਬਾਰੇ ਚਰਚਾ ਕਰਦਿਆਂ ਜਦੋਂ ਠੇਕੇਦਾਰਾਂ ਨੂੰ ਕੰਮ ਵਿੱਚ ਕੀਤੀ ਜਾ ਰਹੀ ਦੇਰੀ ਦੇ ਸਬੰਧ ‘ਚ ਪੁੱਛਿਆ ਗਿਆ ਤਾਂ ਠੇਕੇਦਾਰਾਂ ਨੇ ਨਗਰ ਕੌਂਸਲ ‘ਤੇ ਦੋਸ ਲਗਾਉਂਦਿਆਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਮੁਕੰਮਲ ਹੋ ਚੁੱਕੇ ਕੰਮਾਂ ਦੀ ਬਕਾਇਆ ਰਾਸੀ ਵੀ ਨਗਰ ਕੌਂਸਲ ਵੱਲ ਰੁਕੀ ਹੋਈ ਹੈ। ਇਸ ਮੌਕੇ ਠੇਕੇਦਾਰ ਹੁਨੀਤ ਸਿੰਗਲਾ, ਰਾਕੇਸ ਕੁਮਾਰ, ਰਵਿੰਦਰ ਕੁਮਾਰ, ਕੁਲਦੀਪ ਸਿੰਘ ਤੋਂ ਇਲਾਵਾ ਟਿੰਕੂ ਪੰਜਾਬ, ਬਲਵਿੰਦਰ ਸਿੰਘ ਬਿੰਦਰੀ (ਸਾਬਕਾ ਪੰਚ), ਗੁਰਪ੍ਰੀਤ ਸਿੰਘ ਵਿਰਕ, ਅਨੂਪ ਸਿੰਘ ਚਾਵਰਿਆ, ਕਮਲਜੀਤ ਸ਼ਰਮਾਂ ਸਮੇਤ ਕੌਂਸਲਰ ਤਾਰੀ ਚੰਦ ਫੌਜੀ, ਸੁਖਵਿੰਦਰ ਸਿੰਘ ਵਰਮਾ, ਨਰੇਸ ਕੁਮਾਰ ਆਦਿ ਹਾਜ਼ਰ ਸਨ।