(ਸਾਰਾ ਯਹਾਂ/ਬਿਊਰੋ ਨਿਊਜ਼ ) : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਆਪਣੀ ਸਰਕਾਰ ਵੱਲੋਂ ਪਿਛਲੇ ਇੱਕ ਸਾਲ ਦੌਰਾਨ ਸਿੱਖਿਆ ਖੇਤਰ ਵਿੱਚ ਕੀਤੀਆਂ ਵੱਡੀਆਂ ਤਬਦੀਲੀਆਂ ਤੇ ਸੁਧਾਰਾਂ ਨੂੰ ਗਿਣਾਇਆ ਅਤੇ ਇਸ ਬਹਾਨੇ ਵਿਰੋਧੀ ਪਾਰਟੀਆਂ ਨੂੰ ਵੀ ਨਿਸ਼ਾਨਾ ਬਣਾਇਆ।
ਸੋਮਵਾਰ ਨੂੰ ਜਲੰਧਰ ‘ਚ ਪ੍ਰੈੱਸ ਕਾਨਫਰੰਸ ਦੌਰਾਨ ਹਰਜੋਤ ਬੈਂਸ ਨੇ ਕਿਹਾ ਕਿ ਪਹਿਲਾਂ ਕਾਂਗਰਸ-ਅਕਾਲੀ ਨੇਤਾ ਸਿੱਖਿਆ ਅਤੇ ਸਿਹਤ ‘ਤੇ ਕੋਈ ਟਵੀਟ ਵੀ ਨਹੀਂ ਕਰਦੇ ਸਨ ਪਰ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਖਿਆ ਅਤੇ ਸਿਹਤ ਨੂੰ ਸਿਆਸਤ ਦਾ ਕੇਂਦਰ ਬਣਾ ਦਿੱਤਾ ਹੈ। ਹੁਣ ਪੰਜਾਬ ਵਿੱਚ ਸਿੱਖਿਆ ਅਤੇ ਸਿਹਤ ਦੀ ਗੱਲ ਵੀ ਹੋਣ ਲੱਗ ਪਈ ਹੈ।
ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਵੇਲੇ ਅਕਤੂਬਰ-ਨਵੰਬਰ ਵਿੱਚ ਵੀ ਪ੍ਰਾਇਮਰੀ ਸਕੂਲਾਂ ਵਿੱਚ ਕਿਤਾਬਾਂ ਨਹੀਂ ਪਹੁੰਚਦੀਆਂ ਸਨ, ਜਿਸ ਕਾਰਨ ਬੱਚੇ ਸਹੀ ਢੰਗ ਨਾਲ ਪੜ੍ਹ ਨਹੀਂ ਸਕਦੇ ਸਨ ਅਤੇ ਅਧਿਆਪਕਾਂ ਨੂੰ ਵੀ ਫੋਟੋ ਸਟੇਟ ਵਾਲੀਆਂ ਕਿਤਾਬਾਂ ਨਾਲ ਪੜ੍ਹਾਉਣਾ ਪੈਂਦਾ ਸੀ। ਇਸ ਸਾਲ ਅਸੀਂ 31 ਮਾਰਚ ਤੋਂ ਪਹਿਲਾਂ ਸਾਰੇ ਸਕੂਲਾਂ ਵਿੱਚ ਕਿਤਾਬਾਂ ਪਹੁੰਚਾ ਦਿੱਤੀਆਂ ਹਨ। ਇਸ ਗੱਲ ਦਾ ਵੀ ਧਿਆਨ ਰੱਖਿਆ ਗਿਆ ਹੈ ਕਿ ਕਿਤਾਬਾਂ ਵਿੱਚ ਛਪਾਈ ਦੀ ਕੋਈ ਗਲਤੀ ਨਾ ਹੋਵੇ।
ਪ੍ਰਾਇਮਰੀ ਸਕੂਲਾਂ ਵਿੱਚ ਦਾਖ਼ਲਿਆਂ ਦੀ ਗਿਣਤੀ ਵਿੱਚ ਵਾਧੇ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਵੱਲੋਂ ਸਿੱਖਿਆ ਵਿੱਚ ਸੁਧਾਰ ਲਈ ਕੀਤੇ ਸੁਹਿਰਦ ਯਤਨਾਂ ਸਦਕਾ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਪ੍ਰਾਇਮਰੀ ਸਕੂਲਾਂ ਵਿੱਚ ਦਾਖ਼ਲਿਆਂ ਵਿੱਚ 75000 ਦਾ ਵਾਧਾ ਹੋਇਆ ਹੈ। ਸਿਰਫ਼ ਨਰਸਰੀ ਵਿੱਚ ਹੀ 13% ਦਾਖ਼ਲਾ ਵਧਿਆ ਹੈ। ਉਨ੍ਹਾਂ ਕਿਹਾ ਕਿ ਤਰਨਤਾਰਨ ਜ਼ਿਲ੍ਹੇ ਵਿੱਚ ਜਿੱਥੇ ਪਹਿਲਾਂ ਸਕੂਲਾਂ ਦੀ ਹਾਲਤ ਬਹੁਤ ਮਾੜੀ ਸੀ, ਉੱਥੇ ਹੀ ਪ੍ਰਾਇਮਰੀ ਸਕੂਲਾਂ ਵਿੱਚ ਦਾਖ਼ਲਿਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ।
ਇਸ ਤੋਂ ਇਲਾਵਾ ਅਸੀਂ ਇਮਾਰਤਾਂ ਦੇ ਬੁਨਿਆਦੀ ਢਾਂਚੇ ਲਈ ਵੱਖਰਾ ‘ਬੁਨਿਆਦੀ ਢਾਂਚਾ ਵਿਕਾਸ ਸੈੱਲ’ ਬਣਾਇਆ ਹੈ ਤਾਂ ਜੋ ਸਕੂਲਾਂ ਦੇ ਰੱਖ-ਰਖਾਅ ਅਤੇ ਨਵੀਂ ਇਮਾਰਤ ਲਈ ਫੰਡ ਸਮੇਂ ਸਿਰ ਪਹੁੰਚ ਸਕਣ। ਇਸ ਲਈ ਹਫ਼ਤਾਵਾਰੀ ਮੀਟਿੰਗ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਸਕੂਲ ਦੀ ਮੁਰੰਮਤ ਦੇ ਕੰਮ ਲਈ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਰੱਖ-ਰਖਾਅ ਦਾ ਬਹੁਤਾ ਕੰਮ ਜੂਨ ਅਤੇ ਜੁਲਾਈ ਦੀਆਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਕੀਤਾ ਜਾਵੇਗਾ ਤਾਂ ਜੋ ਬੱਚਿਆਂ ਦੀ ਪੜ੍ਹਾਈ ਵਿੱਚ ਕੋਈ ਰੁਕਾਵਟ ਨਾ ਆਵੇ।
ਉਨ੍ਹਾਂ ਕਿਹਾ ਕਿ ਸਕੂਲਾਂ ਦੀ ਹਾਲਤ ਸੁਧਾਰਨ ਦੇ ਨਾਲ-ਨਾਲ ਪ੍ਰਾਇਮਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਨੂੰ ਵੀ ਪੂਰਾ ਕਰ ਰਹੇ ਹਾਂ। ਇਸ ਲਈ 16000 ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਜਲਦ ਹੀ 13000 ਕੱਚੇ ਅਧਿਆਪਕਾਂ ਨੂੰ ਪੱਕਾ ਕਰ ਦਿੱਤਾ ਜਾਵੇਗਾ। ਇਸ ਨਾਲ ਸਬੰਧਤ ਸਾਰੇ ਮਾਮਲੇ ਅਦਾਲਤ ਵਿੱਚ ਸੁਲਝਾ ਲਏ ਗਏ ਹਨ। ਅਗਲੇ ਕੁਝ ਮਹੀਨਿਆਂ ਵਿੱਚ ਉਨ੍ਹਾਂ ਨੂੰ ਰੈਗੂਲਰ ਅਧਿਆਪਕਾਂ ਦੀਆਂ ਸਾਰੀਆਂ ਸਹੂਲਤਾਂ ਅਤੇ ਤਨਖਾਹਾਂ ਵੀ ਮਿਲ ਜਾਣਗੀਆਂ।
ਹਰਜੋਤ ਬੈਂਸ ਨੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਚ ‘ਆਪ’ ਉਮੀਦਵਾਰ ਦੀ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਕਿ ਅਸੀਂ ਜਲੰਧਰ ਦੇ ਕਈ ਸਥਾਨਕ ਲੋਕਾਂ ਨਾਲ ਗੱਲ ਕੀਤੀ ਹੈ। ਉਨ੍ਹਾਂ ਸਾਨੂੰ ਦੱਸਿਆ ਕਿ ‘ਆਪ’ ਸਰਕਾਰ ਸਾਨੂੰ ਸਾਡੀ ਆਪਣੀ ਸਰਕਾਰ ਜਾਪਦੀ ਹੈ। ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਮੈਂ ਪੂਰੇ ਵਿਸ਼ਵਾਸ ਨਾਲ ਕਹਿਣਾ ਚਾਹੁੰਦਾ ਹਾਂ ਕਿ ਜ਼ਿਮਨੀ ਚੋਣ ਵਿੱਚ ‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਜਿੱਤ ਯਕੀਨੀ ਹੈ।