ਮਾਨਸਾ 16 ਅਪ੍ਰੈਲ ( ਸਾਰਾ ਯਹਾਂ / ਅਮਨ ਮਹਿਤਾ ): ਅੱਜ ਇੱਥੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ
ਬੁਢਲਾਡਾ ਤੋਂ ਐਮ.ਐਲ.ਏ. ਬੁੱਧ ਰਾਮ ਜੀ ਵੱਲ਼ੋਂ ਬੇਰੁਜਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਅਤੇ ਮੁੱਖ
ਮੰਤਰੀ ਦੇ ਸ਼ਾਹੀ ਸ਼ਹਿਰ ਪਟਿਆਲਾ ਵਿਖੇ ਟਾਵਰ ਤੇ ਚੜ੍ਹ ਕੇ ਸੰਘਰਸ਼ ਕਰ ਰਹੇ ਹਰਜੀਤ ਸਿੰਘ ਬਰਨਾਲਾ ਦੇ
ਪਰਿਵਾਰ ਨਾਲ ਮੁਲਾਕਾਤ ਕੀਤੀ ਗਈ ਅਤੇ ਪਰਿਵਾਰ ਨਾਲ ਹਰੇਕ ਪੱਖੋਂ ਖੜ੍ਹਣ ਦਾ ਐਲਾਨ ਕੀਤਾ। ਇਸ ਮੌਕੇ
ਸੰਬੋਧਨ ਕਰਦਿਆਂ ਐਮ.ਐਲ.ਏ. ਬੁੱਧ ਰਾਮ ਜੀ ਨੇ ਕਿਹਾ ਕਿ ਘਰ-ਘਰ ਰੁਜਗਾਰ ਦੇਣ ਦਾ ਵਾਅਦਾ ਕਰਕੇ
ਸੱਤਾ ਵਿੱਚ ਆਈ ਕੈਪਟਨ ਸਰਕਾਰ ਆਪਣੇ ਰੁਜਗਾਰ ਦੇਣ ਦੇ ਵਾਅਦੇ ਤੋਂ ਭੱਜ ਚੁੱਕੀ ਹੈ ਅਤੇ ਰੁਜਗਾਰ ਮੰਗ
ਰਹੇ ਬੇਰੁਜਗਾਰਾਂ ਨੂੰ ਰੁਜਗਾਰ ਦੇਣ ਦੇ ਬਜਾਏ ਡੰਡੇ ਮਾਰਾ ਕੇ ਜੇਲ੍ਹਾਂ ਵਿੱਚ ਸੁੱਟ ਰਹੀ ਹੈ ਜਿਸ ਨੂੰ ਕਿਸੇ ਵੀ
ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਜਾਬ ਦੇ ਬੇਰੁਜਗਾਰਾਂ ਵੱਲੋਂ ਜਜਬਾਤੀ ਹੋ ਕੇ ਟਾਵਰਾਂ ਉੱਤੇ ਚੜ੍ਹ
ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪਿਛਲੇ ਦਿਨੀਂ ਪਟਿਆਲਾ ਵਿਖੇ ਦੋ ਬੇਰੁਗਜਾਰ
ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਵੱਲੋਂ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ
ਗਈ ਸੀ ਪ੍ਰੰਤੂ ਮੁੱਖ ਮੰਤਰੀ ਵੱਲ਼ੋਂ ਇਹਨਾਂ ਦੀ ਗੱਲ ਸੁਣਨ ਦੀ ਬਜਾਏ ਪੁਲਿਸ ਤੋਂ ਕੁਟਵਾਇਆ ਜਾ ਰਿਹਾ ਹੈ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਬੇਰੁਜਗਾਰ ਈ.ਟੀ.ਟੀ.
ਟੈੱਟ ਪਾਸ ਅਧਿਆਪਕਾਂ ਨਾਲ ਗੱਲਬਾਤ ਕਰਕੇ ਮਸਲਾ ਹੱਲ ਕਰਨਾ ਚਾਹੀਦਾ ਹੈ। ਇਸ ਮੌਕੇ ਆਗੂਆਂ ਨੇ
ਐਲਾਨ ਕੀਤਾ ਕਿ ਜਲਦੀ ਹੀ ਮੁੱਖ ਮੰਤਰੀ ਦੇ ਸ਼ਹਿਰ ਵਿੱਚ ਪਾਰਟੀ ਵੱਲੋਂ ਬੇਰੁਜਗਾਰਾਂ ਦੇ ਹੱਕ ਵਿੱਚ ਧਰਨਾ
ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲ਼ਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ਼ਿੰਗਾਰਾ ਖਾਨ
ਜਵਾਹਰਕੇ, ਸਖਦੀਪ ਸਿੰਘ ਸੋਨੀ, ਰਮਨ ਜਵਾਹਰਕੇ, ਬੇਰੁਜਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ
ਯੂਨੀਅਨ ਦੇ ਸੂਬਾਈ ਆਗੂ ਕੁਲਦੀਪ ਖੋਖਰ, ਗੁਰਸੰਗਤ ਸਿੰਘ ਬੁਢਲਾਡਾ, ਬੇਅੰਤ ਬੁਢਲਾਡਾ, ਜਸਕਰਨ
ਸਿੰਘ ਆਦਿ ਆਗੂ ਹਾਜਰ ਸਨ।