*ਐਮ.ਪੀ. ਪਟਿਆਲਾ ਪ੍ਰਨੀਤ ਕੌਰ ਨੇ ਕੇਂਦਰੀ ਸੜਕ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ*

0
39

ਪਟਿਆਲਾ/ਦਿੱਲੀ, 2 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ): ਸਾਬਕਾ ਵਿਦੇਸ਼ ਮੰਤਰੀ ਅਤੇ ਪਟਿਆਲਾ ਤੋਂ ਮੌਜੂਦਾ ਸੰਸਦ ਪਾਰਲੀਮੈਂਟ ਪ੍ਰਨੀਤ ਕੌਰ ਨੇ ਅੱਜ ਕੇਂਦਰੀ ਸੜਕ ਅਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰਕੇ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਵੱਖ-ਵੱਖ ਮੁੱਦੇ ਉਠਾਏ।

ਇੱਥੇ ਜਾਰੀ ਇੱਕ ਬਿਆਨ ਵਿੱਚ ਸੰਸਦ ਮੈਂਬਰ ਨੇ ਦੱਸਿਆ ਕਿ ਉਨ੍ਹਾਂ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਕੋਲ ਉੱਤਰੀ ਪਟਿਆਲਾ ਬਾਈਪਾਸ ਦੇ ਨੂੰ ਜਲਦ ਮੁਕੰਮਲ ਕਰਨ ਅਤੇ ਦਿੱਲੀ ਕਟੜਾ ਐਕਸਪ੍ਰੈਸ ਵੇਅ ‘ਤੇ ਵੱਖ-ਵੱਖ ਪੁਆਇੰਟਾਂ ‘ਤੇ ਪੁਲੀਆਂ ਬਣਾਉਣ ਸਮੇਤ ਕਈ ਮੁੱਦੇ ਉਠਾਏ ਹਨ।

ਵਧੇਰੇ ਜਾਣਕਾਰੀ ਦਿੰਦੇ ਹੋਏ ਪਟਿਆਲਾ ਦੇ ਸੰਸਦ ਮੈਂਬਰ ਨੇ ਕਿਹਾ, “ਮੈਂ ਪਟਿਆਲਾ ਦੇ ਉੱਤਰੀ ਬਾਈਪਾਸ ਦਾ ਮੁੱਦਾ ਉਠਾਇਆ ਸੀ, ਜੋ ਕਿ ਸਾਡੇ ਲੋਕਾਂ ਦੀ ਲੰਬੇ ਸਮੇਂ ਤੋਂ ਮੰਗ ਹੈ। ਪ੍ਰੋਜੈਕਟ ਸ਼ੁਰੂ ਹੋਣ ਦੇ ਇੰਨੇ ਸਾਲਾਂ ਬਾਅਦ ਵੀ ਇਹ ਪ੍ਰੋਜੈਕਟ ਅਜੇ ਵੀ ਅਧੂਰਾ ਹੈ ਅਤੇ ਇਸ ਨੂੰ  ਲਈ ਮੈਂ ਨਿਤਿਨ ਗਡਕਰੀ ਨੂੰ ਅਪੀਲ ਕੀਤੀ ਹੈ ਕਿ ਇਸ 27 ਕਿਲੋਮੀਟਰ ਲੰਬੇ ਪ੍ਰੋਜੈਕਟ ਨੂੰ ਭਾਰਤਮਾਲਾ ਪਰਯੋਜਨਾ ਦੇ ਤਹਿਤ ਲਿਆਉਣ ਅਤੇ NHAI ਨੂੰ ਪ੍ਰੋਜੈਕਟ ਦੀ 100% ਲਾਗਤ ਚੁੱਕਣ ਲਈ ਕਹਿਣ, ਤਾਂ ਜੋ ਕੰਮ ਵਿੱਚ ਤੇਜ਼ੀ ਲਿਆਂਦੀ ਜਾ ਸਕੇ।”

ਉਨ੍ਹਾਂ ਨੇ ਅੱਗੇ ਦੱਸਿਆ ਕਿ, “ਇਸ ਪ੍ਰੋਜੈਕਟ ਦੇ ਰੁਕਣ ਨਾਲ ਲਗਭਗ 450 ਪਰਿਵਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਕਿਉਂਕਿ ਉਨ੍ਹਾਂ ਦੀ ਜ਼ਮੀਨ ਲਈ ਐਕੁਆਇਰ ਕਰਨ ਦਾ 3ਡੀ ਐਲਾਨਨਾਮਾ ਹੋ ਚੁੱਕਾ ਹੈ ਪਰ ਨਾ ਤਾਂ ਉਨ੍ਹਾਂ ਨੂੰ ਆਪਣੀ ਜ਼ਮੀਨ ਦਾ ਬਣਦਾ ਪੈਸਾ ਮਿਲ ਰਿਹਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਕਰਜ਼ਾ ਲੈਣ ਜਾਂ ਜ਼ਮੀਨ ਕਿਸੇ ਹੋਰ ਨੂੰ ਵੇਚਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।”

ਪ੍ਰਨੀਤ ਕੌਰ ਨੇ ਸ਼ੁਤਰਾਣਾ ਦੇ ਪਿੰਡ ਠਰੂਆਂ ਅਤੇ ਮੋਮੀਆਂ ਵਿੱਚੋਂ ਲੰਘਦੇ ਦਿੱਲੀ ਕਟੜਾ ਐਕਸਪ੍ਰੈਸ ਵੇਅ ’ਤੇ ਪੁਲੀ ਬਣਾਉਣ ਦੀ ਮੰਗ ਵੀ ਉਠਾਈ ਤਾਂ ਜੋ ਆਸ-ਪਾਸ ਦੇ ਪਿੰਡਾਂ ਵਿੱਚ ਪਾਣੀ ਭਰਨ ਅਤੇ ਹੜ੍ਹਾਂ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ।

ਉਨ੍ਹਾਂ ਨੇ ਪਿੰਡ ਚੌਰਾ ਨੇੜੇ ਦੱਖਣੀ ਬਾਈਪਾਸ NH-07 ‘ਤੇ ਸਲਿੱਪ ਰੋਡ ਦਾ ਨਿਰਮਾਣ, NH-07 ਤੋਂ ਪਿੰਡ ਰਾਜਗੜ੍ਹ ਅਤੇ ਚੂਹੜ ਕਲਾਂ ਤੱਕ ਰਸਤਾ ਅਤੇ NH-44 ਤੋਂ ਰਾਜਪੁਰਾ ਸ਼ਹਿਰ ਤੱਕ ਵਿਸ਼ੇਸ਼ ਰਸਤਾ ਮੁਹੱਈਆ ਕਰਵਾਉਣ ਸਮੇਤ ਕੁਝ ਹੋਰ ਮੰਗਾਂ ਵੀ ਉਠਾਈਆਂ।

LEAVE A REPLY

Please enter your comment!
Please enter your name here