
ਮਾਨਸਾ, 25 ਅਪ੍ਰੈਲ -(ਸਾਰਾ ਯਹਾਂ/ਬੀਰਬਲ ਧਾਲੀਵਾਲ) ਪਿੰਡ ਮਾਨਸਾ ਖੁਰਦ ਦੇ ਵਾਸੀ ਕਈ ਸਮੱਸਿਆਵਾਂ ਨਾਲ ਜੂਝ ਰਹੇ ਹਨ। ਇਕੱਠੀ ਕੀਤੀ ਜਾਣਕਾਰੀ ਅਨੁਸਾਰ ਪਿੰਡ ਮਾਨਸਾ ਖੁਰਦ ਵਿਖੇ ਸੀਵਰੇਜ ਦੇ ਪਾਣੀ ਦਾ ਠੋਸ ਪ੍ਰਬੰਧ ਨਾ ਹੋਣ ਕਰਕੇ ਗੰਦਾ ਪਾਣੀ ਗੁਰੂ ਘਰ ਦੇ ਨਾਲ ਖਾਲੀ ਪਲਾਂਟ ‘ਚ ਪੈ ਰਿਹਾ ਹੈ। ਜਿੱਥੇ ਇਹ ਇਕੱਠਾ ਗੰਦਾ ਪਾਣੀ ਅਨੇਕਾਂ ਬਿਮਾਰੀਆ ਨੂੰ ਸੱਦਾ ਦੇ ਰਿਹਾ ਹੈ ਉੱਥੇ ਸੜਕ ‘ਤੇ ਗੁਜਰਦੇ ਲੋਕਾਂ ਨੂੰ ਵੀ ਇਸ ਗੰਦੇ ਪਾਣੀ ਦੀ ਬਦਬੂ ਨਾਲ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਦੇ ਮੋਹਤਬਰ ਵਿਅਕਤੀਆਂ ਨੇ ਦੱਸਿਆ ਕਿ ਪਾਣੀ ਦੇ ਨਿਕਾਸ ਦਾ ਇੱਥੇ ਕੋਈ ਪ੍ਰਬੰਧ ਨਹੀਂ ਹੈ। ਉਹਨਾਂ ਇਹ ਵੀ ਕਿਹਾ ਕਿ ਪੀਣ ਵਾਲੇ ਪਾਣੀ ਵਾਲਾ ਆਰ ਓ ਪਲਾਂਟ ਵੀ ਤਕਰੀਬਨ 15-20 ਦਿਨਾਂ ਤੋਂ ਬੰਦ ਹੋਣ ਕਾਰਨ ਪਿੰਡ ਵਾਸੀ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ। ਉਹਨਾਂ ਦੱਸਿਆ ਕਿ ਪਿੰਡ ‘ਚ ਵਾਟਰ ਵਰਕਸ ਦਾ ਪਾਣੀ ਜ਼ਰੂਰ ਆਉਂਦਾ ਹੈ ਪਰ ਉਹ ਵੀ ਥੋੜਾ ਥੋੜਾ ਆਉਂਦਾ ਹੈ। ਜ਼ਮੀਨੀ ਪਾਣੀ ਮਾੜਾ ਹੋਣ ਕਾਰਨ ਵੀ ਕਾਫੀ ਲੋਕ ਕਈ ਬਿਮਾਰੀਆਂ ਨਾਲ ਜੂਝ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਵਾਟਰ ਵਰਕਸ ਦੀਆਂ ਦੋ ਡਬਲ ਪਾਈਪਾਂ ਪਵਾਈਆਂ ਜਾਣ ਤਾਂ ਜੋ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਰਾਹਤ ਮਿਲ ਜਾਵੇ। ਉਹਨਾਂ ਪਿੰਡ ਦੀ ਪੰਚਾਇਤ ਪਾਸੋਂ ਮੰਗ ਕੀਤੀ ਕਿ ਇਨ੍ਹਾਂ ਦੋਵਾਂ ਸਮੱਸਿਆਵਾਂ ਦਾ ਹੱਲ ਜਲਦੀ ਕਰਵਾਇਆ ਜਾਵੇ।

