*ਕਾਂਗਰਸ ‘ਚ ਮੁੜ ਧਮਾਕਾ! ਸੁਨੀਲ ਜਾਖੜ ਨੇ ਲਿਖੀ ਕੈਪਟਨ ਨੂੰ ਚਿੱਠੀ, ਰਾਣਾ ਸੋਢੀ ਵਿਰੁੱਧ ਮੰਗੀ ਕਾਰਵਾਈ*

0
143

ਚੰਡੀਗੜ੍ਹ 27,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ):: ਕਾਂਗਰਸ ਅੰਦਰ ਕਲੇਸ਼ ਅਜੇ ਸ਼ਾਂਤ ਨਹੀਂ ਹੋਇਆ ਹੈ, ਬਲਕਿ ਅੰਦਰੋਂ-ਅੰਦਰ ਲਾਟਾਂ ਸੁਲਗ ਰਹੀਆਂ ਹਨ। ਸਾਬਕਾ ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਨੇ ਏਆਈਸੀਸੀ ਦੇ ਜਨਰਲ ਸਕੱਤਰ (ਸੰਗਠਨ) ਕੇਸੀ ਵੇਣੂਗੋਪਾਲ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਖ਼ਿਲਾਫ਼ ਕਥਿਤ ‘ਦੋਹਰਾ ਮੁਆਵਜ਼ਾ’ ਮਾਮਲੇ ‘ਚ ਅਪਰਾਧਿਕ ਕਾਰਵਾਈ ਦੀ ਮੰਗ ਕੀਤੀ ਹੈ। ਇਸ ਚਿੱਠੀ ‘ਚ ਜਾਖੜ ਨੇ ਰਾਣਾ ਗੁਰਮੀਤ ਸੋਢੀ ਦੀ ਸ਼ਰਾਬ ਫੈਕਟਰੀ ਲਾਇਸੈਂਸ ਤੋਂ ਇਲਾਵਾ ਇੱਕ ਮਾਮਲੇ ‘ਚ ਆਪਣੀ ਜ਼ਮੀਨ ਦਾ ਦੋਹਰਾ ਮੁਆਵਜ਼ਾ ਲੈਣ ਦਾ ਜ਼ਿਕਰ ਵੀ ਕੀਤਾ ਹੈ।

ਸੋਢੀ ਨੇ ਇਸ ਸ਼ਰਾਬ ਫੈਕਟਰੀ ਦਾ ਲਾਇਸੈਂਸ ਅਕਾਲੀ-ਭਾਜਪਾ ਸਰਕਾਰ ਸਮੇਂ ਲਿਆ ਸੀ। ਇਹ ਸਵਾਲ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਚੁੱਕਿਆ ਹੈ। ਅਜਿਹੀ ਸਥਿਤੀ ‘ਚ ਇਹ ਮਾਮਲਾ ਰਾਣਾ ਸੋਢੀ ਦੇ ਗਲੇ ਦੀ ਹੱਡੀ ਬਣ ਸਕਦਾ ਹੈ। ਤਕਨੀਕੀ ਤੌਰ ‘ਤੇ ਸ਼ਰਾਬ ਪ੍ਰਾਜੈਕਟ ਸਥਾਪਤ ਕਰਨ ਲਈ ਲਾਇਸੈਂਸ ਲੈਣਾ ਗਲਤ ਨਹੀਂ, ਪਰ ਕਾਂਗਰਸ ਦੇ ਹਲਕਿਆਂ ‘ਚ ਚਰਚਾ ਹੈ ਕਿ ਰਾਣਾ ਸੋਢੀ ਨੂੰ ਲਾਇਸੈਂਸ ਕਿਵੇਂ ਮਿਲਿਆ?

ਇਹ ਪਤਾ ਲੱਗਿਆ ਹੈ ਕਿ ਰਾਣਾ ਸੋਢੀ ਨੇ ਪੰਜਾਬ ਸਰਕਾਰ ਨੂੰ ਇਸ ਪ੍ਰਾਜੈਕਟ ਨੂੰ ਫਾਜ਼ਿਲਕਾ ਦੇ ਪਿੰਡ ਹੀਰਾਂਵਾਲੀ ਤੋਂ ਕਿਸੇ ਹੋਰ ਜਗ੍ਹਾ ਤਬਦੀਲ ਕਰਨ ਲਈ ਲਿਖਿਆ ਹੈ, ਕਿਉਂਕਿ ਇਸ ਪਿੰਡ ਦੇ ਲੋਕ ਨਹੀਂ ਚਾਹੁੰਦੇ ਕਿ ਇਹ ਪ੍ਰਾਜੈਕਟ ਇੱਥੇ ਸਥਾਪਤ ਕੀਤਾ ਜਾਵੇ। ਸਥਾਨਕ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਵੀ ਇਸ ਪ੍ਰਾਜੈਕਟ ਦੇ ਵਿਰੁੱਧ ਹਨ।

ਖੇਡ ਮੰਤਰੀ ਰਾਣਾ ਸੋਢੀ ਪਹਿਲਾਂ ਹੀ ਆਪਣੀ ਜ਼ਮੀਨ ਦਾ ਦੁਗਣਾ ਮੁਆਵਜ਼ਾ ਮਿਲਣ ਦੇ ਮੁੱਦੇ ਦਾ ਸਾਹਮਣਾ ਕਰ ਰਹੇ ਹਨ। ਸਾਬਕਾ ਪਾਰਟੀ ਮੁਖੀ ਸੁਨੀਲ ਜਾਖੜ ਨੇ ਸੋਢੀ ਨੂੰ ਅਕਾਲੀ-ਭਾਜਪਾ ਵਿੱਚ ਲਾਇਸੈਂਸ ਮਿਲਣ ਦਾ ਮੁੱਦਾ ਵੀ ਚੁੱਕਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਉਨ੍ਹਾਂ ਇਸ ਮਾਮਲੇ ਵਿੱਚ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਇੱਕ ਪੱਤਰ ਵੀ ਲਿਖਿਆ ਸੀ।

ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਸੋਢੀ ਨੂੰ ਜ਼ਮੀਨ ਦੇ ਦੋਹਰੇ ਮੁਆਵਜ਼ੇ ਅਤੇ ਪਿਛਲੀ ਅਕਾਲੀ ਸਰਕਾਰ ਤੋਂ ਸ਼ਰਾਬ ਫੈਕਟਰੀ ਦਾ ਲਾਇਸੈਂਸ ਲੈਣ ਲਈ ਮੰਤਰੀ ਮੰਡਲ ਤੋਂ ਬਰਖਾਸਤ ਕਰਨ ਦੀ ਮੰਗ ਚੁੱਕੀ ਸੀ। ਇਸ ਦੇ ਨਾਲ ਹੀ ਸੋਨੀਆ ਗਾਂਧੀ ਨੂੰ ਲਿਖੇ ਇੱਕ ਪੱਤਰ ‘ਚ ਉਨ੍ਹਾਂ ਨੇ ਸੋਢੀ ਨੂੰ ਪਾਰਟੀ ਵਿੱਚੋਂ ਕੱਢੇ ਜਾਣ ਬਾਰੇ ਲਿਖਿਆ ਹੈ। ਹਾਲਾਂਕਿ ਸਾਬਕਾ ਪ੍ਰਧਾਨ ਨੇ ਇਸ ਬਾਰੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਪਰ ਜੇਕਰ ਮਾਹਿਰਾਂ ਦੀ ਮੰਨੀਏ ਤਾਂ ਇਨ੍ਹਾਂ ਪੱਤਰਾਂ ਨੇ ਪਾਰਟੀ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

ਪਾਰਟੀ ਦੇ ਇੱਕ ਸੀਨੀਅਰ ਮੰਤਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਕਿਹਾ ਕਿ ਜਦੋਂ ਜਾਖੜ ਨੂੰ ਗ਼ੈਰ-ਰਸਮੀ ਤੌਰ ‘ਤੇ ਕੈਬਨਿਟ ਦੀ ਬੈਠਕ ਵਿੱਚ ਬੁਲਾਇਆ ਗਿਆ ਸੀ ਤਾਂ ਜਾਖੜ ਨੇ ਰਾਣਾ ਸੋਢੀ ਨਾਲ ਮੁਲਾਕਾਤ ‘ਚ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਸੀ।

ਜ਼ਿਕਰਯੋਗ ਹੈ ਕਿ ਜਦੋਂ ਹੀਰਾਂਵਾਲੀ ਪਿੰਡ ਦੇ ਲੋਕਾਂ ਨੇ ਇਸ ਪ੍ਰਾਜੈਕਟ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਸੀ ਤਾਂ ਉਹ ਸਥਾਨਕ ਸੰਸਦ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨੂੰ ਵੀ ਮਿਲੇ ਸਨ। ਉਨ੍ਹਾਂ ਭਰੋਸਾ ਦਿੱਤਾ ਸੀ ਕਿ ਉਹ ਖ਼ੁਦ ਉਨ੍ਹਾਂ ਦੇ ਨਾਲ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਣਗੇ ਤੇ ਇਸ ਪ੍ਰਾਜੈਕਟ ਨੂੰ ਇੱਥੇ ਨਹੀਂ ਲੱਗਣ ਦੇਣਗੇ, ਪਰ ਜਦੋਂ ਸੁਖਬੀਰ ਬਾਦਲ ਨੂੰ ਪਤਾ ਲੱਗਿਆ ਕਿ ਉਨ੍ਹਾਂ ਨੇ ਖ਼ੁਦ ਆਪਣਾ ਟੈਕਸ ਤੇ ਆਬਕਾਰੀ ਮੰਤਰੀ ਹੁੰਦਿਆਂ ਇਹ ਪ੍ਰਾਜੈਕਟ ਕੀਤਾ ਸੀ ਤਾਂ ਉਨ੍ਹਾਂ ਨੇ ਇਸ ‘ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ।

ਫਾਜ਼ਿਲਕਾ ਦੇ ਇਸ ਪਿੰਡ ‘ਚ ਧਰਨਿਆਂ ਦੇ ਮੱਦੇਨਜ਼ਰ ਸਰਕਾਰ ਨੇ ਇੱਥੇ ਪ੍ਰਾਜੈਕਟ ਸਥਾਪਤ ਨਾ ਕਰਨ ਦਾ ਭਰੋਸਾ ਦਿੱਤਾ। ਇਸ ਲਈ ਪਤਾ ਲੱਗਿਆ ਹੈ ਕਿ ਰਾਣਾ ਸੋਢੀ ਹੁਣ ਇਸ ਨੂੰ ਹੋਰ ਕਿਤੇ ਸ਼ਿਫਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਨਾਜ ਅਧਾਰਤ ਸ਼ਰਾਬ ਬਣਾਉਣ ਦੇ ਇਸ ਪ੍ਰਾਜੈਕਟ ਨੂੰ 28 ਅਗਸਤ 2015 ਨੂੰ ਮਨਜ਼ੂਰੀ ਦਿੱਤੀ ਗਈ ਸੀ ਤੇ ਪ੍ਰੋਜੈਕਟ ਰਿਪੋਰਟ ਅਨੁਸਾਰ 17 ਅਕਤੂਬਰ 2017 ਤੱਕ ਤਿਆਰ ਹੋਣਾ ਸੀ। ਇਸ ਵਿੱਚ 100 ਕਿੱਲੋਟਰ ਸ਼ਰਾਬ ਪ੍ਰਤੀ ਦਿਨ ਤਿਆਰ ਕੀਤੀ ਜਾਣੀ ਸੀ ਤੇ ਪੰਜ ਮੈਗਾਵਾਟ ਦਾ ਸਹਿ-ਉਤਪਾਦਨ ਪਲਾਂਟ ਲਗਾਇਆ ਜਾਣਾ ਸੀ। ਇਸ ਪ੍ਰਾਜੈਕਟ ‘ਤੇ 122.75 ਕਰੋੜ ਰੁਪਏ ਖਰਚ ਆਉਣੇ ਸਨ। 

LEAVE A REPLY

Please enter your comment!
Please enter your name here