ਚੰਡੀਗੜ੍ਹ 13,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ):: ਕਾਂਗਰਸ ਪਾਰਟੀ ਨੂੰ ਝਟਕਾ ਦਿੰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਦਲਜੀਤ ਸਿੰਘ (ਭੋਲਾ) ਗਰੇਵਾਲ ਅੱਜ ਆਪਣੇ ਸੈਂਕੜੇ ਸਾਥੀਆਂ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਆਪ ਦੇ ਪੰਜਾਬ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੁਝ ਹੋਰ ਆਪ ਲੀਡਰਾਂ ਨੇ ਚੰਡੀਗੜ ਵਿਖੇ ਦਲਜੀਤ ਸਿੰਘ (ਭੋਲਾ) ਗਰੇਵਾਲ ਤੇ ਉਨਾਂ ਦੇ ਸਾਥੀਆਂ ਦਾ ਰਸਮੀ ਤੌਰ ‘ਤੇ ਸਵਾਗਤ ਕੀਤਾ।
‘ਆਪ’ ਵਿੱਚ ਸ਼ਾਮਲ ਹੋਏ ਆਗੂਆਂ ਦਾ ਸੁਆਗਤ ਕਰਦਿਆਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਲੋਕ ਹਿਤੈਸ਼ੀ ਨੀਤੀਆਂ ਅਤੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੇ ਹਰ ਵਰਗ ਦੇ ਲੋਕ ‘ਆਪ’ ਵਿੱਚ ਸ਼ਾਮਲ ਹੋ ਰਹੇ ਹਨ। ਉਨਾਂ ਕਿਹਾ ਕਿ ਦਲਜੀਤ ਸਿੰਘ (ਭੋਲਾ) ਗਰੇਵਾਲ ਲੁਧਿਆਣਾ ਜ਼ਿਲੇ ਦੀ ਜਾਣੀ ਪਹਿਚਾਣੀ ਸਖ਼ਸ਼ੀਅਤ ਹੈ। ਗਰੇਵਾਲ ਲੰਮਾ ਸਮਾਂ ਲੁਧਿਆਣਾ ਨਗਰ ਨਿਗਮ ਦੇ ਕੌਂਸਲਰ ਰਹੇ ਹਨ ਅਤੇ ਉਨਾਂ ਦੀ ਪਤਨੀ ਬਲਵਿੰਦਰ ਕੌਰ ਗਰੇਵਾਲ ਵੀ ਕੌਸਲਰ ਵਜੋਂ ਸੇਵਾਵਾਂ ਨਿਭਾ ਰਹੇ ਹਨ।
ਭਗਵੰਤ ਮਾਨ ਨੇ ਕਿਹਾ ਕਿ ਦਲਜੀਤ ਸਿੰਘ (ਭੋਲਾ) ਗਰੇਵਾਲ ਅਤੇ ਉਨਾਂ ਦੇ ਸਾਥੀਆਂ ਵੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਆਪ ਨੂੰ ਮਿਲੀ ਵੱਡੀ ਤਾਕਤ ਮਿਲੀ ਹੈ।