
ਮਾਨਸਾ, 5 ਮਾਰਚ (ਸਾਰਾ ਯਹਾਂ /ਮੁੱਖ ਸੰਪਾਦਕ) : ਹਜ਼ਾਰਾਂ ਸਾਲਾਂ ਤੋਂ ਅਨਿਆਂ ਦਾ ਸ਼ਿਕਾਰ ਭਾਰਤੀ ਔਰਤ ਲਈ ਅਜੋਕੇ ਦੌਰ ਵਿੱਚ ਵਿਕਸਤ ਹੋਣ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਮੌਜੂਦ ਹਨ ਅਤੇ ਬਹੁਤ ਸਾਰੇ ਕਾਨੂੰਨ ਔਰਤ ਦੀ ਸੁਰੱਖਿਆ ਅਤੇ ਤਰੱਕੀ ਲਈ ਬਣਾਏ ਗਏ ਹਨ ਪਰ ਔਰਤ ਦੀ ਖੁਸ਼ਹਾਲੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਔਰਤਾਂ ਨੂੰ ਆਪਣੇ ਹਿੱਸੇ ਦੀ ਸਪੇਸ ਉੱਪਰ ਖੁਦ ਕਾਬਜ਼ ਹੋਣਾ ਪਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ—ਕਮ—ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਅਮਨਦੀਪ ਸਿੰਘ ਨੇ ਅੱਜ ਮਾਈ ਭਾਗੋ ਗWੱਪ ਆਫ ਇੰਸਟੀਚਿਊਟਸ (ਲੜਕੀਆਂ) ਰੱਲਾ ਵਿਖੇ ਅੰਤਰ ਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੀਤਾ।

ਉਨ੍ਹਾਂ ਕਿਹਾ ਕਿ ਔਰਤਾਂ ਦਾ ਯੌਨ ਸ਼ੋਸ਼ਣ ਇੱਕ ਗੰਭੀਰ ਸਮੱਸਿਆ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਮਰਦ ਸਮਾਜ ਨੂੰ ਔਰਤਾਂ ਦੇ ਸਨਮਾਨ ਲਈ ਅੱਗੇ ਆਉਣਾ ਚਾਹੀਦਾ ਹੈ। ਸੈਮੀਨਾਰ ਦੇ ਮੁੱਖ ਬੁਲਾਰੇ ਅਤੇ ਨੋਡਲ ਅਫਸਰ ਐਡਵੋਕੇਟ ਬਲਵੰਤ ਭਾਟੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਔਰਤ ਨੂੰ ਜਕੜਨ ਦੀ ਸਮੱਸਿਆ ਕੋਈ ਨਵੀਂ ਨਹੀਂ ਹੈ ਬਲਕਿ ਇਸ ਦੇ ਪਿੱਛੇ ਦਸ ਹਜ਼ਾਰ ਸਾਲ ਪੁਰਾਣਾ ਮਕੜ ਜਾਲ ਹੈ ਜਿਸ ਉਪਰ ਚਲਦਿਆਂ ਪੁਜਾਰੀ ਵਰਗ ਨੇ ਸਤੀ ਪ੍ਰਥਾ ਵਰਗੀਆਂ ਲਾਹਣਤਾਂ ਨੂੰ ਜਨਮ ਦਿੱਤਾ ਪਰ ਭਾਰਤੀ ਸੰਵਿਧਾਨ ਅਤੇ ਉਸ ਦੇ ਤਹਿਤ ਬਣੇ ਹੋਰ ਬਹੁਤ ਸਾਰੇ ਕਾਨੂੰਨਾਂ ਨੇ ਔਰਤਾਂ ਲਈ ਸੁਰੱਖਿਅਤ ਵਾਤਾਵਰਨ ਸਿਰਜਣ ਲਈ ਬਹੁਤ ਵੱਡੀ ਭੂਮਿਕਾ ਅਦਾ ਕੀਤੀ ਹੈ ਪਰ ਇਹ ਗੱਲ ਵੱਖਰੀ ਹੈ ਕਿ ਜਾਗਰੂਕਤਾ ਦੀ ਘਾਟ ਕਾਰਨ ਕਾਨੂੰਨ ਅਸਲ ਰੂਪ ਵਿੱਚ ਲਾਗੂ ਨਾ ਹੋ ਕੇ ਕਿਤਾਬਾਂ ਦਾ ਸ਼ਿੰਗਾਰ ਬਣ ਕੇ ਰਹਿ ਜਾਂਦੇ ਹਨ। ਕਾਨੂੰਨ ਪ੍ਰਤੀ ਜਾਗਰੂਕਤਾ ਹੀ ਔਰਤਾਂ ਸਮੇਤ ਸਮਾਜ ਦੇ ਹਰ ਵਰਗ ਲਈ ਨਿਆਂ ਦਾ ਦਰਵਾਜ਼ਾ ਖੋਲ੍ਹਦੀ ਹੈ। ਇਸ ਮੌਕੇ ਕਾਲਜ

ਦੇ ਚੇਅਰਮੈਨ—ਕਮ—ਮੈਨੇਜਿੰਗ ਡਾਇਰੈਕਟਰ ਸ੍ਰ. ਕੁਲਦੀਪ ਸਿੰਘ ਖਿਆਲਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਇਸ ਗੱਲੋਂ ਸ਼ਲਾਘਾ ਕੀਤੀ ਕਿ ਇਹ ਅਥਾਰਟੀ ਕਾਨੂੰਨੀ ਜਾਗਰੂਕਤਾ ਫੈਲਾਉਣ ਲਈ ਪ੍ਰਸ਼ੰਸਾਯੋਗ ਕੰਮ ਕਰ ਰਹੀ ਹੈ। ਇਸ ਮੌਕੇ ਪf੍ਰੰਸੀਪਲ ਡਾ. ਪਰਮਿੰਦਰ ਕੁਮਾਰੀ, ਪ੍ਰੋਫੈਸਰ ਗੁਰਵਿੰਦਰ ਸਿੰਘ, ਸਹਾਇਕ ਪ੍ਰੋਫੈਸਰ ਮਨਪ੍ਰੀਤ ਕੌਰ, ਮਨਦੀਪ ਸਿੰਘ, ਰਮਨਪ੍ਰੀਤ ਕੌਰ ਅਤੇ ਬੂਟਾ ਸਿੰਘ ਵੀ ਹਾਜ਼ਰ ਸਨ।
