“ਕਰੋਨਾ ਵਾਇਰਸ ਬਨਾਮ ਐਂਟੀ ਵਾਇਰਸ “

0
15

ਕੲੀ ਮਹੀਨਿਆਂ ਤੋਂ ਕਰੋਨਾ ਵਾਇਰਸ ਮਹਾਂਮਾਰੀ ਦਾ ਦੌਰ ਚੱਲ ਰਿਹਾ ਹੈ। ਬੇਸ਼ੱਕ ਇਸਨੂੰ ਵਰਲਡ ਹੈਲਥ ਆਰਗਨਾਈਜੇਸ਼ਨ ਨੇਂ ਵਿਸ਼ਵ ਵਿਆਪੀ ਮਹਾਂਮਾਰੀ ਘੋਸ਼ਿਤ ਕਰ ਦਿੱਤਾ ਸੀ। ਲੋਕਾਂ ਵਿੱਚ ਇਸਦਾ ਬਹੁਤ ਵੱਡਾ ਹਊਆ ਖੜਾ ਹੋ ਗਿਆ। ਕਰਫ਼ਿਊ ਲੱਗ ਗਿਆ।ਲੋਕ ਘਰਾਂ ਵਿੱਚੋਂ ਬਾਹਰ ਨਿਕਲਣੇ ਬੰਦ ਹੋ ਗਏ। ਵਪਾਰ ਬੰਦ ਹੋ ਗਿਆ। ਹਵਾਈ ਜਹਾਜ਼ ਦੀ ਸਪੀਡ ਨਾਲ ਚੱਲ ਰਹੀ ਜ਼ਿੰਦਗੀ ਨੇ ਇੱਕਦਮ ਬਰੇਕਾਂ ਲਗਾ ਦਿੱਤੀਆਂ। ਸੜਕਾਂ ਖਾਲੀ ਹੋ ਗੲੀਆਂ। ਪ੍ਰਾਈਵੇਟ ਹਸਪਤਾਲਾਂ ਨੇ ਅਪਣੇ ਬੂਹੇ ਲੋਕਾਂ ਲਈ ਬੰਦ ਕਰ ਦਿੱਤੇ।ਇੱਕਾ ਦੁੱਕਾ ਪ੍ਰਾਈਵੇਟ ਹਸਪਤਾਲ ਹੀ ਆਪਣੀਆਂ ਸੇਵਾਵਾਂ ਦਿੰਦੇ ਰਹੇ।ਜਿਸ ਹਿਸਾਬ ਨਾਲ ਜੋ ਕੁਝ ਵਾਪਰ ਰਿਹਾ ਹੈ ਉਸ ਹਿਸਾਬ ਨਾਲ ਇਹ ਵਾਇਰਸ ਨਹੀਂ ਐਂਟੀ ਵਾਇਰਸ ਹੈ।
ਮੋਬਾਇਲ ਫੋਨ ਕੰਪਿਊਟਰ ਵਿੱਚ ਜਿਸ ਤਰ੍ਹਾਂ ਕੋਈ ਵਾਇਰਸ ਆ ਜਾਂਦਾ ਹੈ ਤਾਂ ਉਸਦੇ ਹੱਲ ਲਈ ਐਂਟੀਵਾਇਰਸ ਵਰਤਿਆ ਜਾਂਦਾ ਹੈ।ਉਸੇ ਤਰਾਂ ਕੁਦਰਤ ਨੇ ਕਰੋਨਾ ਵਾਇਰਸ ਨਾਂ ਦਾ ਐਂਟੀ ਵਾਇਰਸ ਲਾਂਚ ਕੀਤਾ ।ਮਨੁੱਖ ਜਿੰਨਾ ਵੱਡਾ ਇਸ ਦੁਨੀਆਂ ਵਿੱਚ ਕੋਈ ਵਾਇਰਸ ਨਹੀਂ ਹੈ।ਉਸਨੇ ਹਵਾ ਪਾਣੀ ਧਰਤੀ ਨੂੰ ਪਲੀਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ।ਜਿੰਨਾ ਕੁਦਰਤ ਨਾਲ ਖਿਲਵਾੜ ਇਨਸਾਨ ਨੇ ਕੀਤਾ ਹੈ ਹੋਰ ਕਿਸੇ ਨੇ ਨਹੀਂ।ਹਵਾ ਪਾਣੀ ਧਰਤੀ ਕੋਈ ਚੀਜ਼ ਨਹੀਂ ਨਹੀਂ ਬਚੀ ਜੋ ਮਨੁੱਖ ਨੇ ਪ੍ਰਦੂਸ਼ਿਤ ਨਾਂ ਕੀਤੀ ਹੋਵੇ। ਫਲਾਂ ਸਬਜ਼ੀਆਂ ਅਨਾਜ਼ ਪਾਣੀ ਸਭ ਕੁਝ ਵਿੱਚ ਜ਼ਹਿਰ ਘੋਲ ਦਿੱਤਾ। ਸਰਕਾਰਾਂ ਦੀਆਂ ਲਾਪਰਵਾਹੀਆਂ ਅਤੇ ਅਫ਼ਸਰਸ਼ਾਹੀ ਦੀਆਂ ਗਲਤ ਨੀਤੀਆਂ ਕਾਰਨ ਦਰਿਆ ਨਹਿਰਾਂ ਕੱਸੀਆਂ ਵਿੱਚ ਉਦਯੋਗਿਕ ਇਕਾਈਆਂ ਕੈਮੀਕਲਾਂ ਵਾਲਾ ਜ਼ਹਿਰ ਮਿਲਾਉਂਦੀਆਂ ਰਹੀਆਂ।ਸਭ ਕੁਝ ਸਰਕਾਰਾਂ ਦੀਆਂ ਅੱਖਾਂ ਸਾਹਮਣੇ ਹੁੰਦਾ ਰਿਹਾ ਲੇਕਿਨ ਸਰਕਾਰਾਂ ਨੇ ਗੰਧਾਰੀ ਵਾਂਗ ਅੱਖਾਂ ਤੇ ਪੱਟੀ ਬੰਨੀ ਰੱਖੀ। ਜੇਕਰ ਕਦੇ ਹਾਦਸਾ ਵਾਪਰਿਆ ਤਾਂ ਉਦਯੋਗਿਕ ਇਕਾਈਆਂ ਨੂੰ ਥੋੜ੍ਹਾ ਜਿਹਾ ਜੁਰਮਾਨਾ ਲਗਾ ਕੇ ਮਸਲਾ ਠੰਢੇ ਬਸਤੇ ਵਿੱਚ ਪਾ ਦਿੱਤਾ।ਦਰਿਆਵਾਂ ਨਹਿਰਾਂ ਦਾ ਪਾਣੀ ਕਾਰਖਾਨਿਆਂ ਨੇ ਪੀਣ ਯੋਗ ਨਹੀਂ ਛੱਡਿਆ। ਘੱਗਰ ਅਤੇ ਬੁੱਢਾ ਦਰਿਆ ਕਦੇ ਸਾਫ ਪੀਣ ਵਾਲੇ ਪਾਣੀ ਦਾ ਸਰੋਤ ਹੁੰਦੇ ਸਨ।ਅੱਜ ਬੁੱਢਾ ਦਰਿਆ ਅਪਣੀ ਹੋਂਦ ਗਵਾ ਕੇ ਬੁੱਢਾ ਨਾਲੇ ਵਿੱਚ ਬਦਲ ਗਿਆ ਹੈ। ਜੇਕਰ ਸਰਕਾਰਾਂ ਨੇ ਸਖਤੀ ਨਾਲ ਉਦਯੋਗਿਕ ਇਕਾਈਆਂ ਵਿੱਚ ਟਰੀਟਮੈਂਟ ਪਲਾਂਟ ਸਥਾਪਤ ਕਰਵਾਏ ਹੁੰਦੇ ਤਾਂ ਦਰਿਆਵਾਂ ਨਹਿਰਾਂ ਦਾ ਇਹ ਹਾਲ ਨਾਂ ਹੁੰਦਾ।ਕਰੋਨਾ ਵਾਇਰਸ ਨੇ ਆ ਕੇ ਕੁਦਰਤ ਨੂੰ ਪਲੀਤ ਕਰਨ ਵਾਲੇ ਸਾਰੇ ਯਤਨਾਂ ਤੇ ਰੋਕ ਲਗਾ ਦਿੱਤੀ।ਕਰਫ਼ਿਊ ਕਾਰਨ ਸਾਰੇ ਉਦਯੋਗ ਬੰਦ ਹੋ ਗਏ ਤਾਂਸਾਰੀਆਂ ਨਦੀਆਂ ਦਰਿਆ ਸਾਫ ਹੋ ਗੲੇ। ਗੰਗਾ ਜਿਸ ਤੇ ਸਰਕਾਰਾਂ ਨੇ ਅਰਬਾਂ ਰੁਪਏ ਖਰਚ ਕਰ ਦਿੱਤੇ ਸਨ ਫਿਰ ਵੀ ਰਿਜਲਟ ਜ਼ੀਰੋ ਸੀ। ਕਰੋਨਾ ਵਾਇਰਸ ਨੇ ਉਥੇ 100/% ਰਿਜਲਟ ਦਿੱਤਾ।ਹਵਾ ਪਾਣੀ ਧਰਤੀ ਵਾਤਾਵਰਨ ਸਭ ਕੁਝ ਸਾਫ ਕਰ ਦਿੱਤੇ।ਜੋ ਪੰਛੀ ਦਿਖਾਈ ਦੇਣੋਂ ਹੱਟ ਗਏ ਸਨ ਅੱਜ ਕੱਲ ਦਰੱਖਤਾਂ ਉਪਰ ਚਹਿ ਚਿਹਾ ਰਹੇ ਹਨ।ਕੁਦਰਤ ਨੇ ਇਨਸਾਨਾਂ ਨੂੰ ਕੈਦ ਕਰ ਦਿੱਤਾ ਸੀ ਪੰਛੀ ਜਾਨਵਰ ਆਜਾਦ ਹੋ ਗਏ ਸਨ।ਹਸਪਤਾਲਾਂ ਲੈਬੋਰਟਰੀਆਂ ਵਿੱਚ ਭੀੜਾਂ ਘੱਟ ਗੲੀਆਂ। ਮਰੀਜ਼ ਅਪਣੇ ਆਪ ਹੀ ਠੀਕ ਹੋਣ ਲੱਗ ਪਏ। ਸ਼ਮਸ਼ਾਨਘਾਟਾਂ ਵਿੱਚ ਜਾ ਕੇ ਵੇਖੋ ਤਾਂ ਪਤਾ ਲੱਗੇਗਾ ਉਥੇ ਆਉਣ ਵਾਲੀਆਂ ਲਾਸ਼ਾਂ ਦੀ ਗਿਣਤੀ ਆਮ ਨਾਲ ਬਹੁਤ ਘੱਟ ਗੲੀ ।
ਹਾਂ ਇਸ ਵਾਇਰਸ ਦਾ ਥੋੜਾ ਬਹੁਤਾ ਸਾਈਡ ਇਫੈਕਟ ਵੀ ਹੋਇਆ ਹੈ। ਬਹੁਤ ਸਾਰੇ ਲੋਕਾਂ ਦਾ ਰੋਜ਼ਗਾਰ ਬੰਦ ਹੋਇਆ ਹੈ।ਬਹੁਤ ਸਾਰੇ ਲੋਕ ਘਰੋਂ ਬੇਘਰ ਹੋ ਗਏ ਉਹ ਸਿਰਫ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਬੇਘਰ ਹੋਏ ਹਨ। ਜੇਕਰ ਕਰਫ਼ਿਊ ਲਗਾਉਣ ਤੋਂ ਪਹਿਲਾਂ ਕੁਝ ਸਮਾਂ ਦਿੱਤਾ ਜਾਂਦਾ ਕਿ ਲੋਕ ਆਪਣੇ ਘਰਾਂ ਨੂੰ ਪਰਤ ਸਕਣ ਤਾਂ ਮਜ਼ਦੂਰਾਂ ਦੀ ਐਨੀ ਬੁਰੀ ਹਾਲਤ ਨਾਂ ਹੁੰਦੀ।ਉਸਤੋਂ ਵੀ ਜ਼ਿਆਦਾ ਮਹੱਤਵਪੂਰਨ ਸੀ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਹਰ ਵਿਅਕਤੀ ਨੂੰ ਏਅਰਪੋਰਟਾਂ ਦੇ ਨੇੜੇ ਏਕਾਂਤਵਾਸ ਕੀਤਾ ਹੁੰਦਾ ਤਾਂ ਐਨੇ ਲੋਕ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਨਾਂ ਹੁੰਦੇ। ਨਾਂ ਹੀ ਐਨੀਆਂ ਮੌਤਾਂ ਹੁੰਦੀਆਂ।ਫਿਰ ਵੀ ਪੰਜਾਬ ਦੇ ਹਾਲਾਤ ਕਰੋਨਾ ਮਾਮਲੇ ਵਿੱਚ ਚੰਗੇ ਰਹੇ।ਜਿੰਨੀ ਤੇਜੀ ਨਾਲ ਕੇਸ ਵਧੇ ਸਨ ਓਨੀ ਹੀ ਤੇਜੀ ਨਾਲ ਕੇਸ ਠੀਕ ਹੋਏ। ਜਿਸਦਾ ਸੇਹਰਾ ਲੋਕਾਂ ਨੂੰ ਜਾਂਦਾ ਹੈ ਜੋ ਘਰਾਂ ਵਿੱਚ ਹੀ ਰਹੇ।ਅਪਣੇ ਆਪ ਨੂੰ ਚਾਰ ਦੀਵਾਰੀ ਵਿੱਚ ਕੈਦ ਕਰ ਲਿਆ। ਡਾਕਟਰਾਂ ,ਹੈਲਥ ਵਰਕਰਾਂ, ਆਸ਼ਾ ਵਰਕਰਾਂ ਦੀ ਦਿਨ ਰਾਤ ਦੀ ਮਿਹਨਤ ਨਾਲ ਕਰੋਨਾ ਤੇ ਲਗਾਮ ਲੱਗ ਗੲੀ।ਲੇਕਿਨ ਸ਼ਾਇਦ ਕੁਦਰਤ ਮਨਜ਼ੂਰ ਏਹੀ ਸੀ ਕਿ ਲੋਕਾਂ ਨੂੰ ਥੋੜੀ ਜਿਹੀ ਅਕਲ ਦਿੱਤੀ ਜਾਵੇ।ਜੋ ਹਾਲ ਇਨਸਾਨਾਂ ਨੇ ਕੁਦਰਤ ਦਾ ਕੀਤਾ ਸੀ ਕਰੋਨਾ ਵਾਇਰਸ ਰਾਹੀ ਕੁਦਰਤ ਨੇ ਸੰਦੇਸ਼ ਦਿੱਤਾ ਹੈ ਕਿ ਸੰਭਲ ਜਾਓ ਕੁਦਰਤ ਨਾਲ ਖਿਲਵਾੜ ਨਾਂ ਕਰੋ ਇਹ ਤਾਂ ਸਿਰਫ ਟ੍ਰੇਲਰ ਹੀ ਰੀਲੀਜ਼ ਕੀਤਾ ਹੈ ਜੇਕਰ ਇਨਸਾਨ ਨਾਂ ਸਮਝਿਆ ਤਾਂ ਫ਼ਿਲਮ ਵੀ ਰੀਲੀਜ਼ ਹੋ ਸਕਦੀ ਹੈ।

LEAVE A REPLY

Please enter your comment!
Please enter your name here