
ਭੀਖੀ 25 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਝੋਨੇ ਦੀ ਚੁਕਾਈ ਦੇ ਸੰਬੰਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਚਾਰ ਘੰਟੇ ਲਈ ਸੁਨਾਮ ਮਾਨਸਾ ਰੋਡ ‘ਤੇ ਸੜਕੀ ਆਵਾਜਾਈ ਜਾਮ ਕੀਤੀ । ਇਸ ਸੱਦੇ ਨੂੰ ਲਾਗੂ ਕਰਨ ਲਈ ਵੱਡੀ ਗਿਣਤੀ ਵਿੱਚ ਕਿਸਾਨ, ਮਜ਼ਦੂਰਾਂ ਨੇ ਸ਼ਮੂਲੀਅਤ ਕੀਤੀ । ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਐਸਕੇਐਮ ਨਾਲ 19 ਅਕਤੂਬਰ ਦੀ ਮੀਟਿੰਗ ਵਿੱਚ ਮਸਲੇ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਚਾਰ ਦਿਨ ਬੀਤ ਜਾਣ ਤੋਂ ਬਾਅਦ ਵੀ ਮਸਲਾ ਜਿਉਂ ਦਾ ਤਿਉੰ ਹੈ । ਸੋ ਮਜਬੂਰਨ ਜਥੇਬੰਦੀਆਂ ਵੱਲੋਂ ਚਾਰ ਘੰਟਿਆਂ ਦਾ ਰੋਡ ਜਾਮ ਦਾ ਸੱਦਾ ਦਿੱਤਾ ਗਿਆ । ਸਟੇਜੀ ਕਾਰਵਾਈ ਅਜਮੇਰ ਸਿੰਘ ਅਕਲੀਆ ਨੇ ਇਨਕਲਾਬੀ ਗੀਤਾਂ ਨਾਲ ਸ਼ੁਰੂ ਕੀਤੀ । ਇਕੱਠ ਨੂੰ ਸੰਬੋਧਿਤ ਹੁੰਦਿਆਂ ਕਿਸਾਨ ਆਗੂਆਂ ਵੱਲੋਂ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਮੋਦੀ ਅਤੇ ਭਗਵੰਤ ਮਾਨ ਸਰਕਾਰ ਲੋਕਾਂ ਉੱਪਰ ਕਾਰਪੋਰੇਟ ਨੀਤੀਆਂ ਲਾਗੂ ਕਰਨਾ ਚਾਹੁੰਦੀ ਹੈ ਜਿਸ ਮਨਸੂਬੇ ਤਹਿਤ ਕਿਸਾਨਾਂ ਨੂੰ ਮੰਡੀਆਂ ਵਿੱਚ ਖੱਜਲ ਖੁਆਰ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਖੇਤੀ ਪ੍ਰਧਾਨ ਸੂਬੇ ਵਿੱਚ ਕਿਸਾਨਾਂ ਦੇ ਇਸ ਨਿਰਾਦਰ ਅਤੇ ਕਾਰਪੋਰਟ ਪੱਖੀ ਨੀਤੀਆਂ ਲਾਗੂ ਕਰਨ ਦੇ ਮਨਸੂਬੇ ਨੂੰ ਕਦਾਚਿੱਤ ਵੀ ਬਰਦਾਸ਼ਤ ਨਹੀ ਕੀਤਾ ਜਾਵੇਗਾ । ਇਸ ਮੌਕੇ ਪੰਜਾਬ ਕਿਸਾਨ ਯੂਨੀਅਨ ਦੇ ਗੁਰਨਾਮ ਸਿੰਘ ਭੀਖੀ, ਭੋਲ਼ਾ ਸਿੰਘ ਸਮਾਓ, ਕੁੱਲ ਹਿੰਦ ਕਿਸਾਨ ਸਭਾ ਦੇ ਹਰਮੀਤ ਸਿੰਘ ਬੋੜਾਵਾਲ, ਭਾਕਿਯੂ (ਏਕਤਾ) ਡਕੌਂਦਾ ਧਨੇਰ ਦੇ ਲਖਵੀਰ ਸਿੰਘ ਅਕਲੀਆ, ਭਾਕਿਯੂ (ਏਕਤਾ) ਕਾਦੀਆਂ ਦੇ ਪਰਮਜੀਤ ਸਿੰਘ ਗਾਗੋਵਾਲ, ਭਾਕਿਯੂ (ਏਕਤਾ) ਲੱਖੋਵਾਲ ਦੇ ਨਿਰਮਲ ਸਿੰਘ ਝੰਡੂਕੇ, ਭਾਕਿਯੂ ਡਕੌਂਦਾ ਬੁਰਜਗਿੱਲ ਦੇ ਸੁਖਦੇਵ ਸੂੰਘ ਸਮਾਉਂ, ਮੈਡੀਕਲ ਪ੍ਰੈਕਟੀਸ਼ਨਰ ਐਸੋਸ਼ੀਏਸ਼ਨ ਦੇ ਸੱਤਪਾਲ ਰਿਸ਼ੀ ਅਤੇ ਸਾਬਕਾ ਐਮਐਲਏ ਬੁਢਲਾਡਾ ਹਰਦੇਵ ਸਿੰਘ ਅਰਸ਼ੀ ਨੇ ਸੰਬੋਧਨ ਕੀਤਾ ।
