*ਕਾਂਗਰਸੀ ਲੀਡਰ ਨੇ ਖ਼ੁਦਕੁਸ਼ੀ ਤੋਂ ਪਹਿਲਾਂ ਨਵਜੋਤ ਸਿੱਧੂ ਨੂੰ ਗਿਣਵਾਈਆਂ ਪਾਰਟੀ ਦੀਆਂ ਘਾਟਾਂ, ਲੀਡਰਾਂ ’ਚ ਮਚੀ ਭਾਜੜ*

0
129

ਚੰਡੀਗੜ੍ਹ 30 ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ ): ਪੰਜਾਬ ਵਿੱਚ ਇੱਕ ਸੀਨੀਅਰ ਕਾਂਗਰਸੀ ਵਰਕਰ ਨੇ ਖੁਦਕੁਸ਼ੀ ਕਰ ਲਈ ਹੈ। ਆਪਣੀ ਜਾਨ ਦੇਣ ਤੋਂ ਪਹਿਲਾਂ ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਨਾਂ ‘ਤੇ ਇੱਕ ਆਡੀਓ ਵੀ ਜਾਰੀ ਕੀਤੀ ਤੇ ਇਸ ਵਿੱਚ ਉਨ੍ਹਾਂ ਨੇ ਕਾਂਗਰਸ’ ਤੇ ਵੱਡਾ ਦੋਸ਼ ਲਗਾਇਆ ਹੈ। ਆਡੀਓ ਵਿੱਚ ਉਨ੍ਹਾਂ ਕਿਹਾ ਹੈ ਕਿ ਪਾਰਟੀ ਵਿੱਚ ਵਰਕਰਾਂ ਦੀ ਕੋਈ ਸੁਣਵਾਈ ਨਹੀਂ। ਜਿਵੇਂ ਹੀ ਇਹ ਮਾਮਲਾ ਸਾਹਮਣੇ ਆਇਆ ਤਾਂ ਪੰਜਾਬ ਕਾਂਗਰਸ ਵਿਚ ਹਲਚਲ ਮਚ ਗਈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਨਵਜੋਤ ਸਿੱਧੂ ਦੇਰ ਰਾਤ ਕਾਂਗਰਸੀ ਵਰਕਰ ਦੇ ਘਰ ਪਹੁੰਚੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਹੈਪੀ ਦੀ ਖੁਦਕੁਸ਼ੀ ‘ਤੇ ਦੁੱਖ ਜ਼ਾਹਰ ਕੀਤਾ ਹੈ।

ਲੁਧਿਆਣਾ ਜ਼ਿਲ੍ਹੇ ਦੇ ਦਾਖਾ ਵਿਧਾਨ ਸਭਾ ਹਲਕੇ ਦੇ ਪਿੰਡ ਜੰਗਪੁਰ ਦੇ ਪੁਰਾਣੇ ਕਾਂਗਰਸੀ ਵਰਕਰ ਦਲਜੀਤ ਸਿੰਘ ਹੈਪੀ ਬਾਜਵਾ (49) ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਨਾਂ ‘ਤੇ ਇੱਕ ਆਡੀਓ ਜਾਰੀ ਕਰਕੇ ਵੀਰਵਾਰ ਨੂੰ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਹੈਪੀ ਪਿੰਡ ਹਿਸੋਵਾਲ ਗਿਆ ਤੇ ਜ਼ਹਿਰੀਲਾ ਪਦਾਰਥ ਨਿਗਲ਼ ਗਿਆ। ਉਸ ਨੇ ਜਾਂਦੇ-ਜਾਂਦੇ ਤਿੰਨ ਵਿਅਕਤੀਆਂ ਨੂੰ ਮੌਤ ਲਈ ਜ਼ਿੰਮੇਵਾਰ ਠਹਿਰਾਇਆ। ਰਾਤ ਨੂੰ ਹੀ ਦੋ ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ

ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਥਾਣਾ ਦਾਖਾ ਪੁਲਿਸ ਨੇ ਦੋ ਵਿਅਕਤੀਆਂ ਪ੍ਰੀਤਮ ਸਿੰਘ ਤੇ ਮਹਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਨੂੰ ਖੁਦਕੁਸ਼ੀ ਲਈ ਜ਼ਿੰਮੇਵਾਰ ਦੱਸਿਆ ਗਿਆ ਸੀ। ਬਲਜਿੰਦਰ ਸਿੰਘ ਫਰਾਰ ਹੈ। ਹੈਪੀ ਬਾਜਵਾ ਕਾਂਗਰਸ ਦੇ ਸਪੋਰਟਸ ਐਂਡ ਕਲਚਰਲ ਸੈੱਲ ਦੇਹਤੀ ਦਾ ਜ਼ਿਲ੍ਹਾ ਚੇਅਰਮੈਨ ਸੀ। ਹੈਪੀ ਬਾਜਵਾ ਨੇ ਆਤਮ ਹੱਤਿਆ ਕਰਨ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸੰਬੋਧਨ ਕਰਦਿਆਂ ਇੰਟਰਨੈਟ ਮੀਡੀਆ ‘ਤੇ ਇੱਕ ਆਡੀਓ ਸਾਂਝੀ ਕੀਤੀ।

ਆਡੀਓ ਵਿੱਚ ਹੈਪੀ ਨੇ ਕਿਹਾ, ‘ਕਾਂਗਰਸੀ ਵਰਕਰਾਂ ਦੀ ਮੌਜੂਦਾ ਸਿਸਟਮ ਵਿੱਚ ਕੋਈ ਸੁਣਵਾਈ ਨਹੀਂ। ਮੈਂ ਤੀਹ ਵਰ੍ਹੇ ਕਾਂਗਰਸ ਦੀ ਸੇਵਾ ਕੀਤੀ, ਫਿਰ ਵੀ ਮੈਂ ਆਪਣੇ ਪਰਿਵਾਰ ਲਈ ਆਟਾ ਤੇ ਦਾਲ ਵੀ ਨਹੀਂ ਜੁਟਾ ਸਕਿਆ। ਉਸ ਨੇ ਚੋਣਾਂ ਵਿੱਚ ਪਾਰਟੀ ਦੇ ਪ੍ਰਚਾਰ ਲਈ ਮੱਧ ਪ੍ਰਦੇਸ਼, ਹਰਿਆਣਾ, ਪੰਜਾਬ ਸਮੇਤ ਕੁਝ ਹੋਰ ਰਾਜਾਂ ਵਿੱਚ ਵੀ ਕੰਮ ਕੀਤਾ ਸੀ। ਪਾਰਟੀ ਦੇ ਪੋਸਟਰ ਤੱਕ ਲਾਏ। ਕਈ ਵਾਰ ਕੇਸ ਵੀ ਦਰਜ ਹੋਏ ਪਰ ਪਾਰਟੀ ਦਾ ਸਾਥ ਨਹੀਂ ਛੱਡਿਆ ਸੀ। ਇਸ ਬਦਲੇ ਪਾਰਟੀ ਤੋਂ ਕੁਝ ਨਹੀਂ ਮਿਲਿਆ। ਮੈਨੂੰ ਇਸ ਗੱਲ ਦਾ ਹਮੇਸ਼ਾ ਪਛਤਾਵਾ ਰਹੇਗਾ।’

ਹੈਪੀ ਬਾਜਵਾ ਨੇ ਆਡੀਓ ਵਿਚ ਪਿੰਡ ਦੇ ਤਿੰਨ ਲੋਕਾਂ ਪ੍ਰੀਤਮ ਸਿੰਘ, ਮਹਿੰਦਰ ਸਿੰਘ ਤੇ ਬਲਜਿੰਦਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਹੈਪੀ ਨੇ ਦੱਸਿਆ ਕਿ ਉਸ ਨੇ ਜ਼ਮੀਨ ਖਰੀਦੀ ਸੀ ਪਰ ਉਸ ਵਿੱਚ ਵੀ ਅੜਿੱਕਾ ਪਾਇਆ ਗਿਆ। ਮੇਰੇ ਖਿਲਾਫ ਝੂਠੀ ਗਵਾਹੀ ਦਿੱਤੀ ਗਈ। ਹੁਣ ਮੈਂ ਆਪਣੀ ਜ਼ਿੰਦਗੀ ਤੋਂ ਪ੍ਰੇਸ਼ਾਨ ਹਾਂ। ਦਲਜੀਤ ਦੇ ਭਰਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਆਡੀਓ ਉਸ ਦੇ ਭਰਾ ਦੀ ਹੈ। ਉਸ ਨੇ ਸਾਰੀ ਉਮਰ ਕਾਂਗਰਸ ਪਾਰਟੀ ਦੀ ਸੇਵਾ ਕੀਤੀ।

ਹੈਪੀ ਬਾਜਵਾ ਨੇ ਆਡੀਓ ਵਿੱਚ ਇਹ ਵੀ ਕਿਹਾ ਕਿ ਉਸ ਨੇ ਪਾਰਟੀ ਦੀ ਸੇਵਾ ਕਰਨ ਦੇ ਚੱਕਰ ਵਿੱਚ ਵਿਆਹ ਵੀ ਨਹੀਂ ਕਰਵਾਇਆ। ਉਸ ਨੇ ਆਪਣੇ ਭਰਾ ਤੇ ਬੱਚਿਆਂ ਨਾਲ ਹੀ ਜੀਵਨ ਬਿਤਾਇਆ। ਭਰਾ ਦੇ ਬੱਚਿਆਂ ਨੂੰ ਹੀ ਆਪਣੇ ਬੱਚੇ ਸਮਝਿਆ। ਹੈਪੀ ਬਾਜਵਾ ਨੇ ਨਵਜੋਤ ਸਿੱਧੂ ਨੂੰ ਬੇਨਤੀ ਕੀਤੀ ਹੈ ਕਿ ਉਹ ਉਨ੍ਹਾਂ ਦੇ ਭਰਾ ਦੇ ਬੱਚਿਆਂ ‘ਤੇ ਹੱਥ ਰੱਖਣ ਤੇ ਉਨ੍ਹਾਂ ਦੀ ਮਦਦ ਕਰਨ।

ਹੈਪੀ ਬਾਜਵਾ ਨੇ ਆਡੀਓ ਵਿੱਚ ਕਿਹਾ ਕਿ ਮੈਂ ਅੱਤਵਾਦ ਦੇ ਦੌਰ ਵਿੱਚ ਵੀ ਪਾਰਟੀ ਲਈ ਨਿਡਰਤਾ ਨਾਲ ਕੰਮ ਕੀਤਾ। ਹਮੇਸ਼ਾ ਸਖਤ ਮਿਹਨਤ ਕੀਤੀ। ਪਰ ਕਿਤੇ ਕੋਈ ਸੁਣਵਾਈ ਨਾ ਹੋਣ ਕਾਰਣ ਹੁਣ ਮੈਂ ਖੁਦਕੁਸ਼ੀ ਕਰਨ ਵਰਗਾ ਵੱਡਾ ਕਦਮ ਚੁੱਕਣ ਜਾ ਰਿਹਾ ਹਾਂ।

ਰਾਤ ਨੂੰ ਘਰ ਪੁੱਜੇ ਨਵਜੋਤ ਸਿੱਧੂ ਨੇ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ, ਕਪਤਾਨ ਨੇ ਟਵੀਟ ਕਰਕੇ ਦੁੱਖ ਜ਼ਾਹਰ ਕੀਤਾ

ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀਰਵਾਰ ਦੇਰ ਰਾਤ ਪਿੰਡ ਜੰਗਪੁਰ ਪਹੁੰਚੇ। ਉਨ੍ਹਾਂ ਹੈਪੀ ਬਾਜਵਾ ਦੇ ਪਰਿਵਾਰ ਨੂੰ ਪੰਜਾਬ ਕਾਂਗਰਸ ਕਮੇਟੀ ਵੱਲੋਂ ਤੁਰੰਤ 10 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ। ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਾਂਗਰਸੀ ਵਰਕਰ ਹੈਪੀ ਬਾਜਵਾ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਡੀਜੀਪੀ ਦਿਨਕਰ ਗੁਪਤਾ ਨੂੰ ਮਾਮਲੇ ਦੀ ਜਾਂਚ ਕਰਨ ਅਤੇ ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਮਾਮਲੇ ਦੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।

LEAVE A REPLY

Please enter your comment!
Please enter your name here