
ਬੁਢਲਾਡਾ 2 ਜੁਲਾਈ(ਸਾਰਾ ਯਹਾਂ/ਅਮਨ ਮਹਿਤਾ): ਇੱਥੋਂ ਥੋੜੀ ਦੂਰ ਪਿੰਡ ਰੱਲੀ ਦੇ ਕਿਸਾਨ ਵੱਲੋਂ ਕਰਜ਼ੇ ਦੀ ਮਾਰ ਹੇਠ ਆਉਣ ਕਾਰਨ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦੀਆਂ ਭੁਲੇਖੇ ਨਾਲ ਜ਼ਹਿਰੀਲੀ ਚੀਜ਼ ਪੀ ਲੈਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਮਿਿਲਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਮ੍ਰਿਤਕ ਕਿਸਾਨ ਦੀ ਪਤਨੀ ਜ਼ਸ਼ਨਦੀਪ ਕੋਰ ਨੇ ਪੁਲਿਸ ਨੂੰ ਦਿੱਤੇ ਬਿਆਨ ਅਨੁਸਾਰ ਦੱਸਿਆ ਕਿ ਉਸਦਾ ਪਤੀ ਭੂਪਿੰਦਰ ਸਿੰਘ ਲੰਬੇ ਸਮੇਂ ਤੋਂ ਕਰਜ਼ੇ ਦੀ ਮਾਰ ਹੇਠ ਆਉਣ ਕਾਰਨ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ। ਬੀਤੇ ਦਿਨੀਂ ਘਰ ਵਿੱਚ ਭੁਲੇਖੇ ਨਾਲ ਜ਼ਹਿਰੀਲੀ ਚੀਜ਼ ਪੀ ਗਿਆ ਜਿੱਥੇ ਉਸਦੀ ਸ਼ਹਿਰ ਦੇ ਇੱਕ ਪ੍ਰਾਇਵੇਟ ਹਸਪਤਾਲ ਵਿੱਚ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਇੱਕ ਲੜਕਾ ਅਤੇ ਲੜਕੀ ਅਤੇ ਪਤਨੀ ਛੱਡ ਗਿਆ ਹੈ। ਪੁਲਿਸ ਨੇ ਪਤਨੀ ਦੇ ਬਿਆਨ ਤੇ ਧਾਰਾ 174 ਅਧੀਨ ਕਾਰਵਾਈ ਕਰਦਿਆਂ ਪੋਸਟ ਮਾਰਟਮ ਉਪਰੰਤ ਲਾਸ਼ ਵਾਰਸਾਂ ਨੂੰ ਸੌਪ ਦਿੱਤੀ ਹੈ। ਪਿੰਡ ਦੇ ਵਸਨੀਕ ਕਿਸਾਨ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਸਿਰ ਲਗਭਗ 10 ਲੱਖ ਰੁਪਏ ਦਾ ਕਰਜ਼ਾ ਸੀ ਅਤੇ ਉਸ ਕੋਲ ਵਾਹੀਯੋਗ ਡੇਢ ਕਿੱਲਾ ਜ਼ਮੀਨ ਹੈ। ਕਰਜ਼ੇ ਵਿੱਚ 4 ਲੱਖ ਟਰੈਕਟਰ ਲੋਨ, ਢਾਈ ਲੱਖ ਰੁਪਏ ਦੀ ਬੈਂਕ ਲਿਮਟ ਤੋਂ ਇਲਾਵਾ ਆੜਤੀਏ ਅਤੇ ਹੋਰ ਲੋਕਾਂ ਦਾ ਕਰਜ਼ਾ ਸੀ।
