
Punjab (ਸਾਰਾ ਯਹਾਂ/ਬਿਊਰੋ ਨਿਊਜ਼ ) : ਭਾਜਪਾ ਦੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕਾਂਗਰਸ ਦੇ ਪੀ ਡੀ ਪੀ ਵੱਲੋਂ ਰਿਸ਼ੀ ਸੂਨਕ ਦੇ ਬ੍ਰਿਟੇਨ ਦਾ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਭਾਰਤ ਦੀ ਕੌਮਾਂਤਰੀ ਪੱਧਰ ’ਤੇ ਬਦਨਾਮੀ ਕਰਵਾਉਣ ਦੇ ਯਤਨਾਂ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕਿਹਾ ਕਿ ਦੇਸ਼ ਨੇ ਹਮੇਸ਼ਾ ਘੱਟ ਗਿਣਤੀਆਂ ਨੂੰ ਸਰਕਾਰ, ਨਿਆਂਪਾਲਿਕਾ, ਫੌਜ ਤੇ ਹੋਰ ਖੇਤਰਾਂ ਵਿਚ ਉਚ ਅਹੁਦਿਆਂ ’ਤੇ ਨਿਯੁਕਤ ਕਰ ਕੇ ਸਨਮਾਨ ਦਿੱਤਾ ਕਿਉਂਕਿ ਭਾਰਤ ਵਿਚ ਨਿਯੁਕਤੀਆਂ ’ਯੋਗਤਾ’ ਦੇ ਆਧਾਰ ’ਤੇ ਹੁੰਦੀਆਂ ਹਨ ਨਾ ਕਿ ’ਘੱਟ ਗਿਣਤੀ’ ਦੇ ਆਧਾਰ ’ਤੇ।
ਇਥੇ ਜਾਰੀ ਸਖ਼ਤ ਸ਼ਬਦਾਂ ਵਾਲੇ ਬਿਆਨ ਵਿਚ ਸਿਰਸਾ ਨੇ ਕਾਂਗਰਸ ਦੇ ਆਗੂ ਪੀ ਚਿਦੰਬਰਮ ਤੇ ਪੀ ਡੀ ਪੀ ਆਗੂ ਮਹਿਬੂਬਾ ਮੁਫਤੀ ਵੱਲੋਂ ਰਿਸ਼ੀ ਸੂਨਮ ਦੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਵਜੋਂ ਚੋਣ ਤੋਂ ਬਾਅਦ ਭਾਰਤ ਨੂੰ ਘੱਟ ਗਿਣਤੀ ਵਿਰੋਧੀ ਸਾਬਤ ਕਰਨ ਦੇ ਕੀਤੇ ਯਤਨਾਂ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕਿਹਾ ਕਿ ਇਹ ਦੋਵਾਂ ਪਾਰਟੀਆਂ ਵੱਲੋਂ ਦੇਸ਼ ਦੀ ਵਿਸ਼ਵ ਭਰ ਵਿਚ ਬਦਨਾਮੀ ਕਰਵਾਉਣ ਲਈ ਕੋਝੀ ਹਰਕਤ ਹੈ।
ਉਹਨਾਂ ਨੇ ਦੋਵਾਂ ਪਾਰਟੀਆਂ ਤੇ ਇਹਨਾਂ ਦੇ ਆਗੂਆਂ ਨੂੰ ਚੇਤੇ ਕਰਵਾਇਆ ਕਿ ਜ਼ਾਕਿਰ ਹੁਸੈਨ, ਫਖ਼ਰਉਦੀਨ ਅਲੀ ਅਹਿਮਦ ਤੇ ਡਾ. ਏ ਪੀ ਜੇ ਅਬਦੁਲ ਕਲਾਮ ਸਣੇ ਤਿੰਨ ਮੁਸਲਮਾਨ, ਇਕ ਸਿੱਖ ਗਿਆਨੀ ਜ਼ੈਲ ਸਿੰਘ ਰਾਸ਼ਟਰਪਤੀ ਰਹੇ ਹਨ, ਇਕ ਸਿੱਖ ਡਾ. ਮਨਮੋਹਨ ਸਿੰਘ ਪ੍ਰਧਾਨ ਮੰਤਰੀ ਰਹੇ ਹਨ ਤੇ ਜਸਟਿਸ ਮੁਹੰਮਦ ਹਿਦਾਯਤਉੱਲਾਹ ਚੀਫ ਜਸਟਿਸ ਆਫ ਇੰਡੀਆ ਰਹੇ ਹਨ ਅਤੇ ਇਹਨਾਂ ਤੋਂ ਇਲਾਵਾ ਘੱਟ ਗਿਣਤੀਆਂ ਦੀਆਂ ਹੋਰ ਅਨੇਕਾਂ ਸ਼ਖਸੀਅਤਾਂ ਸਰਕਾਰ, ਫੌਜ, ਨਿਆਂਪਾਲਿਕਾ ਤੇ ਹੋਰ ਖੇਤਰਾਂ ਵਿਚ ਉਚ ਅਹੁਦਿਆਂ ’ਤੇ ਬਿਰਾਜਮਾਨ ਰਹੀਆਂ ਹਨ।
ਉਹਨਾਂ ਨੇ ਕਾਂਗਰਸ ਅਤੇ ਪੀ ਡੀ ਪੀ ਨੂੰ ਚੇਤੇ ਕਰਵਾਇਆ ਕਿ ਭਾਰਤ ਵਿਚ ਨਿਯੁਕਤੀਆਂ ਦਾ ਆਧਾਰ ਨਿਰੋਲ ’ਮੈਰਿਟ’ ਹੁੰਦਾ ਹੈ ਨਾ ਕਿ ’ਘੱਟ ਗਿਣਤੀ’ ਹੋਣਾ ਅਤੇ ਇਸ ਲਈ ਇਹਨਾਂ ਨੂੰ ਸਿਆਸੀ ਮੌਕਾਪ੍ਰਸਤੀ ਵਾਸਤੇ ਘੱਟ ਗਿਣਤੀ ਪੱਤਾ ਖੇਡਣਾ ਤੇ ਦੇਸ਼ ਦੀ ਵਿਸ਼ਵ ਵਿਚ ਬਦਨਾਮੀ ਕਰਨੀ ਬੰਦ ਕਰ ਦੇਣੀ ਚਾਹੀਦਾ ਹੈ।
