ਮਾਨਸਾ 27 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ)
ਐਡਵੋਕੇਟ ਬਲਕਰਨ ਸਿੰਘ ਬੱਲੀ ਅਤੇ ਐਡਵੋਕੇਟ ਬਲਵੀਰ ਕੌਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਬੱਲੀ ਦੀ ਸੱਸ ਮਾਤਾ ਅਤੇ ਬਲਵੀਰ ਕੌਰ ਦੀ ਮਾਤਾ ਸੁਖਜੀਤ ਕੌਰ (73)ਦਾ ਮਾਲਵੇ ‘ਚ ਫੈਲੀ ਕੈਂਸਰ ਵਰਗੀ ਨਾ ਮੁਰਾਦ ਬਿਮਾਰੀ ਕਾਰਨ ਸਮੇਂ ਤੋਂ ਪਹਿਲਾਂ ਹੀ ਦਿਹਾਂਤ ਹੋ ਗਿਆ। ਪਿਛਲੇ ਸਮੇਂ ਦੌਰਾਨ ਮਾਤਾ ਜੀ ਦਾ ਵੱਖ ਵੱਖ ਹਸਪਤਾਲਾਂ ਤੋਂ ਇਲਾਜ ਵੀ ਚਲਦਾ ਰਿਹਾ। ਪ੍ਰੰਤੂ ਮਾਤਾ ਜੀ ਦੀ ਤੰਦਰੁਸਤੀ ਸੰਭਵ ਨਹੀਂ ਹੋ ਸਕੀ । ਪਿਛਲੇ ਦੋ ਤਿੰਨ ਦਿਨਾਂ ਤੋਂ ਮਾਤਾ ਜੀ ਸਥਾਨਕ ਬਰਾੜ ਹਸਪਤਾਲ ‘ਚ ਜੇਰੇ ਇਲਾਜ਼ ਸਨ, ਅਤੇ ਅੱਜ ਸਵੇਰ ਸਮੇਂ ਉਹਨਾਂ ਦਾ ਦਿਹਾਂਤ ਹੋ ਗਿਆ। ਉਹਨਾਂ ਦੇ ਸਸਕਾਰ ਸਮੇਂ ਮਾਨਸਾ ਜਿਲੇ ਦੀਆਂ ਵੱਖ ਵੱਖ ਸਮਾਜਿਕ, ਰਾਜਨੀਤਿਕ ਅਤੇ ਅਤੇ ਧਾਰਮਿਕ ਜਥੇਬੰਦੀਆਂ/ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਉਹਨਾਂ ਦੇ ਰਿਸ਼ਤੇਦਾਰ ਅਤੇ ਮਿੱਤਰ ਦੋਸਤ ਵੀ ਹਾਜ਼ਰ ਸਨ। ਇਸ ਸਮੇਂ ਐਡਵੋਕੇਟ ਬੱਲੀ ਨੇ ਦੱਸਿਆ ਕਿ ਮਾਤਾ ਜੀ ਭਾਵੇਂ ਆਪ ਅਣਪੜ ਹੀ ਸਨ ਪਰੰਤੂ ਉਹਨਾਂ ਨੇ ਆਪਣੇ ਬੱਚਿਆਂ ਨੂੰ ਉੱਚ ਪੱਧਰੀ ਸਿੱਖਿਆ ਦੁਵਾਉਣ ‘ਚ ਕੋਈ ਕਸਰ ਬਾਕੀ ਨਹੀਂ ਛੱਡੀ । ਮਾਤਾ ਜੀ ਸਾਲ 1978 ‘ਚ ਸ. ਸੁਖਮੰਦਰ ਸਿੰਘ ਨਾਲ ਪਿੰਡ ਖੋਖਰ ਖੁਰਦ ਵਿਖੇ ਵਿਆਹ ਦੇ ਬੰਧਨ ‘ਚ ਬੱਝ ਗਏ । ਮਾਤਾ ਦੀ ਕੁੱਖੋਂ ਦੋ ਬੇਟੀਆਂ ਨੇ ਜਨਮ ਲਿਆ ਜਿਹਨਾ ਚੋਂ ਵੱਡੀ ਬੇਟੀ ਬਲਵੀਰ ਕੌਰ ਨੇ ਕਾਨੂੰਨ ਦੀ ਪੜ੍ਹਾਈ ਕੀਤੀ ਹੋਈ ਹੈ ਅਤੇ ਮਾਨਸਾ ਜਿਲਾ ਕਚਹਿਰੀਆਂ ‘ਚ ਬਤੌਰ ਸੀਨੀਅਰ ਵਕੀਲ ਪ੍ਰੈਕਟਿਸ ਕਰ ਰਹੇ ਹਨ। ਬਲਵੀਰ ਕੌਰ ਦਾ ਵਿਆਹ ਐਡਵੋਕੇਟ ਬਲਕਰਨ ਸਿੰਘ ਬੱਲੀ ਨਾਲ ਹੋਇਆ ਹੈ। ਵੱਡੀ ਬੇਟੀ ਅਤੇ ਜਵਾਈ ਵਕਾਲਤ ਦੇ ਨਾਲ ਨਾਲ ਕਿਸਾਨ ਜਥੇਬੰਦੀਆਂ ਵਿਚ ਵੀ ਮੋਹਰੀ ਭੂਮਿਕਾ ਅਦਾ ਰਹੇ ਹਨ। ਛੋਟੀ ਬੇਟੀ ਗੁਰਦੀਪ ਕੌਰ ਬਤੌਰ ਲੈਕਚਰਾਰ ਅਤੇ ਜਵਾਈ ਸ.ਇਕਬਾਲ ਸਿੰਘ ਬਤੌਰ ਉਪਵੈਦ ਆਪਣੀਆਂ ਸੇਵਾਵਾਂ ਦੇ ਰਹੇ ਹਨ। ਦੋਵੇਂ ਪਤੀ ਪਤਨੀ ਆਪਣੇ ਆਪਣੇ ਫੀਲਡ ਵਿਚ ਜੱਥੇਬੰਦੀਆਂ ਵਿਚ ਵੀ ਸਰਗਰਮ ਹਨ। ਕਿਸਾਨ ਅੰਦੋਲਨ ਦੌਰਾਨ ਮਾਤਾ ਜੀ ਨੇ ਘਰ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ,ਇਹੀ ਕਾਰਨ ਸੀ ਬੱਚੇ ਸਰਗਰਮੀ ਨਾਲ ਦਿੱਲੀ ਵਿਖੇ ਕਿਸਾਨ ਅੰਦੋਲਨ ਵਿਚ ਲੰਬੇ ਸਮੇਂ ਤੱਕ ਭਾਗ ਲੈ ਸਕੇ। ਮਾਤਾ ਜੀ ਨੂੰ ਮਾਲਵੇ ਵਿਚ ਫੈਲੀ ਕੈਂਸਰ ਵਰਗੀ ਭਿਆਨਕ ਬਿਮਾਰੀ ਨੇ ਆਪਣੀ ਲਪੇਟ ਵਿਚ ਲੈ ਲਿਆ ਜਿਸ ਦਾ ਪਰਿਵਾਰ ਨੂੰ ਆਖਰੀ ਸਟੇਜ ‘ਤੇ ਪਹੰਚਣ ਦਾ ਸਿਰਫ਼ ਦੋ ਮਹੀਨੇ ਪਹਿਲਾਂ ਹੀ ਪਤਾ ਲੱਗਾ। ਮਾਤਾ ਦੇ ਸਿਰਫ਼ ਦੋ ਧੀਆਂ ਹੋਣ ਕਰਕੇ ਅਰਥੀ ਨੂੰ ਮੋਢਾ ਵੀ ਦੋਵੇਂ ਧੀਆਂ ਅਤੇ ਜਵਾਈਆਂ ਵੱਲੋਂ ਹੀ ਦਿੱਤਾ ਗਿਆ।ਘੜੀ ਭੰਨਣ ਦੀ ਰਸਮ ਵੀ ਉਹਨਾਂ ਦੀ ਵੱਡੀ ਬੇਟੀ ਐਡਵੋਕੇਟ ਬਲਵੀਰ ਕੌਰ ਵੱਲੋਂ ਹੀ ਨਿਭਾਈ ਗਈ। ਉਹਨਾਂ ਦਾ ਸਸਕਾਰ ਅੱਜ ਸਥਾਨਕ ਰਾਮਬਾਗ ਵਿਖੇ ਕਰ ਦਿੱਤਾ ਗਿਆ। ਸਸਕਾਰ ਮੌਕੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਕਾਂਗਰਸ ਪਾਰਟੀ ਦੇ ਜਿਲਾ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਗੁਰਨਾਮ ਭੀਖੀ, ਕਰਨੈਲ ਸਿੰਘ ਮਾਨਸਾ, ਸੀ.ਪੀ.ਆਈ. ਦੇ ਜਿਲਾ ਸਕੱਤਰ ਕਾਮਰੇਡ ਕ੍ਰਿਸ਼ਨ ਚੌਹਾਨ, ਧੰਨਾ ਮੱਲ ਗੋਇਲ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਹਰਪ੍ਰੀਤ ਭੈਣੀ, ਸਾਬਕਾ ਪ੍ਰਧਾਨ ਵਿਜੇ ਸਿੰਗਲਾ, ਮਜਦੂਰ ਮੁਕਤੀ ਮੋਰਚਾ ਦੇ ਆਗੂ ਭਗਵੰਤ ਸਿੰਘ ਸਮਾਓ, ਗੁਰਲਾਭ ਸਿੰਘ ਮਾਹਲ, ਕਿਸਾਨ ਆਗੂ ਮਹਿੰਦਰ ਸਿੰਘ ਭੈਣੀ ਬਾਘਾ, ਪੱਤਰਕਾਰ ਆਤਮਾ ਸਿੰਘ ਪਮਾਰ, ਗੁਰਜੰਟ ਸਿੰਘ ਮਾਨਸਾ ਸਮੇਤ ਬਾਰ ਐਸੋਸੀਏਸ਼ਨ ਦੇ ਮੈਂਬਰ ਵੱਖ ਵੱਖ ਰਾਜਨੀਤਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਵੀ ਹਾਜ਼ਰ ਸਨ। ਮਾਤਾ ਜੀ ਦੇ ਨਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਭੋਗ, ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 3 ਨਵੰਬਰ ਦਿਨ ਐਤਵਾਰ ਨੂੰ ਵਿਸ਼ਵਕਰਮਾ ਭਵਨ ਮਾਨਸਾ ਵਿਖੇ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਹੋਵੇਗਾ।