
ਮਾਨਸਾ, 27 ਜੁਲਾਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਮਾਨਸਾ ‘ਚ ਬਾਬਾ ਭਾਈ ਗੁਰਦਾਸ ਦੇ ਡੇਰੇ ਨੇੜੇ ਬਿਜਲੀ ਦੇ ਖੰਭੇ ਤੋਂ ਕਰੰਟ ਲੱਗਣ ਕਾਰਨ ਸੱਤ ਸਾਲਾ ਬੱਚੇ ਦੀ ਮੌਤ ਹੋ ਜਾਣ ਦੀ ਖਬਰ ਮਿਲੀ ਹੈ। ਮ੍ਰਿਤਕ ਬੱਚਾ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਪਰਿਵਾਰ ਨੇ ਵਿਭਾਗ ਉੱਪਰ ਲਾਪਰਵਾਹੀ ਦੇ ਦੋਸ਼ ਲਗਾਏ ਹਨ।
ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਬੱਚੇ ਬਾਹਰ ਖੇਡ ਰਹੇ ਸਨ। ਜਿਸ ਕਾਰਨ 7 ਸਾਲਾ ਗੁਰਮਨ ਸਿੰਘ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ। ਉਨ੍ਹਾਂ ਮੰਗ ਕੀਤੀ ਕਿ ਸਬੰਧਤ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ।
ਮੌਕੇ ‘ਤੇ ਪਹੁੰਚੇ ਵਿਧਾਇਕ ਵਿਜੇ ਸਿੰਗਲਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਘਟਨਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਮਾਨਸਾ ਨਗਰ ਕੌਂਸਲ ਵੱਲੋਂ ਪਰਿਵਾਰ ਨੂੰ 2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਅਤੇ ਇਸ ਮਾਮਲੇ ਵਿੱਚ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।
