ਮਾਨਸਾ 19 ਜੂਨ (ਸਾਰਾ ਯਹਾਂ/ਮੁੱਖ ਸੰਪਾਦਕ) : ਐੱਸ.ਐੱਸ.ਪੀ ਮਾਨਸਾ ਸੁਰੇਂਦਰ ਲਾਂਬਾ ਆਈ.ਪੀ.ਐੱਸ ਦੀ ਮਾਨਸਾ ਜਿਲ੍ਹੇ ਦੇ ਵਾਸੀਆਂ ਲਈ ਵਧੀਆਂ ਸੇਵਾਵਾਂ ਅਤੇ ਪੰਚਾਇਤਾਂ ਨਾਲ ਤਾਲਮੇਲ ਰੱਖਣ ਤੇ ਅਤੇ ਕੋਰੋਨਾ ਮਹਾਂਮਾਰੀ ਨਾਲ ਨਿਜੱਠਣਾ ਅਤੇ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਦੇ ਬਦਲੇ ਪੰਚਾਇਤ ਯੂਨੀਅਨ ਮਾਨਸਾ ਨੇ ਵਿਸ਼ੇਸ਼ ਤੌਰ ਤੇ ਉਨ੍ਹਾਂ ਦਾ ਇੱਕ ਸਾਦੇ ਸਮਾਗਮ ਦੌਰਾਨ ਪੁਲਿਸ ਲਾਈਨ ਮਾਨਸਾ ਵਿਖੇ ਸਨਮਾਨ ਕੀਤਾ। ਇਸ ਮੌਕੇ ਜਿਲ੍ਹੇ ਦੇ ਐੱਸ.ਪੀ, ਡੀ.ਐੱਸ.ਪੀ ਅਤੇ ਸਮੂਹ ਐੱਸ.ਐੱਚ.ਓ ਵੀ ਮੌਜੂਦ ਸਨ। ਇਸ ਮੌਕੇ ਪੰਚਾਇਤ ਯੂਨੀਅਨ ਮਾਨਸਾ ਦੇ ਪ੍ਰਧਾਨ ਜਗਦੀਪ ਸਿੰਘ ਬੁਰਜ ਢਿੱਲਵਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਤੌਰ ਐੱਸ.ਐੱਸ.ਪੀ ਸੁਰੇਂਦਰ ਲਾਂਬਾ ਨੇ ਇਮਾਨਦਾਰੀ ਅਤੇ ਤਨਦੇਹੀ ਨਾਲ ਡਿਊਟੀ ਨਿਭਾਉਂਦਿਆਂ ਹਰ ਇੱਕ ਨਾਗਰਿਕ ਨੂੰ ਸਤਿਕਾਰ ਦਿੱਤਾ ਅਤੇ ਮਾੜੇ ਅਨਸਰਾਂ ਨਾਲ ਸਖਤੀ ਨਾਲ ਨਿਜੱਠਿਆ। ਉਨ੍ਹਾਂ ਕਿਹਾ ਕਿ ਪੁਲਿਸ ਵਿੱਚ ਲੋਕਾਂ ਦਾ ਵਿਸ਼ਵਾਸ਼ ਹੋਰ ਕਾਇਮ ਹੋਇਆ ਹੈ। ਜਿਸ ਸਦਕਾ ਪੁਲਿਸ ਵਿੱਚ ਲੋਕਾਂ ਦਾ ਡਰ ਭੈਅ ਖਤਮ ਕਰਕੇ ਇੱਕ ਨੇੜਤਾ ਬਣੀ ਅਤੇ ਜਿਲ੍ਹਾ ਪੁਲਿਸ ਕੋਲ ਪਹੁੰਚਣ ਵਾਲੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕੀਤਾ ਗਿਆ। ਪਿੰਡ ਨੰਗਲ ਦੇ ਸਰਪੰਚ ਪਰਮਜੀਤ ਸਿੰਘ ਨੇ ਭਾਵੁਕ ਹੁੰਦਿਆਂ ਕਿਹਾ ਕਿ ਅਫਸਰ ਆਉਂਦੇ ਜਾਂਦੇ ਰਹਿੰਦੇ ਹਨ, ਪਰ ਕੁਝ ਅਫਸਰ ਆਪਣੀ ਚੰਗੀ ਕਾਰਗੁਜਾਰੀ ਨਾਲ ਲੋਕਾਂ ਦੇ ਦਿਲਾਂ ਵਿੱਚ ਥੌੜੇ ਸਮੇਂ ਵਿੱਚ ਨਾਮ ਬਣਾ ਜਾਂਦੇ ਹਨ। ਜਦੋਂ ਸਰਕਾਰ ਉਨ੍ਹਾਂ ਦੀ ਬਦਲੀ ਕਰ ਦਿੰਦੀ ਹੈ ਤਾਂ ਸੁਭਾਵਕ ਤੌਰ ਤੇ ਇਹ ਘਾਟ ਮਹਿਸੂਸ ਹੁੰਦੀ ਹੈ। ਇਸ ਮੌਕੇ ਪੰਚਾਇਤ ਯੂਨੀਅਨ ਮਾਨਸਾ ਨੇ ਐੱਸ.ਐੱਸ.ਪੀ ਸੁਰੇਂਦਰ ਲਾਂਬਾ ਦਾ ਸਨਮਾਨ ਕਰਦਿਆਂ ਇੱਕ ਵਧੀਆ ਅਫਸਰ ਦਾ ਖਿਤਾਬ ਦਿੱਤਾ ਅਤੇ ਉਮੀਦ ਕੀਤੀ ਕਿ ਉਹ ਤਰੱਕੀ ਕਰਕੇ ਦਰਜਨਾਂ ਭਰ ਜਿਲਿ੍ਹਆਂ ਦੀ ਨੁਮਾਇੰਦਗੀ ਕਰਨਗੇ। ਐੱਸ.ਐੱਸ.ਪੀ ਸੁਰੇਂਦਰ ਲਾਂਬਾ ਨੇ ਕਿਹਾ ਕਿ ਬਤੌਰ ਐੱਸ.ਐੱਸ.ਪੀ ਮਾਨਸਾ ਉਨ੍ਹਾਂ ਨੂੰ ਕੰਮ ਕਰਕੇ ਬਹੁਤ ਖੁਸ਼ੀ ਮਿਲੀ ਹੈ। ਅਤੇ ਮਾਨਸਾ ਜਿਲ੍ਹੇ ਦੀਆਂ ਪੰਚਇਤਾਂ, ਸਮਾਜ ਸੇਵੀਆਂ, ਮੋਹਤਵਾਰ ਵਿਅਕਤੀਆਂ, ਕਲੱਬਾਂ ਅਤੇ ਜਿਲ੍ਹਾ ਵਾਸੀਆਂ ਦਾ ਬਹੁਤ ਪਿਆਰ ਮਿਲਿਆ। ਇਸ ਮੌਕੇ ਜਿਲ੍ਹੇ ਦੀਆਂ ਵੱਖ-ਵੱਖ ਪੰਚਾਇਤਾਂ, ਸਮਾਜ ਸੇਵੀ, ਕਲੱਬਾਂ, ਸੰਸਥਾਵਾਂ, ਮੋਹਤਬਰ ਵਿਅਕਤੀਆਂ ਨੇ ਸ਼੍ਰੀ ਲਾਂਬਾ ਦਾ ਸਨਮਾਨ ਕੀਤਾ। ਇਸ ਮੌਕੇ ਰੀਡਰ ਮਨੋਹਰ ਸਿੰਘ ਵੀ ਮੌਜੂਦ ਸਨ।