
ਮਾਨਸਾ 5 ਅਕਤੂਬਰ(ਸਾਰਾ ਯਹਾ/ਹੀਰਾ ਸਿੰਘ ਮਿੱਤਲ) : ਕੋਵਿਡ-19 ਮਹਾਂਮਾਰੀ ਦੇ ਚੱਲ ਰਹੇ ਇਸ ਦੌਰ ਵਿੱਚ ਵਧੀਆ ਸੇਵਾਵਾਂ ਪ੍ਰਦਾਨ ਕਰ ਰਹੇ ਸਿਹਤ ਅਤੇ ਪੁਲਿਸ ਅਧਿਕਾਰੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਮਾਨਸਾ ਦੇ ਵਲੰਟੀਅਰਾਂ ਵੱਲੋਂ ਸਨਮਾਨ ਸਮਾਰੋਹ ਦਾ ਆਯੋਜਿਨ ਕੀਤਾ ਗਿਆ।
ਵਿਸ਼ਵ ਵਿਆਪੀ ਕਰੋਨਾ ਮਹਾਂਮਾਰੀ ਦੇ ਮੁਸੀਬਤ ਭਰੇ ਸਮੇਂ ਅੰਦਰ ਇੰਨ੍ਹਾਂ ਅਧਿਕਾਰੀਆਂ ਵੱਲੋਂ ਸਰਗਰਮ ਅਤੇ ਨਿਡਰਤਾ ਭਰੀਆਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੇ ਮੱਦੇਨਜ਼ਰ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਮਾਨਸਾ ਦੇ ਵਲੰਟੀਅਰਾਂ ਵੱਲੋਂ ਆਯੋਜਿਤ ਸਮਾਗਮ ਦੌਰਾਨ ਅਧਿਕਾਰੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਅਮਨਪੁਰਾ ਧਾਮ ਮਾਨਸਾ ਵਿਖੇ ਰੱਖੇ ਗਏ ਪ੍ਰੋਗਰਾਮ ਮੌਕੇ ਭਰਵੇਂ ਇਕੱਠ ਦੌਰਾਨ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਪ੍ਰਿਤਪਾਲ ਸਿੰਘ ਇੰਸਾਂ ਨੇ ਦੱਸਿਆ ਕਿ ਇੱਕ ਪਾਸੇ ਆਮ ਲੋਕ ਕਰੋਨਾ ਵਾਇਰਸ ਦੇ ਨਾਂਅ ਤੋਂ ਹੀ ਡਰਦੇ ਹਨ ਅਤੇ ਇਸ ਭਿਆਨਕ ਬਿਮਾਰੀ ਦੇ ਖਤਰੇ ਕਾਰਣ ਘਰਾਂ ਤੋਂ ਬਾਹਰ ਨਿਕੱਲਣ ਤੋਂ ਵੀ ਗੁਰੇਜ਼ ਕਰਦੇ ਹਨ, ਉੱਥੇ ਹੀ ਦੂਜੇ ਪਾਸੇ ਮਾਨਸਾ ਵਿਖੇ ਸੇਵਾਵਾਂ ਨਿਭਾਅ ਰਹੇ ਜਿਲ੍ਹਾ ਪੱਧਰੀ ਸਿਵਲ ਹਸਪਤਾਲ ਮਾਨਸਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਹਰਚੰਦ ਸਿੰਘ, ਇਸੇ ਹਸਪਤਾਲ ਦੇ ਮੈਡੀਸਨ ਮਾਹਿਰ ਡਾ. ਪੰਕਜ ਤੇ ਸੁਨੀਲ ਬਾਂਸਲ ਅਤੇ ਫਾਰਮੇਸੀ ਅਫਸਰ ਕ੍ਰਿਸ਼ਨ ਕੁਮਾਰ ਆਪਣੀਆਂ ਜਾਨਾਂ ਦੀ ਪ੍ਰਵਾਹ ਕੀਤੇ ਬਿਨਾਂ ਲਗਾਤਾਰ ਨਿਡਰਤਾ ਭਰੀਆਂ ਸਰਗਰਮ ਸੇਵਾਵਾਂ ਨਿਭਾਉਂਦੇ ਹੋਏ ਆਪਣੇ ਫਰਜ਼ ਅਦਾ ਕਰ ਰਹੇ ਹਨ। ਜਿਲ੍ਹਾ ਪੱਧਰੀ ਸਿਵਲ ਹਸਪਤਾਲ ਵਿੱਚ ਕਰੋਨਾ ਵਾਇਰਸ ਤੋਂ ਪੀੜਿਤ ਮਰੀਜ਼ਾਂ ਦੇ ਵਿਸ਼ੇਵਾਰਡ ਬਣਾਏ ਹੋਏ ਹਨ ਜਿਥੇ ਕਾਫੀ ਰੋਗੀ ਇਲਾਜ ਅਧੀਨ ਚੱਲ ਰਹੇ ਹਨ । ਉਨ੍ਹਾਂ ਦਸਿਆ ਕਿ ਉਕਤ ਡਾਕਟਰਾਂ ਦੀ ਸਖਤ ਮਿਹਨਤ ਅਤੇ ਵਿਸ਼ੇਸ਼ ਤਵੱਜੋ ਸਦਕਾ ਮਾਨਸਾ ਦੇ ਸਰਕਾਰੀ ਹਸਪਤਾਲ ਵਿੱਚ ਹੁਣ ਤੱਕ ਵੱਡੀ ਗਿਣਤੀ ਵਿੱਚ ਰੋਗੀ ਤੰਦਰੁਸਤ ਹੋ ਕੇ ਆਪੋ ਆਪਣੇ ਘਰਾਂ ਵਿੱਚ ਵਾਪਸ ਜਾ ਚੁੱਕੇ ਹਨ। ਗਰੀਨ ਐਸ ਦੇ ਸੇਵਾਦਾਰ ਪ੍ਰਿਤਪਾਲ ਸਿੰਘ ਇੰਸਾਂ ਨੇ ਦੱਸਿਆ ਕਿ ਐਸਐਮਓ ਡਾ. ਹਰਚੰਦ ਸਿੰਘ, ਮੈਡੀਸਨ ਮਾਹਿਰ ਡਾ. ਪੰਕਜ ਤੇ ਡਾ. ਸੁਨੀਲ ਬਾਂਸਲ ਅਤੇ ਫਾਰਮੇਸੀ ਅਫਸਰ ਕ੍ਰਿਸ਼ਨ ਕੁਮਾਰ ਨੇ ਆਪਣੀਆਂ ਨਿੱਜੀ ਪਰਿਵਾਰਕ ਘਰੇਲੂ ਜ਼ਿੰਮੇਵਾਰੀਆਂ ਨੂੰ ਇੱਕ ਪਾਸੇ ਕਰਕੇ ਕਰੋਨਾ ਖਿਲਾਫ ਲੜਾਈ ਵਿੱਚ ਮੋਹਰੀ ਰੋਲ ਨਿਭਾਉਣ ਨੂੰ ਪਹਿਲ ਦਿੱਤੀ ਹੋਈ ਹੈ। ਰੋਜ਼ਾਨਾ ਹੀ ਕਰੋਨਾ ਪ੍ਰਭਾਵਿਤ ਰੋਗੀਆਂ ਦੇ ਸੰਪਰਕ ਵਿੱਚ ਰਹਿਣ ਕਰਕੇ ਉਕਤ ਸਿਹਤ ਅਧਿਕਾਰੀਆਂ ਨੇ ਆਪਣੇ ਪਰਿਵਾਰਿਕ ਮੈਂਬਰਾਂ ਦੇ ਬਚਾਅ ਲਈ ਖੁਦ ਨੂੰ ਵੱਖਰਾ ਰੱਖਿਆ ਹੋਇਆ ਹੈ ਜੋ ਬਹੁਤ ਵੱਡੀ ਗੱਲ ਹੈ।
ਇਸਤੋਂ ਇਲਾਵਾ ਥਾਣਾ ਸਿਟੀ 2 ਦੇ ਮੁੱਖ ਅਫਸਰ ਸਬ ਇੰਸਪੈਕਟਰ ਹਰਦਿਆਲ ਦਾਸ, ਸਬ ਇੰਸਪੈਕਟਰ ਜਸਵੀਰ ਸਿੰਘ ਅਤੇ ਟ੍ਰੈਫਿਕ ਐਜੂਕੇਸ਼ਨ ਵਿੰਗ ਦੇ ਇੰਚਾਰਜ ਥਾਣੇਦਾਰ ਸੁਰੇਸ਼ ਕੁਮਾਰ ਸਿੰਘ ਨੂੰ ਵੀ ਉਕਤ ਸਮਾਗਮਾਂ ਵਿੱਚ ਸਨਮਾਨਿਤ ਕੀਤਾ ਗਿਆ ਹੈ । ਇਹ ਪੁਲਿਸ ਅਧਿਕਾਰੀ ਪਿਛਲੇ 8 ਮਹੀਨੇ ਤੋਂ ਲਗਾਤਾਰ ਹਰ ਰੋਜ਼ 15-16 ਘੰਟੇ ਡਿਊਟੀ ਨਿਭਾਉਂਦੇ ਹੋਏ ਆਮ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਯਤਨਸ਼ੀਲ ਹਨ। ਮਾਰਚ ਮਹੀਨੇ ਤੋਂ ਲਗਾਤਾਰ ਸਰਗਰਮੀ ਨਾਲ ਸੇਵਾ ਵਿੱਚ ਜੁਟੇ ਉਕਤ ਅÎਧਿਕਾਰੀ ਦੇਸ਼ ਅਤੇ ਸਮਾਜ ਦੀ ਭਲਾਈ ਲਈ ਪੂਰੀ ਤਰ੍ਹਾਂ ਸਮਰਪਿਤ ਹਨ।
ਉਪਰੋਕਤ ਅਧਿਕਾਰੀਆਂ ਦੇ ਸਨਮਾਨ ਵਿੱਚ ਰੱਖੇ ਗਏ ਪ੍ਰੋਗਰਾਮ ਦੌਰਾਨ ਚਾਹ ਦਾ ਕੱਪ ਸਾਂਝਾ ਕਰਦਿਆਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦਿੱਤੇ ਗਏ। ਸਨਮਾਨ ਚਿੰਨ੍ਹ ਦੇਣ ਦੀ ਰਸਮ ਅਮਨਪੁਰਾ ਧਾਮ ਦੇ ਪ੍ਰਬੰਧਕ ਨਛੱਤਰ ਸਿੰਘ ਅਤੇ ਸੁਦਾਗਰ ਸਿੰਘ ਵੱਲੋਂ ਨਿਭਾਈ ਗਈ। ਇੰਨ੍ਹਾਂ ਪ੍ਰਬੰਧਕਾਂ ਵੱਲੋਂ ਉਕਤ ਅਧਿਕਾਰੀਆਂ ਦੀਆਂ ਸੇਵਾਵਾਂ ਦੀ ਵੀ ਭਰਵੀਂ ਸ਼ਲਾਘਾ ਕਰਦਿਆਂ ਵਿਸ਼ਵਾਸ ਦਿਵਾਇਆ ਗਿਆ ਕਿ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਵਲੰਟੀਅਰ ਲੋੜ ਅਨੁਸਾਰ ਸੇਵਾਵਾਂ ਨਿਭਾਉਣ ਲਈ ਹਰ ਸਮੇਂ ਤਿਆਰ ਹਨ।
ਉਪਰੋਕਤ ਅਧਿਕਾਰੀਆਂ ਵੱਲੋਂ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਵਲੰਟੀਅਰਾਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ 45 ਮੈਂਬਰ ਯੂਥ ਪੰਜਾਬ ਸ਼ਿੰਗਾਰਾ ਸਿੰਘ, 25 ਮੈਂਬਰ ਜਸਵੀਰ ਸਿੰਘ ਜਵਾਹਰਕੇ, 15 ਮੈਂਬਰ ਅੰਮ੍ਰਿਤਪਾਲ ਸਿੰਘ, ਤਰਸੇਮ ਚੰਦ, ਰਾਕੇਸ਼ ਕੁਮਾਰ ਤੇ ਗੁਲਾਬ ਸਿੰਘ, ਨਾਮਜਾਮ ਸੰਮਤੀ ਦੇ ਜਿਲ੍ਹਾ ਜ਼ਿੰਮੇਵਾਰ ਨਰੇਸ਼ ਕੁਮਾਰ, ਬਜ਼ੁਰਗ ਸੰਮਤੀ ਦੇ ਜਿਲ੍ਹਾ ਜ਼ਿੰਮੇਵਾਰ ਇੰਸਪੈਕਟਰ ਬੁੱਧ ਰਾਮ ਸ਼ਰਮਾ, ਨੇਤਰਦਾਨ ਸੰਮਤੀ ਦੇ ਜਿਲ੍ਹਾ ਜ਼ਿੰਮੇਵਾਰ ਡਾ. ਕ੍ਰਿਸ਼ਨ ਸੇਠੀ, ਖੂਨਦਾਨ ਸੰਮਤੀ ਦੇ ਜਿਲ੍ਹਾ ਜ਼ਿੰਮੇਵਾਰ ਡਾ. ਜੀਵਨ ਕੁਮਾਰ ਜਿੰਦਲ, ਸੇਵਾ ਮੁਕਤ ਬੀਪੀਈਓ ਨਾਜ਼ਰ ਸਿੰਘ, ਐਲਆਈਸੀ ਅਫਸਰ ਬਿਲਾਸ ਚੰਦ, ਸ਼ਹਿਰੀ ਭੰਗੀਦਾਸ ਗੁਰਜੰਟ ਸਿੰਘ ਤੋਂ ਇਲਾਵਾ ਰਮੇਸ਼ ਕੁਮਾਰ ਅੰਕੁਸ਼ ਲੈਬ, ਡਾ. ਕ੍ਰਿਸ਼ਨ ਵਰਮਾ, ਸੁਨੀਲ ਕੁਮਾਰ, ਮੁਨੀਸ਼ ਕੁਮਾਰ, ਰੋਹਿਤ, ਰਾਮ ਪ੍ਰਸ਼ਾਦ ਰੁਸਤਮ, ਬਲੌਰ ਸਿੰਘ ਅਤੇ ਅੰਕੁਸ਼ ਕੁਮਾਰ ਆਦਿ ਸਮੇਤ ਵੱਡੀ ਗਿਣਤੀ ਵਿੱਚ ਸੇਵਾਦਾਰ ਹਾਜ਼ਰ ਸਨ।
