*ਕਰ ਵਿਭਾਗ ਦੀ ਓ.ਟੀ.ਐਸ. ਸਕੀਮ ਦੇ ਤਹਿਤ ਵਪਾਰੀ 15 ਮਾਰਚ ਤੱਕ ਜਮ੍ਹਾ ਕਰਵਾ ਸਕਣਗੇ ਆਪਣਾ ਬਕਾਇਆ ਟੈਕਸ*

0
8

ਮਾਨਸਾ, 14 ਫਰਵਰੀ:(ਸਾਰਾ ਯਹਾਂ/ਮੁੱਖ ਸੰਪਾਦਕ)
ਜੇਕਰ ਤੁਸੀਂ ਕਾਰੋਬਾਰੀ ਹੋ ਅਤੇ ਤੁਹਾਡਾ ਟੈਕਸ ਬਕਾਇਆ ਰਹਿੰਦਾ ਹੈ ਤਾਂ ਤੁਸੀਂ ਓ.ਟੀ.ਐਸ. (ਵਨ ਟਾਈਮ ਸੈਟਲਮੈਂਟ) ਸਕੀਮ ਦਾ ਲਾਭ ਲੈ ਸਕਦੇ ਹੋ। ਇਹ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ ਰਾਜ ਕਰ, ਮਾਨਸਾ ਸ੍ਰੀ ਹਿਤੇਸ਼ਵੀਰ ਗੁਪਤਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਕਰ ਵਿਭਾਗ ਨੇ ਵਪਾਰੀ ਵਰਗ ਨੂੰ ਵੱਡੀ ਰਾਹਤ ਦਿੰਦੇ ਹੋਏ ਬਕਾਇਆ ਟੈਕਸ ਦੇ ਹੱਲ ਲਈ 15 ਨਵੰਬਰ 2023 ਤੋਂ ਓ.ਟੀ.ਐਸ. ਸਕੀਮ ਦੀ ਸ਼ੁਰੂਆਤ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਕਾਰੋਬਾਰੀ 15 ਮਾਰਚ 2024 ਤੱਕ ਬਿਨਾ ਵਿਆਜ ਅਤੇ ਬਿਨਾ ਜ਼ੁਰਮਾਨੇ ਦੇ ਟੈਕਸ ਮਾਫੀ ਦਾ ਲਾਭ ਲੈ ਸਕਦੇ ਹਨ। ਓ.ਟੀ.ਐਸ. ਸਕੀਮ ਦੇ ਤਹਿਤ ਮਾਨਸਾ ਜਿਲ੍ਹੇ ਦੇ 325 ਡੀਲਰ ਕਵਰ ਹੁੰਦੇ ਹਨ। ਸਕੀਮ ਦੇ ਤਹਿਤ 15 ਮਾਰਚ 2024 ਤੱਕ 1 ਲੱਖ ਰੁਪਏ (ਟੈਕਸ, ਵਿਆਜ ਅਤੇ ਜੁਰਮਾਨਾ) ਤੋਂ ਹੇਠਾਂ 116 ਡੀਲਰਾਂ ਦੇ ਕੇਸ ਕਵਰ ਹੁੰਦੇ ਹਨ, ਜਿੰਨ੍ਹਾਂ ਵਿੱਚ 35 ਲੱਖ ਰੁਪਏ ਟੈਕਸ ਬਕਾਇਆ ਹੈ। ਇਸੇ ਤਰ੍ਹਾਂ 1 ਲੱਖ ਤੋਂ 1 ਕਰੋੜ ਤੱਕ ਦੇ ਬਕਾਏ ਦੀ ਸ੍ਰੇਣੀ ਵਿੱਚ 209 ਡੀਲਰਾਂ ਦੇ ਕੇਸ ਕਵਰ ਹੁੰਦੇ ਹਨ, ਜਿੰਨ੍ਹਾਂ ਵਿੱਚ ਵਿਭਾਗ ਦਾ 38.57 ਕਰੋੜ ਰੁਪਇਆਂ (ਟੈਕਸ, ਵਿਆਜ ਅਤੇ ਜੁਰਮਾਨਾ) ਬਕਾਇਆ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਵਿੱਚ ਦਰਸਾਏ ਐਕਟਾਂ ਅਧੀਨ ਬਕਾਇਆ ਕੇਸਾਂ ਵਿੱਚ ਬਿਨਾਂ ਜੁਰਮਾਨਾ ਅਤੇ ਵਿਆਜ਼ ਦੇ ਸਿਰਫ ਟੈਕਸ ਰਾਸ਼ੀ ਦਾ 50 ਫ਼ੀਸਦੀ ਦਾ ਭੁਗਤਾਨ ਕਰਕੇ ਆਪਣੇ ਕੇਸ ਦਾ ਨਿਪਟਾਰਾ ਕਰਨ ਦੀ ਪੇਸ਼ਕਸ਼ ਕੀਤੀ ਹੈ।
ਉਨ੍ਹਾਂ ਵਪਾਰੀਆਂ ਨੂੰ ਅਪੀਲ ਕੀਤੀ  ਕਿ ਉਹ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਂਦੇ ਹੋਏ ਆਪਣੇ ਫਾਰਮ 15 ਮਾਰਚ 2024 ਤੋਂ ਪਹਿਲਾਂ-ਪਹਿਲਾਂ ਜਮ੍ਹਾ ਕਰਵਾਉਣ। ਇਸ ਸਕੀਮ ਤਹਿਤ ਹੋਰ ਜਾਣਕਾਰੀ ਲਈ ਦਫਤਰ ਸਹਾਇਕ ਕਮਿਸ਼ਨਰ ਰਾਜ ਕਰ, ਮਾਨਸਾ ਨਾਲ ਕਿਸੇ ਵੀ ਕੰਮ ਵਾਲੇ ਦਿਨ ਸੰਪਰਕ ਕੀਤਾ ਜਾ ਸਕਦਾ ਹੈ।  

LEAVE A REPLY

Please enter your comment!
Please enter your name here