ਕਸ਼ਮੀਰ ‘ਚ ਮੁੜ ਵਿਗੜ ਰਹੇ ਹਾਲਾਤ, ਫ਼ਾਰੂਕ ਅਬਦੁੱਲ੍ਹਾ ਨੂੰ ਨਮਾਜ਼ ਪੜ੍ਹਨ ਲਈ ਘਰੋਂ ਬਾਹਰ ਜਾਣ ਤੋਂ ਰੋਕਿਆ

0
41

ਸ਼੍ਰੀਨਗਰ 31 ਅਕਤੂਬਰ (ਸਾਰਾ ਯਹਾ /ਬਿਓਰੋ ਰਿਪੋਰਟ): ਕਸ਼ਮੀਰ ਦੇ ਹਾਲਾਤ ਮੁੜ ਨਾਜ਼ੁਕ ਬਣਦੇ ਜਾ ਰਹੇ ਹਨ। ਬੀਜੇਪੀ ਵਰਕਰਾਂ ਦੀ ਹੱਤਿਆ ਮਗਰੋਂ ਸੁਰੱਖਿਆ ਫੋਰਸ ਨੇ ਸਖਤੀ ਕਰ ਦਿੱਤੀ ਹੈ। ਨੈਸ਼ਨਲ ਕਾਨਫ਼ਰੰਸ (NC) ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਹੈ ਕਿ ਜੰਮੂ–ਕਸ਼ਮੀਰ ’ਚ ਪਾਰਟੀ ਪ੍ਰਧਾਨ ਫ਼ਾਰੂਕ ਅਬਦੁੱਲ੍ਹਾ ਨੂੰ ਮਿਲਾਦ-ਉਲ-ਨਬੀ ਦੇ ਮੌਕੇ ਨਮਾਜ਼ ਪੜ੍ਹਨ ਲਈ ਆਪਣੀ ਰਿਹਾਇਸ਼ਗਾਹ ਤੋਂ ਬਾਹਰ ਜਾਣ ’ਤੇ ਰੋਕ ਲਾ ਦਿੱਤੀ ਗਈ।

ਪਾਰਟੀ ਮੁਤਾਬਕ ਫ਼ਾਰੂਕ ਅਬਦੁੱਲ੍ਹਾ ਹਜ਼ਰਤਬਲ ਦਰਗਾਹ ਜਾਣਾ ਚਾਹੁੰਦੇ ਸਨ। ਇਸ ਮਾਮਲੇ ’ਤੇ ਟਿੱਪਣੀ ਲਈ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਉਪਲਬਧ ਨਹੀਂ ਹੋ ਸਕਿਆ। ਨੈਸ਼ਨਲ ਕਾਨਫ਼ਰੰਸ ਨੇ ਟਵੀਟ ਕੀਤਾ,‘ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਪਾਰਟੀ ਪ੍ਰਧਾਨ ਡਾ. ਫ਼ਾਰੂਕ ਅਬਦੁੱਲ੍ਹਾ ਦੀ ਰਿਹਾਇਸ਼ਗਾਹ ਅੱਗੇ ਨਾਕੇ ਲਾ ਦਿੱਤੇ ਹਨ ਤੇ ਉਨ੍ਹਾਂ ਨੂੰ ਨਮਾਜ਼ ਪੜ੍ਹਨ ਲਈ ਦਰਗਾਹ ਹਜ਼ਰਤਬਲ ਜਾਣ ਤੋਂ ਵਰਜ ਦਿੱਤਾ।

ਪਾਰਟੀ ਨੇ ਕਿਹਾ ਕਿ ਜੰਮੂ-ਕਸ਼ਮੀਰ ਨੈਸ਼ਨਲ ਕਾਨਫ਼ਰੰਸ ਖ਼ਾਸ ਕਰ ਕੇ ਮਿਲਾਦ-ਉਲ-ਨਬੀ ਦੇ ਪਵਿੱਤਰ ਮੌਕੇ ਉੱਤੇ ਨਮਾਜ਼ ਪੜ੍ਹਨ ਦੇ ਮੌਲਿਕ ਅਧਿਕਾਰ ਦੀ ਉਲੰਘਣਾ ਦੀ ਨਿਖੇਧੀ ਕਰਦੀ ਹੈ। ਲੋਕ ਸਭਾ ਵਿੱਚ ਸ੍ਰੀਨਗਰ ਦੀ ਨੁਮਾਇੰਦਗੀ ਕਰਨ ਵਾਲੇ ਫ਼ਾਰੂਕ ਅਬਦੁੱਲ੍ਹਾ ਡੱਲ ਝੀਲ ਕੰਢੇ ਸਥਿਤ ਹਜ਼ਰਤਬਲ ਦਰਗਾਹ ਉੱਤੇ ਜਾ ਕੇ ਨਮਾਜ਼ ਪੜ੍ਹਨ ਵਾਲੇ ਸਨ।

NO COMMENTS