*ਕਾਂਗਰਸ ‘ਚ ਕਲੇਸ਼ ਮਗਰੋਂ ਪ੍ਰਿਅੰਕਾ ਗਾਂਧੀ ਨੇ ਖੜਕਾਇਆ ਕੈਪਟਨ ਨੂੰ ਫ਼ੋਨ, ਹਰੀਸ਼ ਰਾਵਤ ਨੇ ਵਿਧਾਇਕਾਂ ਨਾਲ ਕੀਤੀਆਂ ਮੀਟਿੰਗਾਂ ਰੱਦ*

0
220

ਚੰਡੀਗੜ੍ਹ 20,ਮਈ(ਸਾਰਾ ਯਹਾਂ/ਬਿਊਰੋ ਰਿਪੋਰਟ):: ਪੰਜਾਬ ਕਾਂਗਰਸ ’ਚ ਪਿਛਲੇ ਕਈ ਦਿਨਾਂ ਤੋਂ ਉੱਠੀਆਂ ‘ਬਾਗ਼ੀ ਸੁਰਾਂ’ ਹੁਣ ਹਾਈਕਮਾਨ ਨੂੰ ਬੇਚੈਨ ਕਰ ਰਹੀਆਂ ਹਨ। ਪਹਿਲਾਂ ਇਹ ਖ਼ਬਰ ਆਈ ਸੀ ਕਿ ਪਾਰਟੀ ਦੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਹਰੀਸ਼ ਰਾਵਤ ਸਾਰੇ ਲੀਡਰਾਂ, ਖ਼ਾਸ ਕਰਕੇ ਵਿਧਾਇਕਾਂ (MLAs) ਨਾਲ ਗੱਲ ਕਰਨਗੇ ਪਰ ਜਦੋਂ ਇਹ ਖ਼ਬਰ ਆਈ ਕਿ ਪਾਰਟੀ ਦੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਟੈਲੀਫ਼ੋਨ ’ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕਰ ਲਈ ਹੈ, ਤਾਂ ਹਰੀਸ਼ ਰਾਵਤ ਨੇ MLAs ਨਾਲ ਆਪਣੀਆਂ ਵਰਚੁਅਲ ਮੀਟਿੰਗਾਂ ਦਾ ਪ੍ਰੋਗਰਾਮ ਬੁੱਧਵਾਰ ਨੂੰ ਮੁਲਤਵੀ ਕਰ ਦਿੱਤਾ।

ਪਾਰਟੀ ਸੂਤਰਾਂ ਦਾ ਦਾਅਵਾ ਹੈ ਕਿ ਪ੍ਰਿਅੰਕਾ ਗਾਂਧੀ ਨੇ ਕੈਪਟਨ ਨਾਲ ਸਾਬਕਾ ਮੰਤਰੀ ਨਵਜੋਤ ਸਿੱਧੂ ਵਿਰੁੱਧ ਵਿਜੀਲੈਂਸ ਜਾਂਚ, MLA ਪ੍ਰਗਟ ਸਿੰਘ ਨੂੰ ਮੁੱਖ ਮੰਤਰੀ ਦੇ ਦਫ਼ਤਰ ਤੋਂ ਧਮਕੀ ਭਰਿਆ ਫ਼ੋਨ ਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵਿਰੁੱਧ ਮਹਿਲਾ ਆਈਏਐਸ ਅਧਿਕਾਰੀ ਨਾਲ ਜਿਨਸੀ ਛੇੜਖਾਨੀ ਦਾ ਮਾਮਲਾ ਦੁਬਾਰਾ ਖੋਲ੍ਹਣ ਬਾਰੇ ਚਰਚਾ ਕੀਤੀ। ਹਰੀਸ਼ ਰਾਵਤ ਨੇ ਸੋਮਵਾਰ ਨੂੰ ਪੰਜਾਬ ਕਾਂਗਰਸ ਦੇ ਕਈ ਆਗੂਆਂ ਨਾਲ ਫ਼ੋਨ ’ਤੇ ਗੱਲ ਕੀਤੀ ਸੀ। ਉਨ੍ਹਾਂ ਸਾਰੇ ਪਾਰਟੀ ਆਗੂਆਂ ਨੂੰ ਇਹੋ ਸਲਾਹ ਦਿੱਤੀ ਸੀ ਕਿ ਉਹ ਮੁੱਖ ਮੰਤਰੀ ਤੇ ਸੂਬਾ ਸਰਕਾਰ ਵਿਰੁੱਧ ਮੀਡੀਆ ਕੋਲ ਜਾਂ ਜਨਤਾ ਸਾਹਵੇਂ ਕੋਈ ਟਿੱਪਣੀ ਨਾ ਕਰਨ। ਉਨ੍ਹਾਂ ਚਰਨਜੀਤ ਸਿੰਘ ਚੰਨੀ ਨੂੰ ਵੀ ਇਹੋ ਸਲਾਹ ਦਿੱਤੀ ਸੀ।

ਦੱਸ ਦੇਈਏ ਕਿ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਮਹਿਲਾ ਕਮਿਸ਼ਨ ਵਿਰੁੱਧ ਇੱਕ ਪ੍ਰੈੱਸ ਕਾਨਫ਼ਰੰਸ ਸੱਦ ਲਈ ਸੀ। ਮਹਿਲਾ ਅਧਿਕਾਰੀ ਨਾਲ ਕਥਿਤ ਜਿਨਸੀ ਛੇੜਖਾਨੀ ਦਾ ਮਾਮਲਾ ਅਕਤੂਬਰ 2018 ਦਾ ਹੈ। ‘ਇੰਡੀਅਨ ਐਕਸਪ੍ਰੈੱਸ’ ਦੀ ਰਿਪੋਰਟ ਅਨੁਸਾਰ ਇੱਕ ਮਹਿਲਾ ਆਈਏਐਸ ਅਧਿਕਾਰੀ ਨੇ ਪਹਿਲਾਂ ਚਰਨਜੀਤ ਸਿੰਘ ਚੰਨੀ ਉੱਤੇ ਦੋਸ਼ ਲਾਇਆ ਸੀ ਕਿ ਉਹ ਉਨ੍ਹਾਂ ਨੂੰ ਗ਼ੈਰ ਵਾਜਬ ਟੈਕਸਟ ਸੁਨੇਹੇ ਭੇਜਦੇ ਰਹੇ ਹਨ।

ਹਰੀਸ਼ ਰਾਵਤ ਨੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਜਲੰਧਰ ਦੇ ਵਿਧਾਇਕ ਪ੍ਰਗਟ ਸਿੰਘ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਆਖਿਆ ਸੀ ਕਿ ਉਹ ਚਰਨਜੀਤ ਸਿੰਘ ਚੰਨੀ ਉੱਤੇ ਦਬਾਅ ਪਾ ਕੇ ਮਹਿਲਾ ਕਮਿਸ਼ਨ ਵਿਰੁੱਧ ਉਨ੍ਹਾਂ ਦੀ ਪ੍ਰੈੱਸ ਕਾਨਫ਼ਰੰਸ ਮੁਲਤਵੀ ਕਰਵਾਉਣ ਤੇ ਉਨ੍ਹਾਂ ਨੂੰ ਸੂਬਾ ਸਰਕਾਰ ਵਿਰੁੱਧ ਕੋਈ ਟਿੱਪਣੀ ਕਰਨ ਲਈ ਨਾ ਆਖਣ।

ਹਰੀਸ਼ ਰਾਵਤ ਨੇ ਕੱਲ੍ਹ ਬੁੱਧਵਾਰ ਨੂੰ ਕਥਿਤ ‘ਬਾਗ਼ੀ’ ਵਿਧਾਇਕਾਂ ਦੇ ਸਮੂਹਾਂ ਨਾਲ ਵਰਚੁਅਲ ਬੈਠਕਾਂ ਕਰਨੀਆਂ ਸਨ ਪਰ ਫਿਰ ਕੁਝ MLAs ਨੇ ਸੁਝਾਅ ਦਿੱਤਾ ਸੀ ਕਿ ਆੱਨਲਾਈਨ ਗੱਲਬਾਤ ਹੋਣ ’ਤੇ ਇਹ ਜੱਗ ਜ਼ਾਹਿਰ ਹੋ ਜਾਵੇਗਾ ਕਿ ਕਿਹੜੇ ਵਿਧਾਇਕ ਨੇ ‘ਬਾਗ਼ੀ ਸੁਰ’ ਅਪਣਾਈ ਹੋਈ ਹੈ। ਇਸ ਤੋਂ ਬਾਅਦ ਹੀ ਹਰੀਸ਼ ਰਾਵਤ ਹੁਰਾਂ ਨੇ ਇਹ ਆੱਨਲਾਈਨ ਬੈਠਕਾਂ ਦਾ ਵਿਚਾਰ ਤਿਆਗ ਦਿੱਤਾ ਸੀ। ਪਾਰਟੀ ਆਗੂਆਂ ਨੂੰ ਅੰਦਰਖਾਤੇ ਇਹ ਵੀ ਡਰ ਸੀ ਕਿ ਕਿਤੇ ਉਨ੍ਹਾਂ ਦੀ ਗੱਲਬਾਤ ਰਿਕਾਰਡ ਨਾ ਕਰ ਲਈ ਜਾਵੇ ਤੇ ਬਾਅਦ ’ਚ ਕਿਤੇ ਉਨ੍ਹਾਂ ਰਿਕਾਰਡਿੰਗਜ਼ ਨੂੰ ਉਨ੍ਹਾਂ ਵਿਰੁੱਧ ਵਰਤਿਆ ਨਾ ਜਾਵੇ।

ਹੁਣ ਹਰੀਸ਼ ਰਾਵਤ ਇਸੇ ਮਹੀਨੇ ਦੇ ਅਖੀਰ ਜਾਂ ਜੂਨ ਮਹੀਨੇ ਦੇ ਅਰੰਭ ਵਿੱਚ ਵਿਧਾਇਕਾਂ ਨਾਲ ਆਹਮੋ-ਸਾਹਮਣੇ ਬੈਠਕਾਂ ਕਰਨਗੇ। ਦਰਅਸਲ, ਮੀਟਿੰਗ ਬਾਰੇ ਫ਼ੈਸਲਾ ਦਿੱਲੀ ਦੇ ਲੌਕਡਾਊਨ ਪ੍ਰੋਗਰਾਮ ਮੁਤਾਬਕ ਹੀ ਲਿਆ ਜਾਵੇਗਾ। ਪਾਰਟੀ ਹਾਈ ਕਮਾਂਡ ਹੁਣ ਸਾਰੇ ਵਿਧਾਇਕਾਂ ਦੇ ਵਿਚਾਰ ਜਾਣਨਾ ਚਾਹੁੰਦੀ ਹੈ।

ਨਵਜੋਤ ਸਿੰਘ ਸਿੱਧੂ ਨੇ ਨਹੀਂ ਮੰਨਿਆ ਹਾਈਕਮਾਨ ਦਾ ਹੁਕਮ

ਹਾਈਕਮਾਨ ਨੇ ਭਾਵੇਂ ਪੰਜਾਬ ਕਾਂਗਰਸ ਦੇ ਸਾਰੇ ਆਗੂਆਂ ਨੂੰ ਇਹੋ ਸਲਾਹ ਦਿੱਤੀ ਸੀ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਾਂ ਪੰਜਾਬ ਸਰਕਾਰ ਵਿਰੁੱਧ ਕੋਈ ਟਿੱਪਣੀ ਨਾ ਕਰਨ ਪਰ ਨਵਜੋਤ ਸਿੰਘ ਸਿੱਧੂ ਨੇ ਹਾਈਕਮਾਨ ਦਾ ਇਹ ਹੁਕਮ ਪੂਰੀ ਤਰ੍ਹਾਂ ਅੱਖੋਂ ਪ੍ਰੋਖੇ ਕਰਦਿਆਂ ਬੁੱਧਵਾਰ ਨੂੰ ਟਵੀਟ ਕੀਤਾ, ਨਾ ਨਸ਼ਿਆਂ ਵਿਰੁੱਧ ਕੋਈ ਕਾਰਵਾਈ, ਨਾ ਬੇਅਦਬੀ ’ਚ ਕੋਈ ਕਾਰਵਾਈ, ਨਾ ਬਿਜਲੀ ਖ਼ਰੀਦ ਸਮਝੌਤਿਆਂ ਬਾਰੇ ਕੋਈ ਵ੍ਹਾਈਟ ਪੇਪਰ ਜਾਰੀ ਕੀਤਾ, ਨਾ ਮਾਫ਼ੀਆ ਰਾਜ ਵਿਰੁੱਧ ਕੋਈ ਕਾਰਵਾਈ ਕੀਤੀ ਗਈ। ਜੇ ਕਾਰਵਾਈ ਕੀਤੀ ਗਈ, ਤਾਂ ਬੱਸ ਬਾਦਲਾਂ ਤੇ ਮਜੀਠੀਆ ਨੂੰ ਬਚਾਉਣ ਲਈ ਪਾਰਟੀ ਦੇ ਸਾਥੀਆਂ ਵਿਰੁੱਧ…।

LEAVE A REPLY

Please enter your comment!
Please enter your name here