
ਚੰਡੀਗੜ੍ਹ (ਸਾਰਾ ਯਹਾ) : ਜਿਵੇਂ ਹੀ ਕਾਂਗਰਸ) ਦੇ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂਦੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦੀ ਚਰਚਾ ਤੇਜ਼ ਹੋਈ, ਪੰਜਾਬ ਦੀ ਰਾਜਨੀਤੀ ਵਿਚ ਹਲਚਲ ਮਚ ਗਈ। ਅਸਲ ‘ਚ ਕੁਝ ਦਿਨਾਂ ਤੋਂ ਖ਼ਬਰਾਂ ਸੀ ਕਿ ਸਿੱਧੂ ਇੱਕ ਵਾਰ ਫੇਰ ਪਾਰਟੀ ਬਦਲ ਸਕਦੇ ਹਨ। ਜਦਕਿ ਕਾਂਗਰਸ ਇਸ ਵਿਚਾਰ ਵਟਾਂਦਰੇ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਉਧਰ ਹੁਣ ਖ਼ਬਰ ਹੈ ਕਿ ਕਾਂਗਰਸ ਦੇ ਕੁਝ ਹੋਰ ਨੇਤਾਵਾਂ ਦੇ ਨਾਂ ਵੀ ਇਸ ਚਰਚਾ ‘ਚ ਸ਼ਾਮਲ ਹੋਣ ਦਾ ਖਦਸ਼ਾ ਹੈ।
ਰਾਜਨੀਤਿਕ ਗਲਿਆਰਿਆਂ ‘ਚ ਸ਼ੁੱਕਰਵਾਰ ਪੂਰਾ ਦਿਨ ਚਰਚਾ ਚਲਦੀ ਰਹੀ ਕਿ ਨਵਜੋਤ ਸਿੱਧੂ ਦੇ ਨਾਲ ਉਨ੍ਹਾਂ ਦੇ ਨੇੜਲੇ ਵਿਧਾਇਕ ਪਰਗਟ ਸਿੰਘ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਾਬਕਾ ਸੂਬਾ ਪ੍ਰਧਾਨ ਪ੍ਰਤਾਪ ਬਾਜਵਾ ਵੀ ‘ਆਪ’ ਵਿਚ ਸ਼ਾਮਲ ਹੋ ਸਕਦੇ ਹਨ। ਹਾਲਾਂਕਿ ਕਿਸੇ ਵੀ ਨੇਤਾ ਨੇ ਇਸ ਸਬੰਧੀ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।
ਉਧਰ ਦੂਜੇ ਪਾਸੇ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਹ ਬਿਆਨ ਦੇ ਕੇ ਰਾਜਨੀਤਿਕ ਵਿੱਚ ਹਲਚਲ ਮਚਾ ਦਿੱਤੀ ਕਿ ਸਿੱਧੂ ਦਾ ਪਾਰਟੀ ਵਿੱਚ ਸਵਾਗਤ ਹੈ। ਇਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲਦਬਾਜ਼ੀ ‘ਚ ਇੱਕ ਵੀਡੀਓ ਪ੍ਰੈਸ ਕਾਨਫਰੰਸ ਬੁਲਾ ਕੇ ਸਿੱਧੂ ਅਤੇ ਪ੍ਰਸ਼ਾਂਤ ਕਿਸ਼ੋਰ ਨਾਲ ਜੁੜੇ ਪ੍ਰਸ਼ਨਾਂ ਦਾ ਖੁੱਲ੍ਹ ਕੇ ਜਵਾਬ ਦਿੱਤੇ।
ਉਹ ਨਵਜੋਤ ਸਿੱਧੂ ਪ੍ਰਤੀ ਕਾਫ਼ੀ ਨਰਮ ਦਿਖਾਈ ਦਿੱਤੇ। ਕਾਂਗਰਸ ਦੇ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਸਿੱਧੂ ਦੀ ‘ਆਪ’ ਵਿੱਚ ਜਾਣ ਦੀ ਗੱਲ ਤੋਂ ਇਨਕਾਰ ਕੀਤਾ, ਜਦੋਂਕਿ ਭਾਜਪਾ ਦੇ ਤਰੁਣ ਚੁੱਘ ਨੇ ਕਿਹਾ ਕਿ ਸਿੱਧੂ ਦੇ ‘ਆਪ’ ਵਿੱਚ ਸ਼ਾਮਲ ਹੋਣ ਨਾਲ ਕੋਈ ਫ਼ਰਕ ਨਹੀਂ ਪਏਗਾ।
ਕਾਂਗਰਸ ਨੇਤਾਵਾਂ ਦੀ ਨਾਰਾਜ਼ਗੀ ਦੇ ਕਾਰਨ:
ਦਰਅਸਲ, ਨਵਜੋਤ ਸਿੱਧੂ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧੀਆਂ ਵਿੱਚ ਗਿਣਿਆ ਜਾਂਦਾ ਹੈ। ਪਿਛਲੇ ਤਿੰਨ ਸਾਲਾਂ ਤੋਂ ਉਹ ਲਗਾਤਾਰ ਚਿੱਠੀਆਂ ਲਿਖ ਕੇ ਕੈਪਟਨ ਸਰਕਾਰ ਦੇ ਕੰਮ ਦੀ ਅਲੋਚਨਾ ਕਰਦੇ ਹਨ। ਅਜੋਕੇ ਸਮੇਂ ਵਿੱਚ ਬਾਜਵਾ ਨੇ ਕੇਜਰੀਵਾਲ ਸਰਕਾਰ ਦੇ ਕੰਮ ਦੀ ਸ਼ਲਾਘਾ ਕੀਤੀ ਅਤੇ ਪੰਜਾਬ ਵਿੱਚ ਵੀ ਅਜਿਹੀਆਂ ਨੀਤੀਆਂ ਲਾਗੂ ਕਰਨ ਦੀ ਵਕਾਲਤ ਕੀਤੀ ਸੀ।
ਇਸ ਦੇ ਨਾਲ ਹੀ ਮਨਪ੍ਰੀਤ ਬਾਦਲ ਵੀ ਲੰਬੇ ਸਮੇਂ ਤੋਂ ਨਾਰਾਜ਼ ਹਨ ਕਿ ਵਿੱਤ ਮੰਤਰੀ ਹੋਣ ਦੇ ਬਾਵਜੂਦ ਉਨ੍ਹਾਂ ਦੇ ਵਿੱਤ ਨਾਲ ਜੁੜੇ ਸੁਝਾਵਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।
ਸਰਕਾਰ ਦੇ ਅਧੀਨ ਸੂਬੇ ‘ਚ ਸ਼ਰਾਬ ਦੀ ਵਿਕਰੀ ਲਿਆਉਣ ਦੇ ਉਨ੍ਹਾਂ ਦੇ ਸੁਝਾਅ ਨੂੰ ਵੀ ਰੋਕ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਸਾਬਕਾ ਹਾਕੀ ਖਿਡਾਰੀ ਪਰਗਟ ਸਿੰਘ ਉਨ੍ਹਾਂ ਮੁੱਦਿਆਂ ਨੂੰ ਲੈ ਕੇ ਕੈਪਟਨ ਸਰਕਾਰ ਦਾ ਘਿਰਾਓ ਕਰਦੇ ਰਹਿੰਦੇ ਹਨ, ਜਿਨ੍ਹਾਂ ਨੂੰ ਨਵਜੋਤ ਸਿੱਧੂ ਅਸਿੱਧੇ ਤੌਰ ‘ਤੇ ਉਠਾਉਂਦੇ ਹਨ।
