ਨਵੀਂ ਦਿੱਲੀ 30 ਅਕਤੂਬਰ (ਸਾਰਾ ਯਹਾ /ਬਿਓਰੋ ਰਿਪੋਰਟ): ਕਰਤਾਰਪੁਰ ਕੌਰੀਡੋਰ ਕੋਰੋਨਾ ਵਾਇਰਸ ਕਾਰਨ ਅਜੇ ਤਕ ਬੰਦ ਪਿਆ ਹੈ। ਅਜਿਹੇ ‘ਚ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਕਰਤਾਰਪੁਰ ਕੌਰੀਡੋਰ ਖੋਲ੍ਹਣ ਦਾ ਫੈਸਲਾ ਕੋਰੋਨਾ ਵਾਇਰਸ ਪ੍ਰੋਟੋਕੋਲ ਦੇ ਮੁਤਾਬਕ ਲਿਆ ਜਾਵੇਗਾ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਕਿਹਾ ‘ਕੋਵਿਡ 19 ਪ੍ਰੋਟੋਕਲ ਕਾਰਨ ਕਰਤਾਰਪੁਰ ਕੌਰੀਡੋਰ ਬੰਦ ਕਰ ਦਿੱਤਾ ਗਿਆ ਸੀ। ਹੁਣ ਇਹ ਸਬੰਧਤ ਅਧਿਕਾਰੀਆਂ ਦੀ ਸਹਿਮਤੀ ਤੋਂ ਬਾਅਦ ਖੋਲ੍ਹਿਆ ਜਾਵੇਗਾ।’
ਉਨ੍ਹਾਂ ਕਿਹਾ ਕਰਤਾਰਪੁਰ ਕੌਰੀਡੋਰ ਖੋਲ੍ਹਣ ਦਾ ਫੈਸਲਾ Covid19 ਪ੍ਰੋਟੋਕੋਲ ਦੇ ਹਿਸਾਬ ਨਾਲ ਲਿਆ ਜਾਵੇਗਾ। ਅਸੀਂ ਇਸ ਨਾਲ ਸਬੰਧਤ ਅਧਿਕਾਰੀਆਂ ਦੇ ਨਾਲ ਸੰਪਰਕ ‘ਚ ਹਾਂ। ਹਾਲਾਂਕਿ ਦੋ ਅਕਤੂਬਰ ਨੂੰ ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ‘ਚ ਗੁਰਦੁਆਰਾ ਦਰਬਾਰ ਸਾਹਿਬ ਨੂੰ ਜੋੜਨ ਵਾਲੇ 4.7 ਕਿਲੋਮੀਟਰ ਲੰਬੇ ਰਾਹ ਨੂੰ ਫਿਰ ਤੋਂ ਖੋਲ੍ਹਣ ਦੀ ਗੱਲ ਆਖੀ ਸੀ।
ਭਾਰਤ ਵਾਲੇ ਪਾਸੇ ਫਿਲਹਾਲ ਲਾਂਘਾ ਮੁੜ ਤੋਂ ਖੋਲ੍ਹਣ ਦਾ ਕੋਈ ਫੈਸਲਾ ਨਹੀਂ ਲਿਆ ਗਿਆ। ਅਜਿਹੇ ‘ਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਆਉਣ ਵਾਲਾ ਹੈ ਤੇ ਸੰਗਤ ਨੂੰ ਆਸ ਹੈ ਕਿ ਇਸ ਮੌਕੇ ਸ਼ਾਇਦ ਭਾਰਤ ਸਰਕਾਰ ਵੀ ਕੌਰੀਡੋਰ ਖੋਲ੍ਹ ਦੇਵੇ।