
ਬੁਢਲਾਡਾ 20 ਫਰਵਰੀ (ਸਾਰਾ ਯਹਾਂ/ਮਹਿਤਾ ਅਮਨ) ਰੇਲਵੇ ਓਵਰ ਬ੍ਰਿਜ ਦੀ ਰੇਲਿੰਗ ਟੁੱਟਣ ਕਾਰਨ ਕਿਸੇ ਵੀ ਸਮਾਂ ਵੱਡਾ ਹਾਦਸਾ ਵਾਪਰ ਸਕਦਾ ਹੈ। ਬੋਹਾ ਸਾਇਡ ਤੋਂ ਪੁੱਲ ਤੇ ਚੜ੍ਹਨ ਸਮੇਂ ਰੇਲਿੰਗ ਪਿਛਲੇ 6 ਮਹੀਨਿਆਂ ਤੋਂ ਟੁੱਟੀ ਪਈ ਹੈ। ਜਿਸ ਕਾਰਨ ਵਹੀਕਲ ਆਏ ਦਿਨ ਗਰਿਲਾਂ ਵਿੱਚ ਫਸ ਜਾਂਦੇ ਹਨ ਅਤੇ ਦੁਰਘਟਨਾ ਦਾ ਸ਼ਿਕਾਰ ਹੋ ਜਾਂਦੇ ਹਨ। ਅਕਸਰ ਹੀ ਗਰਿਲ ਟੁੱਟੇ ਵਾਲੇ ਪਾਸਿਓ ਬਰ੍ਹੇ ਰੋਡ ਲਿੰਕ ਸਾਇਡ ਤੋਂ ਗਰਿਲ ਰਾਹੀਂ ਆਵਾਰਾ ਪਸ਼ੂ ਸੜਕ ਤੇ ਆ ਜਾਂਦੇ ਹਨ ਜੋ ਟ੍ਰੇਫਿਕ ਵਿੱਚ ਵਿਘਨ ਬਣਦੇ ਹਨ। ਇਹ ਪੰਜਾਬ ਹਰਿਆਣਾ ਨੂੰ ਜੋੜਣ ਵਾਲਾ ਮੁੱਖ ਮਾਰਗ ਹੈ ਜਿਸ ਤੇ ਆਵਾਜਾਈ ਕਾਫੀ ਰਹਿੰਦੀ ਹੈ। ਸ਼ਹਿਰ ਦੇ ਸਮਾਜਸੇਵੀ ਰਾਜੇਸ਼ ਲੱਕੀ, ਪ੍ਰਮੋਦ ਕੁਮਾਰ ਹੋਜਰੀ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਇਨ੍ਹਾਂ ਗਰਿਲਾਂ ਨੂੰ ਪਹਿਲ ਦੇ ਆਧਾਰ ਤੇ ਮੁਰੰਮਤ ਕਰਕੇ ਤੁਰੰਤ ਠੀਕ ਕੀਤਾ ਜਾਵੇ ਤਾਂ ਜੋ ਅਣਸੁਖਾਵੀ ਘਟਨਾ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਗਰਿਲਾਂ ਦੇ ਠੀਕ ਕਰਕੇ ਰੇਡੀਅਮ ਨਾਲ ਨਿਸ਼ਾਨਦੇਹੀ ਕੀਤੀ ਜਾਵੇ ਤਾਂ ਜੋ ਰਾਤ ਸਮੇਂ ਵੀ ਦੁਰਘਟਨਾ ਤੋਂ ਬਚਾਅ ਕੀਤਾ ਜਾ ਸਕੇ।
