ਕਰੋਨਾ ਸੰਕਟ ਮੌਕੇ ਸੈਕੰਡਰੀ ਸਕੂਲ ਆਲਮਪੁਰ ਮੰਦਰਾਂ ਦੇ ਵਿੱਕੀ ਸਿੰਘ ਨੇ ਆਪਣੀ ਪੇਟਿੰਗ ਕਲਾ ਰਾਹੀਂ ਸਭ ਨੂੰ ਕੀਲਿਆ।

0
31

ਮਾਨਸਾ, 27 ਸਤੰਬਰ (ਸਾਰਾ ਯਹਾ/ਹੀਰਾ ਸਿੰਘ ਮਿੱਤਲ): ਜਿੱਥੇ ਇੱਕ ਪਾਸੇ ਪੂਰਾ ਵਿਸ਼ਵ ਕਰੋਨਾ ਦੇ ਸੰਕਟ ਦੌਰਾਨ ਜੂਝ ਰਿਹਾ ਹੈ। ਬਹੁਤ ਸਾਰੇ ਲੋਕਾਂ ਦੇ ਕੰਮਕਾਜ਼, ਸਕੂਲ, ਕਾਲਜ, ਯੂਨੀਵਰਸਿਟੀਆਂ ਲੰਬੇ ਸਮੇਂ ਤੋਂ ਬੰਦ ਪਏ ਹਨ, ਉਥੇ ਕਿਵੇਂ ਨਾ ਕਿਵੇਂ ਕਰਕੇ ਸਕੂਲ ਅਧਿਆਪਕ ਆਪਣੇ ਵਿਦਿਆਰਥੀਆਂ ਦਾ ਅਹਿਮ ਮਾਰਗ ਦਰਸ਼ਕ ਬਣ ਕੇ ਉਹਨਾਂ ਦਾ ਧਿਆਨ ਉਸਾਰੂ ਗਤੀਵਿਧੀਆਂ ਵੱਲ ਲਗਾ ਕੇ ਉਨ੍ਹਾਂ ਨੂੰ ਵਿਸ਼ੇਸ਼ ਅਗਵਾਈ ਕਰ ਰਹੇ ਹਨ। ਇਸ ਨਾਲ ਜਿੱਥੇ ਉਹਨ੍ਹਾਂ ਦੇ ਸਿੱਖਿਆ ਦੇ ਮਿਆਰ ਵਿੱਚ ਵਾਧਾ ਹੁੰਦਾ ਹੈ, ਉੱਥੇ ਉਹਨ੍ਹਾਂ ਦਾ ਇਸ ਵਿਹਲੇ ਸਮੇਂ ਦੌਰਾਨ ਧਿਆਨ ਸਮਾਜ ਵਿਰੋਧੀ ਹਰਕਤਾਂ ਤੋਂ ਦੂਰ ਚਲਾ ਜਾਂਦਾ ਹੈ। ਸਰਕਾਰੀ ਸੈਕੰਡਰੀ ਸਕੂਲ ਆਲਮਪੁਰ ਮੰਦਰਾਂ ਦੇ ਬਾਰਵੀਂ ਕਲਾਸ ਵਿੱਚ ਪੜ੍ਹਦੇ ਵਿੱਕੀ ਸਿੰਘ ਨੇ ਆਪਣੀ ਡਰਾਇੰਗ ਪੇਂਟਿੰਗ ਰਾਹੀਂ ਸਭ ਦੇ ਦਿਲਾਂ ਨੂੰ ਛੂਹ ਲਿਆ ਹੈ, ਉਸ ਨੇ ਵੱਖ ਵੱਖ ਵਿਸ਼ਿਆਂ ਤਹਿਤ ਪੇਂਟਿੰਗਾਂ ਬਣਾ ਕੇ ਸਮਾਜ ਨੂੰ ਅਹਿਮ  ਸੁਨੇਹੇ ਦਿੱਤੇ ਹਨ। ਇਸ ਵਿਦਿਆਰਥੀ ਦੀ ਵਿਸ਼ੇਸ਼ ਅਗਵਾਈ ਕਰ ਰਹੀ ਸਕੂਲ ਦੀ ਅਧਿਆਪਕਾ ਪੰਜਾਬੀ ਮਿਸਟ੍ਰੈੱਸ ਰਾਜਿੰਦਰ ਕੌਰ ਅਤੇ ਸਮਾਜਿਕ ਸਿੱਖਿਆ ਅਧਿਆਪਕ ਲਾਲ ਸਿੰਘ ਨੇ ਦੱਸਿਆ ਕਿ ਇਸ ਵਿਦਿਆਰਥੀ ਨੇ ਸਕੂਲ ਪੱਧਰ ਅਤੇ ਹੋਰ ਵੱਖ ਵੱਖ ਪੱਧਰ ਦੇ ਮੁਕਾਬਲਿਆਂ ਦੌਰਾਨ ਅਹਿਮ ਪੁਜ਼ੀਸ਼ਨਾਂ ਲਈਆਂ ਹਨ। ਇਹ ਵਿਦਿਆਰਥੀ ਆਪਣੀ ਪੜ੍ਹਾਈ ਵਿੱਚ ਹੁਸ਼ਿਆਰ ਹੋਣ ਦੇ ਨਾਲ ਨਾਲ ਅੱਤ ਦਰਜੇ ਦੀ ਸੁੰਦਰ ਲਿਖਾਈ ਵਿੱਚ ਵੀ ਮਾਹਿਰ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਵਿਦਿਆਰਥੀ ਦੀ ਅਗਵਾਈ ਕਰ ਰਹੀ ਅਧਿਆਪਕਾ ਰਾਜਿੰਦਰ ਕੌਰ ਕਰੋਨਾ ਦੀ ਇਸ ਮਹਾਂਮਾਰੀ ਦੌਰਾਨ ਕਈ ਪਿੰਡਾਂ ਵਿੱਚ ਬੱਚਿਆਂ ਨੂੰ ਘਰ ਘਰ ਸਿੱਖਿਆ ਸਮੱਗਰੀ ਵੰਡਣ, ਆਨ ਲਾਈਨ ਕਲਾਸਾਂ ਤੇ ਹੋਰ ਵੱਖ ਵੱਖ ਗਤੀਵਿਧੀਆਂ ਵਿੱਚ ਆਪਣਾ ਵਿਸ਼ੇਸ਼ ਨਾਮਣਾ ਖੱਟ ਚੁੱਕੀ ਹੈ। ਜਦੋਂ ਕਿ ਵਿਦਿਆਰਥੀ ਦੇ ਕਲਾਸ ਇੰਚਾਰਜ਼ ਲਾਲ ਸਿੰਘ ਹਮੇਸ਼ਾਂ ਹੀ ਆਪਣੇ ਵਿਦਿਆਰਥੀਆਂ ਦੇ ਰੂ ਬ ਰੂ ਰਹਿ ਕੇ ਇਹਨਾਂ ਦੇ ਭਵਿੱਖ ਨੂੰ ਸੁਨਹਿਰੀ ਕਰਨ ਲਈ ਹਰ ਸੰਭਵ ਕੋਸ਼ਿਸ ਕਰ ਰਹੇ ਹਨ। ਇਸ ਸਕੂਲ ਦੇ ਪ੍ਰਿੰਸੀਪਲ ਅਤੇ ਡਾਇਟ ਪ੍ਰਿੰਸੀਪਲ ਡਾ: ਬੂਟਾ ਸਿੰਘ ਸੇਖੋਂ ਜਿੰਨ੍ਹਾਂ ਦੀ ਦੇਖਰੇਖ ਵਿੱਚ ਸਕੂਲ ਬੁਲੰਦੀਆਂ ਨੂੰ ਛੂਹ ਰਿਹਾ ਹੈ, ਨੇ ਦੱਸਿਆ ਕਿ ਇਹ ਵਿਦਿਆਰਥੀ ਪਿੰਡ ਦੇ ਮੌਜੂਦਾ ਸਰਪੰਚ ਅਜੈਬ ਸਿੰਘ ਦਾ ਬੇਟਾ ਹੈ, ਜਿੰਨ੍ਹਾਂ ਦੇ ਦੋਵੇਂ ਬੱਚੇ ਸਰਕਾਰੀ ਸਕੂਲ ਵਿੱਚ ਪੜ੍ਹ ਰਹੇ ਹਨ। ਸਕੂਲ ਦੇ ਹਰ ਕੰਮਾਂ ਕਾਜ਼ਾਂ ਵਿੱਚ ਸਰਪੰਚ ਅਤੇ ਪੰਚਾਇਤ ਮੈਂਬਰ ਆਪਣੀ ਵੱਡੀ ਭੂਮਿਕਾ ਨਿਭਾ ਰਹੇ ਹਨ। ਉਹਨ੍ਹਾਂ ਦੱਸਿਆ ਕਿ ਪੰਚਾਇਤ ਵੱਲੋਂ ਪਿੰਡ ਵਿੱਚ ਲਾਇਬ੍ਰੇਰੀ ਖੋਲ ਕੇ ਵੀ ਬੱਚਿਆਂ ਦੇ ਸਪੁਰਦ ਕੀਤੀ ਜਾ ਰਹੀ ਹੈ। ਉੱਧਰ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਸੁਰਜੀਤ ਸਿੰਘ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜਗਰੂਪ ਸਿੰਘ ਭਾਰਤੀ, ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ, ਗਾਈਡੈਂਸ ਕੌਂਸਲਰ ਨਰਿੰਦਰ ਸਿੰਘ ਮੌਹਲ, ਸਿੱਖਿਆ ਵਿਕਾਸ ਮੰਚ ਮਾਨਸਾ ਦੇ ਜਨਰਲ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਸਰਕਾਰੀ ਸਕੂਲਾਂ ਵਿੱਚ ਅਜਿਹੇ ਵਿਲੱਖਣ ਪ੍ਰਾਪਤੀਆਂ ਵਾਲੇ ਬੱਚੇ ਅਤੇ ਅਧਿਆਪਕ ਮੌਜੂਦ ਹਨ।

NO COMMENTS