ਮਾਨਸਾ 15 ਮਈ (ਸਾਰਾ ਯਹਾਂ/ ਮੁੱਖ ਸੰਪਾਦਕ) : ਸਰਦੂਲਗੜ੍ਹ ਬਲਾਕ ਦੇ ਪਿੰਡ ਚੋਟੀਆਂ ਦੇ ਇੱਕ ਕਿਸਾਨ ਬਲਵੀਰ ਸਿੰਘ ਨੂੰ ਸਬ ਰਜਿਸਟਰਾਰ ਦਫ਼ਤਰ ਵੱਲੋਂ ਕਰਜ਼ਾ ਚੁਕਤਾ ਕਰਨ ਦੇ ਬਾਵਜੂਦ ਵੀ ਤਕਰੀਬਨ ਇੱਕ ਸਾਲ ਤੋਂ ਐਨ ਓ ਸੀ ਨਾ ਦੇਣ ਦੇ ਰੋਸ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਵੱਲੋਂ ਜਿਲਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਦੀ ਅਗਵਾਈ ਵਿੱਚ ਉੱਪ ਰਜਿਸਟਰਾਰ ਮਾਨਸਾ ਨੂੰ ਦਫ਼ਤਰ ਅੰਦਰ ਬੰਦ ਕੀਤਾ ਗਿਆ । ਇਸ ਪੂਰੇ ਮਾਮਲੇ ਬਾਰੇ ਬੋਲਦਿਆਂ ਕਿਸਾਨ ਆਗੂ ਨੇ ਦੱਸਿਆ ਕਿ ਬਲਵੀਰ ਸਿੰਘ ਪੁੱਤਰ ਬਲਵੰਤ ਸਿੰਘ ਨੇ ਤਕਰੀਬਨ ਇੱਕ 15 ਸਾਲ ਪਹਿਲਾਂ ਲਾਗਲੇ ਪਿੰਡ ਕਲੀਪੁਰ ਡੁੰਬ ਸੋਸਾਇਟੀ ਤੋਂ ਕਰੀਬ 15000 ਰੁਪਏ ਦਾ ਲੋਨ ਲਿਆ ਗਿਆ ਸੀ । ਪਿਛਲੀ ਸਰਕਾਰ ਸਮੇਂ ਕੁੱਝ ਰਕਮ ਦੀ ਮੁਆਫੀ ਆਉਣ ‘ਤੇ ਕਿਸਾਨ ਵੱਲੋਂ ਰਹਿੰਦਾ ਸਾਰਾ ਕਰਜ਼ਾ ਚੁੱਕਤਾ ਕਰ ਦਿੱਤਾ ਗਿਆ ਸੀ । ਕਰਜ਼ ਅਦਾ ਕਰਨ ਦੇ ਬਾਵਜੂਦ ਵੀ ਕਿਸਾਨ ਪਿਛਲੇ ਕਰੀਬ ਇੱਕ ਸਾਲ ਤੋਂ ਕਲੀਅਰੈਂਸ ਸਰਟੀਫਿਕੇਟ ਲੈਣ ਲਈ ਦਫ਼ਤਰਾਂ ਦੇ ਗੇੜੇ ਮਾਰ ਰਿਹਾ ਹੈ ਪਰ ਵਿਭਾਗ ਵੱਲੋਂ ਯੋਗ ਜਵਾਬਦੇਹੀ ਨਾ ਹੋਣ ‘ਤੇ ਅਖੀਰ ਜੱਥੇਬੰਦੀ ਵੱਲੋਂ ਕਿਸਾਨ ਦੇ ਪੱਖ ਵਿੱਚ ਖੜਦਿਆਂ ਅੱਜ ਉੱਪ ਰਜਿਸਟਰਾਰ ਸਹਿਕਾਰੀ ਸਭਾਵਾਂ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ ਅਤੇ ਸਰਕਾਰ ਦੇ ਖਿਲਾਫ਼ ਨਾਹਰੇਬਾਜ਼ੀ ਕੀਤੀ ਗਈ । ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਪਿਛਲੇ ਕਰੀਬ ਇੱਕ ਸਾਲ ਤੋਂ ਸਬ ਰਜਿਸਟਰਾਰ ਸਰਦੂਲਗੜ੍ਹ ਦੀ ਪੋਸਟ ਉੱਤੇ ਕੋਈ ਵੀ ਅਧਿਕਾਰੀ ਤਾਇਨਾਤ ਨਹੀ ਹੈ ਅਤੇ ਲੋਕ ਹਰ ਦਿਨ ਖੱਜਲ ਖੁਆਰ ਹੋ ਰਹੇ ਹਨ । ਕਿਸਾਨਾਂ ਦੇ ਰੋਸ ਨੂੰ ਦੇਖਦਿਆਂ ਉੱਪ ਰਜਿਸਟਰਾਰ ਵੱਲੋਂ ਤਹਿਸੀਲਦਾਰ ਦੇ ਸਹਿਯੋਗ ਨਾਲ ਹੈੱਡ ਆਫਿਸ ਤੋਂ ਕੇਸ ਕਲੀਅਰ ਕਰਕੇ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਅਤੇ ਸਹਿਮਤੀ ਹੋਣ ‘ਤੇ ਜੱਥੇਬੰਦੀ ਵੱਲੋਂ ਘਿਰਾਓ ਸਮਾਪਤ ਕੀਤਾ ਗਿਆ । ਜਿਲਾ ਸਕੱਤਰ ਮੱਖਣ ਸਿੰਘ ਭੈਣੀ ਬਾਘਾ ਨੇ ਪੰਜ ਵਿੱਚ ਬਿਜਲੀ ਕੀਮਤਾਂ ਵਿੱਚ ਹੋਏ ਵਾਧੇ ਉੱਤੇ ਸੂਬਾ ਸਰਕਾਰ ਦੇ ਦਿੱਤੇ ਬਿਆਨ “ 600 ਯੂਨਿਟ ਵਾਲੀ ਯੋਜਨਾ ਦੇ ਇੱਕ ਵੀ ਮੀਟਰ ਉੱਤੇ ਬੋਝ ਨਹੀ ਪਏਗਾ “ ਨੂੰ ਇੱਕ ਹਾਸੋਹੀਣਾ ਬਿਆਨ ਕਰਾਰ ਦਿੰਦੇ ਹੋਏ ਕਿਹਾ ਕਿ ਸਰਕਾਰ ਪੀਪੀਏ ਸਮਝੋਤੇ ਨੂੰ ਰੱਦ ਕਰਨ ਦੀ ਬਜਾਏ ਪ੍ਰਾਈਵੇਟ ਕੰਪਨੀਆਂ ਨੂੰ ਮੁਨਾਫ਼ੇ ਦੀ ਖੁੱਲ ਦੇ ਰਹੀ ਹੈ ਅਤੇ ਲੋਕਾਂ ਨੂੰ ਮੁਫ਼ਤ ਬਿਜਲੀ ਦੇਣ ਦਾ ਗੁੰਮਰਾਹਕੁੰਨ ਪ੍ਰਚਾਰ ਰਹੀ ਹੈ । ਦਰਾਂ ਵਿੱਚ ਵਾਧੇ ਨਾਲ ਲੋਕਾਂ ਦਾ ਟੈਕਸ ਦੇ ਕਰੋੜਾਂ ਰੁਪਏ ਆਜ਼ਾਈ ਜਾਣਗੇ । ਉਨ੍ਹਾਂ ਅੱਗੇ ਬੋਲਦਿਆਂ ਕਿਰਤੀ ਲੋਕਾਂ ਦੇ ਏਕੇ ਦੀ ਜਿੱਤ ਦਾ ਹਵਾਲਾ ਦਿੰਦੇ ਹੋਏ ਸਰਕਾਰਾਂ ਦੀਆਂ ਮਾਰੂ ਨੀਤੀਆਂ ਦੇ ਵਿਰੋਧ ਵਿੱਚ ਲਾਮਬੰਦ ਹੋਣ ਦਾ ਹੋਕਾ ਦਿੱਤਾ । ਇਸ ਮੌਕੇ ਜਗਦੇਵ ਸਿੰਘ ਕੋਟਲੀ ਕਲਾਂ, ਬਲਜੀਤ ਸਿੰਘ ਭੈਣੀ ਬਾਘਾ, ਬਲਵਿੰਦਰ ਸਿੰਘ ਚਕੇਰੀਆਂ, ਤਰਸੇਮ ਸਿੰਘ ਗੋਬਿੰਦਪੁਰਾ ਸਮੇਤ ਵੱਖ ਵੱਖ ਪਿੰਡ ਇਕਾਈਆਂ ਦੇ ਆਗੂ ਅਤੇ ਵਰਕਰ ਮੌਜੂਦ ਰਹੇ ।