ਤੇਜਪੁਰ 02,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ): ਅਸਮ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਾ ਚੜ੍ਹਿਆ ਹੋਇਆ ਹੈ। ਸਾਰੀਆਂ ਪਾਰਟੀਆਂ ਵੋਟਰਾਂ ਨੂੰ ਭਰਮਾਉਣ ਲਈ ਧੜਾ-ਧੜ ਵਾਅਦੇ ਕਰ ਰਹੀਆਂ ਹਨ। ਕਾਂਗਰਸ ਨੇ ਇਸ ਵੇਲੇ ਵੱਡਾ ਸਿਆਸੀ ਦਾਅ ਖੇਡਦਿਆਂ ਮੋਦੀ ਸਰਕਾਰ ਵੱਲੋਂ ਨਾਗਰਿਕਤਾ ਸੋਧ ਬਿਲ (CAA) ਨੂੰ ਖਾਰਜ ਕਰਨ ਲਈ ਕਾਨੂੰਨ ਬਣਾਉਣ ਦਾ ਐਲਾਨ ਕੀਤਾ ਹੈ। ਖੇਤੀ ਕਾਨੂੰਨਾਂ ਅਤੇੇ ਨਾਗਰਿਕਤਾ ਕਾਨੂੰਨਾਂ ਨੂੰ ‘ਅੜੀਅਲ’ ਵਤੀਰਾ ਰੱਖਣ ਕਰਕੇ ਭਾਜਪਾ ਖ਼ਿਲਾਫ਼ ਲੋਕਾਂ ਵਿੱਚ ਰੋਸ ਹੈ, ਜਿਸ ਦਾ ਲਾਭ ਕਾਂਗਰਸ ਲੈਣਾ ਚਾਹੁੰਦੀ ਹੈ।
ਅਸਮ ਦੇ ਤੇਜਪੁਰ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਦੀ ਧੀ ਪ੍ਰਿਅੰਕਾ ਗਾਂਧੀ ਨੇ ਕਿਹਾ ਹੈ ਕਿ ਜੇਕਰ ਸੂਬੇ ਵਿੱਚ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਉਹ ਅਜਿਹਾ ਕਾਨੂੰਨ ਬਣਾਉਣਗੇ ਜਿਸ ਨਾਲ ਸੀਏਏ ਇੱਥੇ ਲਾਗੂ ਨਹੀਂ ਹੋਵੇਗਾ। ਉਨ੍ਹਾਂ ਸਰਕਾਰ ਦੇ ਇਸ ਕਾਨੂੰਨ ਨੂੰ ਲੋਕਾਂ ਦੀ ਪਛਾਣ ‘ਤੇ ਹਮਲਾ ਕਰਾਰ ਦਿੱਤਾ। ਗਾਂਧੀ ਨੇ ਮੌਜੂਦਾ ਸਰਕਾਰ ‘ਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਦੋਸ਼ ਵੀ ਲਾਏ।
ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਣ ‘ਤੇ ਸੁਆਣੀਆਂ ਨੂੰ ਹਰ ਮਹੀਨੇ 2000 ਰੁਪਏ ਸਨਮਾਨ ਰਾਸ਼ੀ ਵਜੋਂ ਦਿੱਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਣਦਿਆਂ ਹਰ 200 ਯੂਨਿਟ ਬਿਜਲੀ ਦਾ ਬਿਲ ਮੁਆਫ ਹੋਵੇਗਾ ਅਤੇ ਚਾਹ ਦੇ ਬਾਗ਼ਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਰੋਜ਼ਾਨਾ 365 ਰੁਪਏ ਦਾ ਮਿਹਨਤਾਨਾ ਦਿੱਤਾ ਜਾਵੇਗਾ। ਪ੍ਰਿਅੰਕਾ ਗਾਂਧੀ ਨੇ ਪੰਜ ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਵੀ ਕੀਤਾ ਹੈ।