
ਮਾਨਸਾ, 22 ਮਈ (ਸਾਰਾ ਯਹਾ/ ਬਲਜੀਤ ਸ਼ਰਮਾ ) ): ਕੋਰੋਨਾ ਮਹਾਂਮਾਰੀ ਕਾਰਨ ਸੂਬੇ ਭਰ ਵਿਚ ਲਗਾਏ ਗਏ ਕਰਫਿਊ ਦੇ ਮੱਦੇਨਜ਼ਰ ਲੰਮਾ ਸਮਾਂ ਬਾਜ਼ਾਰ ਅਤੇ ਹੋਰ ਲਗਭਗ ਸਾਰੇ ਕਾਰੋਬਾਰ ਠੱਪ ਰਹੇ ਹਨ, ਜਿਸ ਕਾਰਨ ਲੋਕਾਂ ਨੂੰ ਭਾਰੀ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਭ ਤੋਂ ਜ਼ਿਆਦਾ ਮੁਸ਼ਕਲ ਗਰੀਬ, ਦਿਹਾੜੀਦਾਰ, ਮਜ਼ਦੂਰ ਅਤੇ ਮੱਧਵਰਗੀ ਪਰਿਵਾਰਾਂ ਨੂੰ ਆਈ ਹੈ ਜਿੰਨ੍ਹਾਂ ਕੋਲ ਕਮਾਈ ਦਾ ਹੋਰ ਕੋਈ ਵੱਖਰਾ ਸਾਧਨ ਨਹੀਂ ਹੈ। ਜਿੰਨ੍ਹਾਂ ਨੇ ਉਹੀ ਖਾਣਾ ਹੈ ਜੋ ਰੋਜ਼ਾਨਾ ਕਮਾਉਣਾ ਹੈ।
ਐਕਸ ਵਾਇਸ ਚੇਅਰਮੈਨ ਲੀਗਲ ਸੈੱਲ ਕਾਂਗਰਸ ਪੰਜਾਬ ਐਡਵੋਕੇਟ ਲਖਵਿੰਦਰ ਸਿੰਘ ਲਖਣਪਾਲ ਨੇ ਦੱਸਿਆ ਕਿ ਉਨ੍ਹਾਂ ਦੁਆਰਾ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ ਇਹ ਮੰਗ ਕੀਤੀ ਗਈ ਹੈ ਕਿ ਗਰੀਬ, ਦਿਹਾੜੀਦਾਰ, ਮਜ਼ਦੂਰ, ਮੱਧਵਰਗੀ ਪਰਿਵਾਰ ਅਤੇ ਛੋਟੇ ਵਪਾਰੀਆਂ ਦੇ ਬਿਜਲੀ, ਪਾਣੀ, ਸੀਵਰੇਜ ਆਦਿ ਦੇ ਬਿੱਲ ਮਾਫ ਕੀਤੇ ਜਾਣ ਤਾਂ ਜੋ ਉਹ ਇਸ ਵਿੱਤੀ ਬੋਝ ਤੋਂ ਰਾਹਤ ਪਾ ਕੇ ਆਪਣੀ ਜ਼ਿੰਦਗੀ ਫੇਰ ਤੋਂ ਲੀਹ ਤੇ ਲਿਆ ਸਕਣ।
ਸ੍ਰੀ ਲਖਣਪਾਲ ਨੇ ਦੱਸਿਆ ਕਿ ਉਨ੍ਹਾਂ ਸਰਕਾਰ ਅੱਗੇ ਅਰਜ਼ ਕੀਤੀ ਹੈ ਕਿ ਜਿਸ ਤਰਾਂ ਸਰਕਾਰ ਦੁਆਰਾ ਇਸ ਸੰਕਟ ਦੀ ਘੜੀ ਵਿਚ ਗਰੀਬ ਲੋਕਾਂ ਤੱਕ ਲੰਗਰ ਪਹੁੰਚਦਾ ਕੀਤਾ ਜਾਂਦਾ ਰਿਹਾ ਹੈ ਇਹ ਸ਼ਲਾਘਾਯੋਗ ਕਦਮ ਸੀ, ਪ੍ਰੰਤੂ ਇਸ ਦੇ ਨਾਲ ਨਾਲ ਉਨ੍ਹਾਂ ਦੀਆਂ ਹੋਰ ਘਰੇਲੂ ਲੋੜਾਂ ਜੋ ਕਿ ਕਰਫਿਊ ਕਾਰਨ ਕਾਰੋਬਾਰ ਬੰਦ ਹੋ ਜਾਣ ਕਰਕੇ ਪੂਰੀਆਂ ਨਹੀਂ ਹੋ ਸਕੀਆਂ। ਇਸ ਕਰਕੇ ਉਨ੍ਹਾਂ ਮੰਗ ਕੀਤੀ ਹੈ ਕਿ ਇਨ੍ਹਾਂ ਲੋਕਾਂ ਦੀ ਬੇਬਸੀ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰ ਵੱਲੋਂ ਉਨ੍ਹਾਂ ਦੇ ਹਿੱਤ ਵਿਚ ਇਕ ਹੋਰ ਸ਼ਲਾਘਾਯੋਗ ਕਦਮ ਉਠਾ ਕੇ ਗਰੀਬ ਜਨਤਾ ਨੂੰ ਰਾਹਤ ਦਿਵਾਈ ਜਾਵੇ ਤਾਂ ਜੋ ਦੇਸ਼ ਮੁੜ ਤੋਂ ਆਪਣਾ ਵਿਕਾਸ ਸ਼ੁਰੂ ਕਰ ਸਕੇ।
ਇਸ ਮੌਕੇ ਗੁਰਦਰਸ਼ਨ ਸਿੰਘ ਰਾਜੂ, ਭਗਵੰਤ ਚਹਿਲ, ਸੁੱਖੀ ਦੂਲੋਵਾਲ, ਗੁਰਚਰਨ ਸਿੰਘ ਤੱਗੜ, ਮਲਕੀਤ ਖੋਖਰ ਮੌਜੂਦ ਸਨ।
