ਬੁਢਲਾਡਾ 16 ਜੂਨ ( (ਸਾਰਾ ਯਹਾ/ ਅਮਨ ਮਹਿਤਾ): ਸੀ ਪੀ ਆਈ (ਐਮ) ਦੇ ਦੇਸ਼ ਵਿਆਪੀ ਸੱਦੇ ਤੇ ਤਹਿਸੀਲ ਵਿੱਚ ਵੱਖ ਵੱਖ ਥਾਵਾਂ ਤੇ ਰੋਸ ਪ੍ਰਦਰਸ਼ਨ ਕਰਕੇ ਕਰੋਨਾ ਵਾਇਰਸ ਦੇ ਕਾਰਨ ਲੋਕਾਂ ਖਾਸ ਕਰਕੇ ਮਿਹਨਤਕਸ਼ ਜਨਤਾ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੋਕੇ ਸੀ ਪੀ ਆਈ (ਐਮ) ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਸਵਰਨਜੀਤ ਸਿੰਘ ਦਲਿਓ ਨੇ ਪਿੰਡ ਅਹਿਮਦਪੁਰ ਵਿਖੇ ਇਕੱਠੇ ਹੋਏ ਮਜਦੂਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਰੋਨਾ ਮਹਾਂਮਾਰੀ ਕਾਰਨ ਮਜਦੂਰਾਂ, ਕਿਸਾਨਾਂ, ਦਸਤਕਾਰਾਂ, ਦੁਕਾਨਦਾਰਾਂ, ਵਪਾਰੀ ਵਰਗ ਦੇ ਕਾਰੋਬਾਰਾਂ ਵੱਡੀ ਮਾਰ ਪਈ ਹੈ ਜਿਸ ਕਾਰਨ ਇਨਾਂ ਤਬਕਿਆਂ ਦੀ ਆਰਥਿਕਤਾ ਲੜਖੜਾ ਗਈ ਹੈ। ਭਵਿੱਖ ਵਿੱਚ ਸੁਧਾਰ ਦੀ ਆਸ ਬੱਝਦੀ ਨਜ਼ਰ ਨਹੀਂ ਆ ਰਹੀ। ਕੇਂਦਰ ਦੀ ਮੋਦੀ ਸਰਕਾਰ ਬਜਾਏ ਲੋਕਾਂ ਨੂੰ ਆਰਥਿਕ ਰਾਹਤ ਦੇਣ ਦੇ ਉਲਟਾ ਡੀਜਲ- ਪੈਟਰੋਲ ਦੀਆਂ ਕੀਮਤਾਂ ਵਧਾਕੇ ਅਤੇ ਕਈ ਤਰ੍ਹਾਂ ਦੇ ਟੈਕਸਾਂ ਦਾ ਬੋਝ ਪਾ ਰਹੀ ਹੈ, ਸਿੱਟੇ ਵਜੋਂ ਮਹਿੰਗਾਈ ਵੱਧ ਰਹੀ ਹੈ। ਕਿਰਤ ਕਾਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਕਰ ਦਿੱਤੀਆਂ ਹਨ। ਕਈ ਲੋਕ ਵਿਰੋਧੀ ਆਰਡੀਨੈਂਸ ਪਾਸ ਕਰ ਦਿੱਤੇ ਹਨ ਜਿਨ੍ਹਾਂ ਦਾ ਖੇਤੀ ਦੇ ਧੰਦੇ ਅਤੇ ਕਿਸਾਨਾਂ ਦੀ ਆਰਥਿਕਤਾ ਤਬਾਹ ਹੋ ਜਾਵੇਗੀ। ਕਮਿਊਨਿਸਟ ਆਗੂ ਕਾ ਦਲਿਓ ਨੇ ਕਿਹਾ ਕਿ ਮੋਦੀ ਸਰਕਾਰ ਵੱਡੇ ਅਮੀਰ ਘਰਾਣਿਆਂ ਨੂੰ ਕਰੋੜਾ ਅਰਬਾਂ ਦੀਆਂ ਰਿਆਇਤਾਂ ਦੇ ਰਹੀ ਹੈ, ਪਬਲਿਕ ਖੇਤਰ ਦੇ ਅਦਾਰੇ ਆਪਣੇ ਚਹੇਤਿਆਂ ਨੂੰ ਕੋਡੀਆਂ ਦੇ ਭਾਅ ਵੇਚੇ ਜਾ ਰਹੇ ਹਨ। ਇਸ ਮੌਕੇ ਸੀ ਪੀ ਆਈ ( ਐਮ ) ਦੇ ਆਗੂਆਂ ਕਾ ਰੂਪਾ ਸਿੰਘ ਬੁਢਲਾਡਾ, ਕਾ ਜਸਵੰਤ ਸਿੰਘ ਬੀਰੋਕੇ, ਬਿੰਦਰ ਸਿੰਘ ਅਹਿਮਦਪੁਰ, ਹਰਦੀਪ ਸਿੰਘ ਅਹਿਮਦਪੁਰ, ਸੰਤ ਰਾਮ ਬੀਰੋਕੇ ਨੇ ਮੰਗ ਕੀਤੀ ਕਿ ਇਨਕਮ ਟੈਕਸ ਦੇ ਘੇਰੇ ਤੋਂ ਬਾਹਰ ਸਾਰੇ ਪਰਿਵਾਰਾਂ ਦੇ ਖਾਤਿਆਂ ਵਿੱਚ 7500 ਰੁਪਏ ਪ੍ਰਤੀ ਮਹੀਨਾ ਛੇ ਮਹੀਨਿਆਂ ਤੱਕ ਪਾਏ ਜਾਣ, ਹਰ ਇੱਕ ਪਰਿਵਾਰ ਨੂੰ ਪ੍ਰਤੀ ਵਿਅਕਤੀ 10 ਕਿਲੋ ਅਨਾਜ (ਕਣਕ ਚਾਵਲ) ਸਰਕਾਰ ਛੇ ਮਹੀਨੇ ਦੀ ਮੁਹੱਈਆ ਕਰਵਾਏ, ਮਨਰੇਗਾ ਸਕੀਮ ਅਧੀਨ ਰੁਜ਼ਗਾਰ ਦੇ ਦਿਨ ਵਧਾਕੇ 200 ਦਿਨ ਕੀਤੇ ਜਾਣ, ਕੰਮ ਨਾ ਮਿਲਣ ਦੀ ਸੂਰਤ ਚ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ ਅਤੇ ਇਸ ਸਕੀਮ ਨੂੰ ਸ਼ਹਿਰੀ ਖੇਤਰ ਵਿੱਚ ਵੀ ਲਾਗੂ ਕੀਤਾ ਜਾਵੇ, ਪਬਲਿਕ ਖੇਤਰ ਦੇ ਅਦਾਰਿਆਂ ਨੂੰ ਵੇਚਣਾ ਅਤੇ ਨਿੱਜੀਕਰਨ ਕਰਨਾ ਬੰਦ ਕੀਤਾ ਜਾਵੇ। ਇਸ ਮੌਕੇ ਵਕੀਲ ਸਿੰਘ, ਹਰਪਾਲ ਕੌਰ, ਮਨਪ੍ਰੀਤ ਕੌਰ, ਜਸਵੰਤ ਕੌਰ, ਹਰਬੰਸ ਕੌਰ, ਸੰਦੀਪ ਕੌਰ, ਕਰਮਜੀਤ ਕੌਰ, ਰੁਪਿੰਦਰ ਕੌਰ ਆਦਿ ਹਾਜ਼ਰ ਸਨ। ਫੋਟੋ: ਬੁਢਲਾਡਾ: ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ।