-ਕਰਫਿਊ ਦੌਰਾਨ ਬੱਚਿਆਂ ਦੇ ਪਹਿਲੇ ਜਨਮਦਿਨ ‘ਤੇ ਮਾਨਸਾ ਪੁਲਿਸ ਵੱਲੋਂ ਭੇਜੇ ਜਾ ਰਹੇ ਹਨ ਕੇਕ

0
116

ਮਾਨਸਾ , 17 ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ)) : ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਕਰਫਿਊ ਦੌਰਾਨ ਜ਼ਿਲ੍ਹੇ ਅੰਦਰ ਜਿਨ੍ਹਾਂ ਵੀ ਬੱਚਿਆਂ ਦਾ ਪਹਿਲਾ ਜਨਮਦਿਨ ਹੈ, ਉਨ੍ਹਾਂ ਨੂੰ ਜ਼ਿਲ੍ਹਾ ਪੁਲਿਸ ਪ੍ਰਸਾਸ਼ਨ ਵੱਲੋਂ ਕੇਕ ਭੇਜੇ ਜਾ ਰਹੇ ਹਨ। ਇਸੇ ਲੜੀ ਤਹਿਤ ਮਾਨਸਾ ਵਾਸੀ ਸ਼੍ਰੀ ਰਾਤੇਸ਼ ਗਰਗ ਦੀ ਬੱਚੀ ਮਾਇਰਾ ਗਰਗ ਦੇ ਪਹਿਲੇ ਜਨਮ ਦਿਨ ਮੌਕੇ ਕੇਕ ਉਨ੍ਹਾਂ ਦੇ ਘਰ ਪਹੁੰਚਾ ਕੇ ਜਨਮਦਿਨ ਮਨਾਉਣ ਦਾ ਨਿਵੇਕਲਾ ਉਪਰਾਲਾ ਕੀਤਾ। ਉਨ੍ਹਾਂ ਕਿਹਾ ਕਿ ਕਿਸੇ ਵੀ ਮਾ-ਬਾਪ ਲਈ ਬੱਚੇ ਦਾ ਪਹਿਲਾ ਜਨਮਦਿਨ ਵਿਸ਼ੇਸ਼ ਅਹਿਮੀਅਤ ਰੱਖਦਾ ਹੈ ਅਤੇ ਕਰਫਿਊ ਦੌਰਾਨ ਇਨ੍ਹਾਂ ਬੱਚਿਆਂ ਦੇ ਜਨਮਦਿਨ ਨੂੰ ਯਾਦਗਾਰੀ ਬਣਾਉਣ ਲਈ ਮਾਨਸਾ ਪੁਲਿਸ ਵੱਲੋਂ ਇਹ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ।
ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਕੋਰਨਾ ਵਾਇਰਸ ਤੋਂ ਬਚਾਅ ਲਈ ਜ਼ਿਲ੍ਹੇ ਅੰਦਰ ਕਰਫਿਊ ਲੱਗਿਆ ਹੋਣ ਕਰਕੇ ਪ੍ਰਸਾਸ਼ਨ ਵੱਲੋਂ ਜਰੂਰੀ ਵਸਤਾਂ ਅਤੇ ਜਰੂਰੀ ਸੇਵਾਵਾਂ ਘਰ-ਘਰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਪ੍ਰਸਾਸ਼ਨ ਵੱਲੋਂ ਕਿਸੇ ਵੀ ਵਿਅਕਤੀ ਜਾਂ ਪਰਿਵਾਰ ਨੂੰ ਕੋਈ ਸਮੱਸਿਆ ਨਹੀ ਆਉਣ ਦਿੱਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਇਸਦੇ ਬਾਵਜੂਦ ਕਈ ਪਰਿਵਾਰਾਂ ਨੂੰ ਆਪਣੇ ਬੱਚਿਆਂ ਦੇ ਜਨਮ ਦਿਨ ਮਨਾਉਣ ਵਿੱਚ ਦਿੱਕਤ ਪੇਸ਼ ਆ ਰਹੀ ਹੈ, ਕਿਉਕਿ ਜਨਮ ਦਿਨ ਮਨਾਉਣ ਲਈ ਜੋ ਕੇਕ ਵਗੈਰਾ ਚਾਹੀਦਾ ਹੈ, ਉਹ ਮਾਰਕੀਟ ਬੰਦ ਹੋਣ ਕਰਕੇ ਉਪਲਬੱਧ ਨਹੀ ਹੋ ਸਕਦਾ ਅਤੇ ਨਾ ਹੀ ਮਾਰਕੀਟ ਜਾਇਆ ਜਾ ਸਕਦਾ ਹੈ। ਜਦੋ ਕਿ ਛੋਟੇ ਬੱਚੇ ਆਪਣੇ ਮਾਤਾ-ਪਿਤਾ ਕੋਲ ਜਿੱਦ ਕਰਦੇ ਹਨ ਕਿ ਉਨ੍ਹਾਂ ਦਾ ਜਨਮ ਦਿਨ ਮਨਾਇਆ ਜਾਵੇ।
ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਮਾਨਸਾ ਜਿਲੇ ਵਿੱਚ ਜਿਹੜੇ ਵਿਲੇਜ ਜਾਂ ਵਾਰਡ ਵਾਈਜ ਪੁਲਿਸ ਅਫਸਰ (ਵੀ.ਪੀ.ਓ.) ਲਗਾਏ ਗਏ ਹਨ, ਜਿਨ੍ਹਾਂ ਦੇ ਬਣਾਏ ਗਏ ਵਟਸਅੱਪ ਗਰੁੱਪਾਂ ਤੇ ਪਿੰਡਾਂ-ਸ਼ਹਿਰਾਂ ਦੇ ਲੋਕਾਂ ਵੱਲੋਂ ਆਪਣੀਆਂ ਸਮੱਸਿਆਵਾਂ ਬਾਰੇ ਦੱਸਿਆ ਜਾ ਰਿਹਾ ਹੈ, ਜਿਨ੍ਹਾਂ ਦਾ ਯੋਗ ਹੱਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਮਾਨਸਾ ਦੇ ਵਾਰਡ ਨੰਬਰ 5 ਦੇ ਵਿਲੇਜ ਪੁਲਿਸ ਅਫਸਰ ਹੌਲਦਾਰ ਗੁਰਪਰੀਤ ਸਿੰਘ ਦੇ ਵਟਸਅੱਪ ‘ਤੇ ਸ਼੍ਰੀ ਰਾਤੇਸ ਗਰਗ ਵੱਲੋਂ ਮੈਸਿਜ ਕੀਤਾ ਗਿਆ ਕਿ ਉਸਦੀ 1 ਸਾਲ ਦੀ ਬੱਚੀ ਮਾਇਰਾ ਗਰਗ ਦਾ ਪਹਿਲਾ ਜਨਮ ਦਿਨ ਹੈ ਅਤੇ ਉਹ ਆਪਣੀ ਬੱਚੀ ਦਾ ਜਨਮ ਦਿਨ ਮਨਾਉਣਾ ਚਾਹੁੰਦੇ ਹਨ ਪਰ ਕਰਫਿਊ ਕਾਰਨ ਬਜ਼ਾਰ ਬੰਦ ਹੋਣ ਕਰਕੇ ਕੇਕ ਆਦਿ ਮੁਹੱਈਆ ਕਰਾਉਣ ਵਿੱਚ ਉਨ੍ਹਾਂ ਦੀ ਸਹਾਇਤਾ ਕੀਤੀ ਜਾਵੇ।
ਉਨ੍ਹਾਂ ਦੱਸਿਆ ਕਿ ਇਹ ਮੈਸੇਜ ਹੌਲਦਾਰ ਗੁਰਪ੍ਰੀਤ ਸਿੰਘ ਵੀ.ਪੀ.ਓ. ਵੱਲੋਂ ਆਪਣੇ ਸੀਨੀਅਰ ਅਫਸਰਾਂ ਕੋਲ ਭੇਜਿਆ ਗਿਆ। ਐਸ.ਐਸ.ਪੀ. ਡਾ. ਭਾਰਗਵ ਦੇ ਧਿਆਨ ਵਿੱਚ ਆਉਣ ‘ਤੇ ਉਨ੍ਹਾਂ ਵੱਲੋਂ ਬੱਚੀ ਦੇ ਜਨਮ ਦਿਨ ਲਈ ਕੇਕ ਜਾਂ ਸਮਾਨ ਵਗੈਰਾ ਦਾ ਤੁਰੰਤ ਪ੍ਰਬੰਧ ਕਰਕੇ ਬੱਚੀ ਦੇ ਘਰ ਮੁਹੱਈਆ ਕਰਾਉਣ ਲਈ ਕਿਹਾ ਗਿਆ ਜਿਸਦੀ ਪਾਲਣਾ ਕਰਦੇ ਹੋਏ ਵੀ.ਪੀ.ਓ. ਗੁਰਪ੍ਰੀਤ ਸਿੰਘ ਵੱਲੋਂ ਪੀ.ਸੀ.ਆਰ. ਮਾਨਸਾ ਦੀ ਮੋਟਰਸਾਈਕਲ ਟੀਮ ਨਾਲ ਗਸ਼ਤ ਕਰਦੇ ਹੋਏ ਆਏ ਅਤੇ ਕੇਕ ਤੇ ਸਮਾਨ ਬੱਚੀ ਦੇ ਘਰ ਪਹੁੰਚਾ ਕੇ ਹੈਪੀ ਬਰਥ-ਡੇ ਕਹਿ ਕੇ ਗਸ਼ਤ ਕਰਦੇ ਸਾਇਰਨ ਮਾਰਦੇ ਆਪਣੀ ਡਿਊਟੀ ਕਰਦੇ ਹੋਏ ਅੱਗੇ ਚਲੇ ਗਏ। ਉਨ੍ਹਾਂ ਦੱਸਿਆ ਕਿ ਇਸ ਇਲਾਕੇ ਦੇ ਆਂਢ-ਗੁਵਾਂਢ ਦੇ ਲੋਕਾਂ ਵੱਲੋਂ ਵੀ ਸਾਵਧਾਨੀਆਂ ਦੀ ਵਰਤੋਂ ਕਰਦੇ ਹੋਏ ਆਪਣੇ-ਆਪਣੇ ਘਰਾਂ ਦੀਆ ਛੱਤਾਂ ਉਪਰ ਸਮਾਜਿਕ ਦੂਰੀ ਨਾਲ ਖੜ੍ਹੇ ਹੋ ਕੇ ਜਿੱਥੇ ਮਾਨਸਾ ਪੁਲਿਸ ਦਾ ਧੰਨਵਾਦ ਕੀਤਾ ਗਿਆ, ਉਥੇ ਹੀ ਬੱਚੀ ਦਾ ਜਨਮ ਦਿਨ ਤਾੜੀਆਂ ਮਾਰ ਕੇ ਮਨਾਇਆ ਗਿਆ।
ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਕਰਫਿਊ ਦੌਰਾਨ ਜੇਕਰ ਕਿਸੇ ਬੱਚੀ ਦੇ ਜਨਮ ਦਿਨ ਮਨਾਉਣ ਲਈ ਕੇਕ ਆਦਿ ਮੁਹੱਈਆ ਕਰਾਉਣ ਸਬੰਧੀ ਸੂਚਨਾ ਵਿਲੇਜ ਪੁਲਿਸ ਅਫਸਰਾਂ ਰਾਹੀ ਮਿਲੇਗੀ ਤਾਂ ਮਾਨਸਾ ਪੁਲਿਸ ਤੁਰੰਤ ਕੇਕ ਅਤੇ ਸਮਾਨ ਆਪਣੇ ਵੀ.ਪੀ.ਓ. ਰਾਹੀ ਬੱਚੀ ਦੇ ਘਰ ਮੁਹੱਈਆ ਕਰਵਾਏਗੀ। ਬੱਚੀ ਦੇ ਪਰਿਵਾਰਕ ਮੈਬਰਾਂ ਵੱਲੋਂ ਜਿੱਥੇ ਵੀ.ਪੀ.ਓ. ਹੋਲਦਾਰ ਗੁਰਪ੍ਰੀਤ ਸਿੰਘ ਸਮੇਤ ਟੀਮ ਦਾ ਧੰਨਵਾਦ ਕੀਤਾ ਗਿਆ, ਉਥੇ ਹੀ ਉਨ੍ਹਾਂ ਵੱਲੋਂ ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਦਾ ਵੀ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੀ ਯੋਗ ਅਗਵਾਈ ਹੇਠ ਮਾਨਸਾ ਪੁਲਿਸ ਵੱਲੋਂ ਆਪਣੀ ਡਿਊਟੀ ਦੇ ਨਾਲ-ਨਾਲ ਸਮਾਜ ਭਲਾਈ ਦੇ ਕੰਮ ਕਰਦੇ ਹੋਏ ਬੱਚੀ ਦਾ ਪਹਿਲਾ ਜਨਮ ਦਿਨ ਮਨਾਉਣ ਵਿੱਚ ਪਰਿਵਾਰ ਦੀ ਸਹਾਇਤਾ ਕੀਤੀ ਗਈ ਹੈ।
ਬੱਚੀ ਦੇ ਪਿਤਾ ਨੇ ਕਿਹਾ ਕਿ ਉਹ ਆਪਣੀ ਬੱਚੀ ਦਾ ਜਨਮ ਦਿਨ ਸਾਰੀ ਉਮਰ ਯਾਦ ਰੱਖਣਗੇ ਅਤੇ ਬੱਚੀ ਵੱਡੀ ਹੋਣ ‘ਤੇ ਉਸਨੂੰ ਦੱਸਣਗੇ ਕਿ ਕਰਫਿਊ ਦੌਰਾਨ ਉਸਦਾ ਪਹਿਲਾ ਜਨਮ ਦਿਨ ਕਿਸ ਤਰ੍ਹਾਂ ਮਾਨਸਾ ਪੁਲਿਸ ਦੀ ਸਹਾਇਤਾ ਨਾਲ ਬੜੀ ਖੁਸ਼ੀ-ਖੁਸ਼ੀ ਮਨਾਇਆ ਗਿਆ ਸੀ। ਸਾਰੇ ਇਲਾਕੇ ਵਿੱਚ ਮਾਨਸਾ ਪੁਲਿਸ ਦੀ ਇਸ ਭੂਮਿਕਾ ਦੀ ਬੜੀ ਸਰਾਹਨਾ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here