ਮਾਨਸਾ, 23 ਨਵੰਬਰ: (ਸਾਰਾ ਯਹਾਂ/ਬੀਰਬਲ ਧਾਲੀਵਾਲ):
ਸਿਵਲ ਹਸਪਤਾਲ ਮਾਨਸਾ ਵਿਖੇ ਐਚ.ਆਈ.ਵੀ./ਏਡਜ ਸਬੰਧੀ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ ਨੂੰ ਏਡਜ ਤੋਂ ਬਚਾਅ ਸਬੰਧੀ ਜਾਗਰੂਕ ਕਰਨ ਲਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਏਡਜ ਇੱਕ ਲਾ ਇਲਾਜ ਬਿਮਾਰੀ ਹੈ, ਜਾਣਕਾਰੀ ਅਤੇ ਪਰਹੇਜ਼ ਹੀ ਇਸ ਦਾ ਇਲਾਜ਼ ਹੈ।
ਏਡਜ ਦੇ ਫੈਲਣ ਦੇ ਚਾਰ ਕਾਰਨਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਏਡਜ਼ ਦੂਸ਼ਿਤ ਸੂਈ ਜਾਂ ਸਰਿੰਜ ਦੀ ਵਰਤੋਂ, ਦੂਸ਼ਿਤ ਖੂਨ ਚੜ੍ਹਾਉਣ ਨਾਲ, ਗੈਰ ਸਰੀਰਕ ਸਬੰਧਾਂ ਅਤੇ ਪੀੜ੍ਹਤ ਮਾਂ ਤੋਂ ਬੱਚੇ ਨੂੰ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਕਿਸਮ ਦਾ ਕੱਟ, ਜ਼ਖਮ ਹੋਣ ਦੀ ਸੂਰਤ ਵਿੱਚ ਟੀ.ਐਲ.ਡੀ. ਮੈਡੀਸਨ ਦੀ ਵਰਤੋਂ 72 ਘੰਟੇ ਵਿੱਚ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਵਿੱਚ ਏਡਜ਼ ਦੇ ਮਰੀਜ਼ਾਂ ਦੀ ਗਿਣਤੀ 24 ਲੱਖ ਦੇ ਕਰੀਬ ਹੈ।
ਨੋਡਲ ਅਫਸਰ ਆਈ.ਸੀ.ਟੀ.ਸੀ ਡਾ. ਵਰੂਨ ਮਿੱਤਲ ਨੇ ਦੱਸਿਆ ਕਿ ਡਬਲਯੂ. ਐਚ.ਓ. ਸਿਹਤ ਸੰਸਥਾ ਵੱਲੋਂ 2030 ਤੱਕ ਏਡਜ਼ ਖ਼ਤਮ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਸਾਲ 2025-26 ਤੱਕ ਏਡਜ਼/ਐਚ.ਆਈ.ਵੀ. ਦੀ ਰੋਕਥਾਮ ਲਈ ਐਕਟ ਸਖਤੀ ਨਾਲ ਲਾਗੂ ਕੀਤਾ ਜਾਣਾ ਹੈ। ਉਨ੍ਹਾਂ ਦੱਸਿਆ ਕਿ ਏਡਜ਼ ਪੀੜਤ ਦੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ।
ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਵਿਜੈ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚ ਏਡਜ ਦੇ 89979 ਮਰੀਜ ਹਨ, ਜਦਕਿ 2400 ਬੱਚੇ ਐਚ.ਆਈ.ਵੀ.ਤੋਂ ਪੀੜਤ ਹਨ। ਸਮੇਂ ਸਮੇਂ ’ਤੇ ਸਕੂਲਾਂ ਕਾਲਜਾਂ, ਗਲੀ, ਮੁਹੱਲਿਆਂ, ਸੱਥਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਦਾ ਮਕਸਦ ਏਡਜ਼ ਸਬੰਧੀ ਜਾਗਰੂਕਤਾ ਫੈਲਾਉਣਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਛੇ ਮਹੀਨਿਆਂ ਦੌਰਾਨ ਪੰਜਾਬ ਵਿੱਚ 267 ਏਡਜ ਪੀੜਤ ਔਰਤਾਂ ਦੇ ਜਣੇਪੇ ਵਿੱਚੋਂ ਸਿਰਫ ਇੱਕ ਬੱਚਾ ਹੀ ਐਚ.ਆਈ.ਵੀ.ਪੀੜਤ ਪਾਇਆ ਗਿਆ ਹੈ। ਪੰਜਾਬ ਏਡਜ ਕੰਟਰੋਲ ਸੋਸਾਇਟੀ ਦੁਆਰਾ ਸੂਬੇ ਵਿੱਚ ਏਡਜ ਪੀੜਤ ਮਰੀਜਾਂ ਨੂੰ ਬਿਲਕੁਲ ਮੁਫਤ ਦਵਾਈ ਦਿੱਤੀ ਜਾਂਦੀ ਹੈ ਅਤੇ ਏਡਜ ਦੀ ਜਾਂਚ ਬਿਲਕੁਲ ਮੁਫਤ ਕੀਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਐਚ.ਆਈ.ਵੀ.ਪੀੜਤ ਵਿਅਕਤੀ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਘੱਟ ਜਾਂਦੀ ਹੈ ਜਿਸ ਕਰਕੇ ਅਜਿਹੇ ਵਿਅਕਤੀ ਨੂੰ ਕੋਈ ਵੀ ਬਿਮਾਰੀ ਜੇਕਰ ਹੋ ਜਾਵੇ ਤਾਂ ਉਹ ਠੀਕ ਨਹੀਂ ਹੁੰਦੀ ਅਤੇ ਮਰੀਜ਼ ਦੀ ਮੌਤ ਵੀ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਕੱਠੇ ਬੈਠਣ ਨਾਲ, ਇਕੱਠੇ ਖਾਣ ਪੀਣ ਨਾਲ, ਇਕੱਠੇ ਸਫਰ ਕਰਨ ਨਾਲ, ਹੱਥ ਮਿਲਾਉਣ ਨਾਲ, ਗਲੇ ਮਿਲਣ ਨਾਲ ਜਾਂ ਕੱਪੜੇ ਬਦਲ ਕੇ ਪਾਉਣ ਨਾਲ ਇਹ ਬਿਮਾਰੀ ਨਹੀਂ ਹੁੰਦੀ।
ਇਸ ਮੌਕੇ ਡਾ.ਬਲਜੀਤ ਕੌਰ ਐਸ.ਐਮ ਓ, ਡਾ.ਛਵੀ ਬਜਾਜ ਐਮ.ਡੀ.(ਮਾਨਸਿਕ ਰੋਗ) ਡਾ.ਹੰਸਾ ਜੋਸ਼ਨ ਨੋਡਲ ਅਫਸਰ ਵੇਸਟ ਮੈਨੇਜਮੈਂਟ, ਡਾ.ਕਮਲਪ੍ਰੀਤ ਬਰਾੜ, ਡਾ.ਤਮੰਨਾ ਸੰਘੀ ,ਕਿਰਨਇੰੰਦਰਵੀਰ ਸਿੰਘ,ਸਪਰੀਤ ਕੌਰ,ਅਸ਼ੀਸ਼ ਕੁਮਾਰ,ਦਰਸ਼ਨ ਸਿੰਘ ਟੀ.ਆਈ., ਦਰਸ਼ਨ ਸਿੰਘ ਡਿਪਟੀ ਮਾਸ ਮੀਡੀਆ ਅਫਸਰ, ਸੰਦੀਪ ਸਿੰਘ, ਸਿਖਾ ਕੁਲਰੀਆਂ,ਬੇਅੰਤ ਕੌਰ, ਪ੍ਰੇਮ ਜੋਸ਼ਨ ਕੌਂਸਲਰ ਤੋਂ ਇਲਾਵਾ ਸਿਹਤ ਵਿਭਾਗ ਦੇ ਐਲ.ਐਚ.ਵੀ.,ਏ.ਐਨ.ਐਮ.ਫਰਮੈਸੀ ਅਫਸਰ ਅਤੇ ਵਿਭਾਗ ਦੇ ਹੋਰ ਕਰਮਚਾਰੀ ਵੀ ਹਾਜ਼ਰ ਸਨ।