
(ਸਾਰਾ ਯਹਾਂ/ਬਿਊਰੋ ਨਿਊਜ਼ ): ਪੰਜਾਬ ਵਿਜੀਲੈਂਸ ਬਿਉਰੋ ਨੇ ਮੋਟਰ ਵਹੀਕਲ ਇੰਸਪੈਕਟਰ (ਐਮ.ਵੀ.ਆਈ.) ਜਲੰਧਰ ਦਫਤਰ ਵਿੱਚ ਵੱਲੋਂ ਪ੍ਰਾਈਵੇਟ ਏਜੰਟਾਂ ਨਾਲ ਮਿਲੀਭੁਗਤ ਕਰਕੇ ਸੰਗਠਿਤ ਭਿ੍ਰਸ਼ਟਚਾਰ ਕਰਨ ਵਿਰੁੱਧ ਦਰਜ ਮੁਕੱਦਮੇ ਵਿੱਚ ਫਰਾਰ ਚਲੇ ਆ ਰਹੇ ਪ੍ਰਾਈਵੇਟ ਏਜੰਟ ਪਰਮਜੀਤ ਸਿੰਘ ਬੇਦੀ ਵਾਸੀ ਨਿਊ ਡਿਫੈਂਸ ਕਲੋਨੀ, ਹੁਣ ਜੋਗਿੰਦਰ ਨਗਰ, ਰਾਮਾ ਮੰਡੀ ਜਲੰਧਰ ਨੂੰ ਅੱਜ ਗਿ੍ਰਫਤਾਰ ਕਰ ਲਿਆ ਜਦਕਿ ਇਸ ਕੇਸ ਵਿੱਚ ਫਰਾਰ ਬਾਕੀ ਦੋਸ਼ੀਆਂ ਨੂੰ ਗਿ੍ਰਫਤਾਰ ਕਰਨ ਲਈ ਯਤਨ ਜਾਰੀ ਹਨ।
ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਬੀਤੇ ਦਿਨੀ ਵਿਜੀਲੈਂਸ ਬਿਉਰੋ ਜਲੰਧਰ ਵੱਲੋਂ ਅਚਨਚੇਤ ਚੈਕਿੰਗ ਦੌਰਾਨ ਐਮ.ਵੀ.ਆਈ. ਦਫਤਰ ਜਲੰਧਰ ਵਿੱਚ ਉਥੋਂ ਦੇ ਐਮ.ਵੀ.ਆਈ. ਨਰੇਸ਼ ਕਲੇਰ ਵੱਲੋਂ ਪ੍ਰਾਈਵੇਟ ਏਜੰਟਾਂ ਨਾਲ ਮਿਲੀਭੁਗਤ ਕਰਕੇ ਵੱਡੀ ਪੱਧਰ ’ਤੇ ਕੀਤੇ ਜਾ ਰਹੇ ਸੰਗਠਿਤ ਭਿ੍ਰਸ਼ਟਚਾਰ ਦਾ ਪਰਦਾਫਾਸ਼ ਕਰਦੇ ਹੋਏ 23.08.2022 ਨੂੰ ਭਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ। ਇਸ ਕੇਸ ਵਿੱਚ ਨਰੇਸ਼ ਕੁਮਾਰ ਕਲੇਰ, ਰਾਮਪਾਲ ਉਰਫ ਰਾਧੇ ਅਤੇ ਮੋਹਨ ਲਾਲ ਉਰਫ ਕਾਲੂ (ਦੋਵੇਂ ਪ੍ਰਾਈਵੇਟ ਏਜੰਟ) ਨੂੰ ਪਹਿਲਾਂ ਹੀ ਗਿ੍ਰਫਤਾਰ ਕੀਤਾ ਜਾ ਚੁੱਕਾ ਹੈ ਜਦਕਿ ਹਾਲੇ ਸੱਤ ਨਾਮਜਦ ਦੋਸ਼ੀ ਭਗੌੜੇ ਚੱਲੇ ਆ ਰਹੇ ਹਨ। ਊਨਾਂ ਦੱਸਿਆ ਕਿ ਗਿ੍ਰਫਤਾਰੀ ਉਪਰੰਤ ਉਕਤ ਪਰਮਜੀਤ ਸਿੰਘ ਬੇਦੀ ਪਾਸੋਂ 3 ਅਲੱਗ-ਅਲੱਗ ਕਿਸਮ ਦੇ ਸਮਾਰਟ ਫੋਨ ਅਤੇ ਅਲੱਗ ਅਲੱਗ ਨਾਵਾਂ ’ਤੇ ਜਾਰੀ ਕਰਵਾਈਆਂ ਵੱਖ-ਵੱਖ ਕੰਪਨੀਆਂ ਦੀਆਂ 4 ਮੋਬਾਇਲ ਸਿੰਮਾਂ ਬਰਾਮਦ ਹੋਈਆਂ ਹਨ। ਇਸ ਤੋਂ ਇਲਾਵਾ ਉਕਤ ਮੁਲਜ਼ਮ ਐਮ.ਵੀ.ਆਈ. ਨਰੇਸ਼ ਕਲੇਰ ਦੇ ਦਸਤਖਤ ਕੀਤੇ ਹੋਏ ਅਤੇ ਦਫਤਰ ਦੀ ਮੋਹਰ ਲੱਗੇ ਖਾਲੀ ਫਿਟਨੈਸ ਸਰਟੀਫਿਕੇਟ ਅਤੇ ਹੋਰ ਸਰਕਾਰ ਨੂੰ ਚੂਨਾ ਲਾਉਣ ਵਾਲੇ ਦਸਤਾਵੇਜ਼ ਵੀ ਬਰਾਮਦ ਹੋਏ ਹਨ। ਵਿਜੀਲੈਸ ਬਿਓਰੋ ਵੱਲੋਂ ਆਉਂਦੇ ਦਿਨਾਂ ਵਿੱਚ ਉਕਤ ਮੁਲਜ਼ਮ ਬੇਦੀ ਦੇ ਮੋਬਾਇਲ, ਸਿੱਮ ਕਾਰਡ ਅਤੇ ਲੇਪਟਾਪ ਦਾ ਸਾਰਾ ਡਾਟਾ ਸਾਈਬਰ ਮਾਹਿਰਾਂ ਨੂੰ ਭੇਜ ਕੇ ਪੜਤਾਲ ਕਰਵਾਈ ਜਾਵੇਗੀ ਜਿਸ ਤੋਂ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਹੋਰ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਦੱਸਿਆ ਕਿ ਉਕਤ ਨਰੇਸ਼ ਕਲੇਰ ਐਮ.ਵੀ.ਆਈ. ਵੱਲੋਂ ਅਲੱਗ ਅਲੱਗ ਕਿਸਮ ਦੀਆਂ ਗੱਡੀਆਂ ਦੀ ਪਾਸਿੰਗ ਬਿਨਾਂ ਇੰਸਪੈਕਸ਼ਨ ਕੀਤੇ ਅਤੇ ਬਿਨਾਂ ਸਰਕਾਰੀ ਫੀਸ ਭਰੇ ਰਿਸ਼ਵਤ ਲੈ ਕੇ ਗੱਡੀਆਂ ਨੂੰ ਫਿਟਨੈਸ ਸਰਟੀਫਿਕੇਟ ਜਾਰੀ ਕਰ ਦਿੱਤਾ ਜਾਦਾ ਸੀ।
