
ਮਾਨਸਾ 30 ਅਗਸਤ(ਸਾਰਾ ਯਹਾਂ/ਮੁੱਖ ਸੰਪਾਦਕ)ਮਾਨਸਾ ਦੇ ਨੇੜਲੇ ਪਿੰਡ ਨੰਗਲ ਕਲਾਂ ਵਿਖੇ ਕਰਜ਼ੇ ਤੋਂ ਤੰਗ ਆ ਕੇ ਗਰੀਬ ਕਿਸਾਨ ਵੱਲੋਂ ਸਲਫਾਸ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ । ਕਿਸਾਨ ਜਗਤਾਰ ਸਿੰਘ ਪੁੱਤਰ ਮੱਘਰ ਸਿੰਘ ਉਮਰ 36 ਸਾਲ, ਜੋ ਪੇਸ਼ੇ ਤੋਂ ਕਿਸਾਨੀ ਦੇ ਨਾਲ ਨਾਲ ਬਿਜਲੀ ਦੀਆਂ ਮੋਟਰਾਂ ਦੀ ਮੁਰੰਮਤ ਦਾ ਵੀ ਕੰਮ ਕਰਦਾ ਸੀ । ਪਰਿਵਾਰ ਦੀ ਇੱਕ ਪੀੜੀ ਲਗਾਤਾਰ ਕਰਜ਼ਾ ਉਤਾਰਦਿਆਂ ਆਪਣੀ ਜ਼ਮੀਨ ਵੀ ਖੋ ਚੁੱਕੀ ਹੈ ਅਤੇ ਹੁਣ ਠੇਕੇ ਉੱਤੇ ਜ਼ਮੀਨ ਲੈ ਕੇ ਖੇਤੀ ਕਰ ਰਹੀ ਹੈ । ਇਸ ਮੌਕੇ ਪੁੱਜੇ ਭਾਕਿਯੂ (ਏਕਤਾ) ਡਕੌਂਦਾ ਦੇ ਬਲਾਕ ਪ੍ਰਧਾਨ ਬਲਜੀਤ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਖੇਤੀ ਦੀਆਂ ਜਿਨਸਾਂ ਦੇ ਵਾਜਿਵ ਭਾਅ ਨਾ ਮਿਲਣ ਕਾਰਨ ਅਤੇ ਕਰਜਾ ਨਾ ਘਟਣ ਕਾਰਨ ਆਖ਼ਰ ਬੇਜ਼ਮੀਨੇ ਕਿਸਾਨ ਵੱਲੋਂ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ ਹੈ । ਮ੍ਰਿਤਕ ਆਪਣੇ ਪਿੱਛੇ ਦੋ ਬੱਚੇ ਅਤੇ ਘਰਵਾਲੀ ਸਮੇਤ ਪੰਜ ਲੱਖ ਦਾ ਸਰਕਾਰੀ ਅਤੇ ਗੈਰ ਸਰਕਾਰੀ ਕਰਜ਼ਾ ਛੱਡ ਗਿਆ ਹੈ । ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਹਾਸ਼ੀਏ ਉੱਤੇ ਧੱਕੇ ਹੋਏ ਕਰਜ਼ੇ ਤੋਂ ਪੀੜਿਤ ਲੋਕਾਂ ਦੀ ਨਿਸ਼ਾਨਦੇਹੀ ਕਰਕੇ ਆਰਥਿਕ ਮੱਦਦ ਕੀਤੀ ਜਾਵੇ ।
