ਲੁਧਿਆਣਾ 30,ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ): ਇੱਥੇ ਸਿਵਲ ਹਸਪਤਾਲ ਪਹੁੰਚਣ ਤੋਂ ਪਹਿਲਾਂ ਮਰੀਜ਼ ਦੀ ਆਟੋ ਰਿਕਸ਼ਾ ਵਿੱਚ ਹੀ ਮੌਤ ਹੋ ਗਈ, ਕਿਉਂਕਿ ਉਸ ਦੇ ਪਰਿਵਾਰ ਨੂੰ ਨਾ ਤਾਂ ਸਮੇਂ ਸਿਰ ਐਂਬੂਲੈਂਸ ਮਿਲੀ ਅਤੇ ਨਾ ਹੀ ਡਾਕਟਰੀ ਸਹਾਇਤਾ। ਮ੍ਰਿਤਕ ਦੇ ਵਾਰਸਾਂ ਮੁਤਾਬਕ ਉਸ ਨੂੰ ਪਥਰੀ ਦਾ ਦਰਦ ਸੀ।
ਮ੍ਰਿਤਕ ਵਿਅਕਤੀ ਦੀ ਪਤਨੀ ਨੇ ਦੱਸਿਆ ਕਿ ਉਸ ਦੇ ਪਤੀ ਦਾ ਪਹਿਲਾਂ ਵੀ ਪਥਰੀ ਦਾ ਇਲਾਜ ਚੱਲਦਾ ਸੀ ਪਰ ਵੀਰਵਾਰ ਨੂੰ ਉਸ ਦੇ ਤੇਜ਼ ਦਰਦ ਹੋਣ ਲੱਗਾ। ਉਨ੍ਹਾਂ ਐਂਬੂਲੈਂਸ ਬੁਲਾਉਣ ਲਈ ਕੋਸ਼ਿਸ਼ ਕੀਤੀ ਪਰ ਕੋਈ ਐਂਬੂਲੈਂਸ ਨਾ ਮਿਲੀ ਅਤੇ ਫਿਰ ਅਖੀਰ ਵਿੱਚ ਉਹ ਆਪਣੇ ਪਤੀ ਨੂੰ ਆਟੋ-ਰਿਕਸ਼ਾ ਵਿੱਚ ਬਿਠਾ ਕੇ ਹਸਪਤਾਲ ਵੱਲ ਤੁਰ ਪਈ। ਪਰ ਹਸਪਤਾਲ ਪਹੁੰਚਣ ਤੱਕ ਉਸ ਦੀ ਮੌਤ ਹੋ ਗਈ। ਜੇਕਰ ਸਮੇਂ ਸਿਰ ਐਂਬੂਲੈਂਸ ਮਿਲਦੀ ਤਾਂ ਉਸ ਨੂੰ ਮੁਢਲੀ ਸਹਾਇਤਾ ਵੀ ਮਿਲ ਸਕਦੀ ਸੀ ਅਤੇ ਉਸ ਦੀ ਜਾਨ ਵੀ ਬਚ ਸਕਦੀ ਸੀ।
ਕੋਰੋਨਾਵਾਇਰਸ ਦੇ ਪਸਾਰ ਕਾਰਨ ਮਰੀਜ਼ਾਂ ਦੀ ਢੋਆ-ਢੁਆਈ ਵਿੱਚ ਵੱਡੀ ਗਿਣਤੀ ‘ਚ ਐਂਬੂਲੈਂਸਾਂ ਲੱਗੀਆਂ ਹੋਈਆਂ ਹਨ। ਅਜਿਹੇ ਵਿੱਚ ਹੋਰਨਾਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ ‘ਚ ਕੋਰੋਨਾ ਵਾਇਰਸ ਦੇ 6,812 ਨਵੇਂ ਕੇਸ ਸਾਹਮਣੇ ਆਏ। ਇਸ ਦੇ ਨਾਲ ਹੀ ਪੰਜਾਬ ‘ਚ ਅੱਜ ਕੋਰੋਨਾ ਨਾਲ 138 ਮੌਤਾਂ ਦਰਜ ਕੀਤੀਆਂ ਗਈਆਂ। ਸੂਬੇ ‘ਚ ਮੌਜੂਦਾ ਸਮੇਂ 54,954 ਐਕਟਿਵ ਕੇਸ ਹਨ। ਅੱਜ ਕੋਰੋਨਾ ਨਾਲ ਹੋਣ ਵਾਲੀਆਂ 138 ਮੌਤਾਂ ‘ਚੋਂ 21 ਮੌਤਾਂ ਇਕੱਲੇ ਬਠਿੰਡਾ ‘ਚ ਹੋਈਆਂ ਹਨ। ਮੌਜੂਦਾ ਸਮੇਂ ਐਕਟਿਵ ਕੇਸਾਂ ‘ਚ 648 ਮਰੀਜ਼ ਆਕਸੀਜਨ ਸਪਰੋਟ ‘ਤੇ ਹਨ। ਇਸ ਤੋਂ ਇਲਾਵਾ 97 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਵੈਂਟੀਲੇਟਰ ‘ਤੇ ਹਨ। ਕੋਰੋਨਾ ਮਹਾਂਮਾਰੀ ‘ਚ ਹਾਲਾਤ ਬਹੁਤ ਤਰਸਯੋਗ ਬਣ ਰਹੇ ਹਨ।