
ਚੰਡੀਗੜ੍ਹ, 18 ਅਪ੍ਰੈਲ: ਪੰਜਾਬ ਪੁਲਿਸ ਨੇ ਸ਼ਨੀਵਾਰ ਨੂੰ ਐਸਐਚਓ ਖੰਨਾ, ਇੰਸਪੈਕਟਰ ਬਲਜਿੰਦਰ ਸਿੰਘ ਵਿਰੁੱਧ ਵਿਭਾਗੀ ਕਾਰਵਾਈ ਵਿੱਢ ਦਿੱਤੀ ਗਈ ਹੈ ਅਤੇ ਉਕਤ ਅਧਿਕਾਰੀ ਦੇ ਤੁਰੰਤ ਤਬਾਦਲੇ ਦੇ ਆਦੇਸ਼ ਦਿੱਤੇ ਹਨ।ਬਲਜਿੰਦਰ ਸਿੰਘ ਵਿਰੁੱਧ ਪਿਛਲੇ ਸਾਲ ਆਪਣੇ ਥਾਣੇ ਵਿੱਚ ਤਿੰਨ ਵਿਅਕਤੀਆਂ ਨੂੰ ਕਥਿਤ ਤੌਰ ’ਤੇ ਨੰਗਾ ਕਰਨ ਦੇ ਇਲਜ਼ਾਮ ਲੱਗੇ ਸਨ।
ਡੀਜੀਪੀ ਦਿਨਕਰ ਗੁਪਤਾ ਦੇ ਆਦੇਸ਼ਾਂ ਪਿੱਛੋਂ ਲੁਧਿਆਣਾ ਰੇਂਜ ਦੇ ਆਈਜੀਪੀ ਜਸਕਰਨ ਸਿੰਘ ਵੱਲੋਂ ਕੀਤੀ ਮੁਢਲੀ ਜਾਂਚ ਤੋਂ ਬਾਅਦ ਐਸਐਚਓ ਵਿਰੁੱਧ ਦੋਸ਼ਾਂ ਨੂੰ ਸਹੀ ਪਾਇਆ ਗਿਆ।ਜਿ਼ਕਰਯੋਗ ਹੈ ਕਿ ਕਥਿਤ ਘਟਨਾ ਦਾ ਇੱਕ ਵੀਡੀਓ ਹਾਲ ਹੀ ਵਿੱਚ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਇਆ ਸੀ।
ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਐਸ.ਐਚ.ਓ. ਬਲਜਿੰਦਰ ਸਿੰਘ (267 / ਪੀ.ਆਰ.) ਨੂੰ ਤੁਰੰਤ ਪ੍ਰਭਾਵ ਨਾਲ ਲੁਧਿਆਣਾ ਰੇਂਜ (ਪੁਲਿਸ ਜਿ਼ਲ੍ਹਾ ਖੰਨਾ) ਤੋਂ ਫਿਰੋਜ਼ਪੁਰ ਰੇਂਜ ਵਿਖੇ ਬਦਲ ਦਿੱਤਾ ਗਿਆ ਹੈ। ਉਕਤ ਖਿਲਾਫ ਬਾਕਾਇਦਾ ਵਿਭਾਗੀ ਜਾਂਚ ਵੀ ਆਰੰਭੀ ਗਈ ਹੈ ਅਤੇ ਇਸਦੀ ਰਿਪੋਰਟ ਮਿਲਣ ਤੋਂ ਬਾਅਦ ਹੀ ਕੋਈ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਡੀਜੀਪੀ ਨੇ ਦੁਹਰਾਉਂਦਿਆਂ ਕਿਹਾ ਕਿ ਫੋਰਸ ਨੇ ਅਜਿਹੀਆਂ ਘਟਨਾਵਾਂ ਪ੍ਰਤੀ ਜ਼ੀਰੋ ਟਾਲਰੈਂਸ ਰੱਖੀ ਹੈ ਅਤੇ ਅਜਿਹੀਆਂ ਬੇਨਿਯਮੀਆਂ ਨੂੰ ਕਿਸੇ ਵੀ ਹਾਲਾਤ ਵਿੱਚ ਮੁਆਫ਼ ਨਹੀਂ ਕੀਤਾ ਜਾਵੇਗਾ।
ਗੁਪਤਾ ਅਨੁਸਾਰ ਮੁੱਢਲੀ ਜਾਂਚ ਦੌਰਾਨ ਆਈਜੀਪੀ ਲੁਧਿਆਣਾ ਰੇਂਜ ਨੇ ਸਿ਼ਕਾਇਤਕਰਤਾ ਦੇ ਦੋਸ਼ਾਂ ਦੀ ਪੈਰਵੀ ਕੀਤੀ ਅਤੇ ਐਸ.ਐਚ.ਓ. ਵਿਰੁੱਧ ਥਾਣਾ ਸਦਰ ਖੰਨਾ ਵਿਖੇ ਦਰਜ ਆਈਪੀਸੀ ਦੀ ਧਾਰਾ 447/511/379/506/34 ਤਹਿਤ ਦਰਜ ਐਫਆਈਆਰ ਨੰਬਰ 134 ਮਿਤੀ 13.06.2019 ਦੀ ਪੜਤਾਲ ਅਤੇ ਜਾਂਚ ਵੀ ਕੀਤੀ।
ਜਿ਼ਕਰਯੋਗ ਹੈ ਕਿ ਡੀਜੀਪੀ ਵਲੋਂ 16 ਅਪ੍ਰੈਲ ਨੂੰ ਸੋਸ਼ਲ ਮੀਡੀਆ `ਤੇ ਇਤਰਾਜ਼ਯੋਗ ਵੀਡੀਓ-ਕਲਿੱਪ ਵਾਇਰਲ ਹੋਣ ਤੋਂ ਬਾਅਦ ਆਈਜੀਪੀ ਜਸਕਰਨ ਸਿੰਘ ਨੂੰ ਤੱਥਾਂ ਤੇ ਅਧਾਰਤ ਜਾਂਚ ਕਰਨ ਦੀ ਜਿੰਮੇਵਾਰੀ ਸੌਂਪੀ ਗਈ ਸੀ। ——-
