ਚੰਡੀਗੜ, 26 ਅਗਸਤ (ਸਾਰਾ ਯਹਾਂ/ ਮੁੱਖ ਸੰਪਾਦਕ ): ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਮੌਜੂਦਾ ਪ੍ਰਬੰਧ ਅਧੀਨ ਕਾਂਗਰਸ ਪਾਰਟੀ ਦੀ ਇਨ੍ਹੀਂ ਮਾੜੀ ਹਾਲਤ ਹੋ ਚੁੱਕੀ ਹੈ ਕਿ ਕੋਈ ਵਾਪਸੀ ਹੁਣ ਮੁਮਕਿਨ ਨਹੀਂ ਲਗਦੀ।
ਸਾਬਕਾ ਮੁੱਖ ਮੰਤਰੀ ਨੇ ਇੱਥੇ ਜਾਰੀ ਇੱਕ ਬਿਆਨ ਵਿੱਚ ਅੱਜ ਟਿੱਪਣੀ ਕੀਤੀ, “ਜਦੋਂ ਤੁਸੀਂ ਗੁਲਾਮ ਨਬੀ ਆਜ਼ਾਦ ਵਰਗੇ ਨੇਤਾਵਾਂ ਨੂੰ ਪਾਰਟੀ ਵਿੱਚ ਨਹੀਂ ਰੱਖ ਸਕਦੇ ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਪਾਰਟੀ ਨਾਲ ਬਿਤਾਈ ਹੈ, ਤਾਂ ਤੁਹਾਡੇ ਕੰਮਕਾਜ ਅਤੇ ਤੁਹਾਡੇ ਸੀਨੀਅਰ ਅਤੇ ਤਜਰਬੇਕਾਰ ਨੇਤਾਵਾਂ ਨਾਲ ਪੇਸ਼ ਆਉਣ ਦੇ ਤਰੀਕੇ ਵਿੱਚ ਕੁਝ ਬੇਹੱਦ ਜਿਆਦਾ ਗਲਤ ਹੈ।”
ਕੁਝ ਨੇਤਾਵਾਂ ਦੇ ਦਾਅਵਿਆਂ ‘ਤੇ ਸਵਾਲ ਉਠਾਉਂਦੇ ਹੋਏ ਕੈਪਟਨ ਅਮਰਿੰਦਰ ਨੇ ਕਿਹਾ, “ਪਾਰਟੀ ਨੇ ਆਜ਼ਾਦ ਨੂੰ ਇੰਨਾ ਕੁਝ ਦਿੱਤਾ ਹੈ, ਇਹ ਇਕ ਪਰਸਪਰ ਪ੍ਰਕਿਰਿਆ ਹੈ। “ਪਾਰਟੀ ਕਈ ਲੀਡਰਾਂ ਦੇ ਖੂਨ-ਪਸੀਨੇ ਅਤੇ ਮਿਹਨਤ ਨਾਲ ਬਣੀ ਹੈ”, ਉਹਨਾ ਨੇ ਟਿੱਪਣੀ ਕਰਦਿਆਂ ਕਿਹਾ, “ਇਹ ਇੱਕਲੇ ਇਕ ਆਦਮੀ ਦਾ ਰਾਜ ਨਹੀਂ ਹੋ ਸਕਦਾ”।
ਸ੍ਰੀ ਆਜ਼ਾਦ ਨੂੰ ਦਲੇਰਾਨਾ ਫੈਸਲਾ ਲੈਣ ਲਈ ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਇੱਕ ਇਮਾਨਦਾਰ ਆਗੂ ਸਿਧਾਂਤਾਂ ਅਤੇ ਮਾਣ ਨਾਲ ਸਮਝੌਤਾ ਨਹੀਂ ਕਰ ਸਕਦਾ। ਉਹਨਾਂ ਕਿਹਾ, “ਇਹ ਕੁਝ ਖਾਸ ਸਵਾਰਥਾਂ ਵਾਲੇ ਲੋਕਾਂ ਦਾ ਇੱਕ ਖਾਸ ਸਮੂਹ ਹੈ ਜਿਸ ਨੇ ਪਾਰਟੀ ਨੂੰ ਸਾੜਨਾ ਸ਼ੁਰੂ ਕਰ ਦਿੱਤੀ ਹੈ”, ਉਹਨਾਂ ਨੇ ਕਿਹਾ ਕਿ ਕਿਸ ਤਰ੍ਹਾਂ ਸਮੇਂ-ਸਮੇਂ ‘ਤੇ ਇੰਨੇ ਤੂਫਾਨਾਂ ਦਾ ਸਾਹਮਣਾ ਕਰਨ ਵਾਲੇ ਅਤੇ ਪਾਰਟੀ ਦੇ ਨਾਲ ਖੜੇ ਰਹੇ ਸੀਨੀਅਰ ਆਗੂਆਂ ਨੂੰ ਪਾਰਟੀ ਛੱਡਣ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕੁਝ ਕਾਂਗਰਸੀ ਆਗੂਆਂ ਵੱਲੋਂ ਸ੍ਰੀ ਆਜ਼ਾਦ ਖ਼ਿਲਾਫ਼ ਦਿੱਤੇ ਭੈੜੇ ਬਿਆਨਾਂ ਦੀ ਨਿਖੇਧੀ ਕੀਤੀ। “ਉਨ੍ਹਾਂ ਦੇ ਵਿਰੁੱਧ ਬੇਬੁਨਿਆਦ ਦੋਸ਼ ਲਗਾਉਣ ਦੀ ਬਜਾਏ, ਤੁਹਾਨੂੰ ਆਤਮ-ਪੜਚੋਲ ਕਰਨੀ ਚਾਹੀਦੀ ਹੈ ਕਿ ਪਾਰਟੀ ਦਾ ਇਹ ਹਾਲ ਕਿਉਂ ਹੋ ਰਿਹਾ ਹੈ”, ਉਹਨਾ ਨੇ ਦਿਖਾਵੇ ਦੇ ਵਫ਼ਾਦਾਰ ਬਣਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਸਲਾਹ ਦਿੱਤੀ।