
ਮਾਨਸਾ, 20 ਸਤੰਬਰ:(ਸਾਰਾ ਯਹਾਂ/ਮੁੱਖ ਸੰਪਾਦਕ)
ਡਾਇਰੈਕਟਰ ਜਨਰਲ ਸਕੂਲ ਸਿੱਖਿਆ-ਕਮ-ਸਟੇਟ ਪ੍ਰਾਜੈਕਟ ਡਾਇਰੈਕਟਰ ਸਮੱਗਰਾ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਦੇ ਆਦੇਸ਼ਾਂ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਸੈ:ਸਿੱ:) ਮਾਨਸਾ ਸ੍ਰੀਮਤੀ ਭੁਪਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ: ਸਿੱ:) ਮਾਨਸਾ ਡਾ. ਪਰਮਜੀਤ ਸਿੰਘ ਭੋਗਲ ਦੀ ਅਗਵਾਈ ਵਿਚ ਜ਼ਿਲ੍ਹਾ ਪੱਧਰੀ ‘ਏਕ ਭਾਰਤ ਸ੍ਰੇਸ਼ਟ ਭਾਰਤ’ ਅਧੀਨ ਜ਼ਿਲ੍ਹਾ ਪੱਧਰੀ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ।
ਪ੍ਰਤੀਯੋਗਤਾ ਦੌਰਾਨ ਜ਼ਿਲ੍ਹਾ ਨੋਡਲ ਅਫ਼ਸਰ ਸ੍ਰੀ ਪਰਵਿੰਦਰ ਸਿੰਘ ਦੀ ਦੇਖ ਰੇਖ ਹੇਠ ਦੋ ਈਵੈਂਟ ਡਰਾਇੰਗ ਅਤੇ ਲੋਕ ਨਾਚ ਕਰਵਾਏ ਗਏ, ਜਿਸ ਵਿਚ ਦੋ ਵਰਗ ਮਿਡਲ ਅਤੇ ਸੈਕੰਡਰੀ ਅਧੀਨ ਇਹ ਪ੍ਰਤੀਯੋਗਤਾ ਕਰਵਾਈ ਗਈ। ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਮਾਨਸਾ ਸ੍ਰੀਮਤੀ ਭੁਪਿੰਦਰ ਕੌਰ ਨੇ ਦੱਸਿਆ ਕਿ ਇਸ ਦਾ ਮੁੱਖ ਮੰਤਵ ਵਿਦਿਆਰਥੀਆਂ ਵਿੱਚ ਛੁਪੀ ਪ੍ਰਤਿਭਾ ਨੂੰ ਉਭਾਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਤੀਯੋਗਤਾ ਵਿਚ ਸਕੂਲਾਂ ਵਿਚ ਪੜ੍ਹਦੇ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੱਖ ਵੱਖ ਵਰਗਾਂ ਵਿਚ ਭਾਗ ਲਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਰਾਹੀਂ ਜਿੱਥੇ ਵਿਦਿਆਰਥੀਆਂ ਵਿਚ ਕਲਾ ਪ੍ਰਤੀ ਰੁਚੀ ਵਧੇਗੀ, ਉੱਥੇ ਦੇਸ਼ ਦੇ ਵੱਖ ਵੱਖ ਪ੍ਰਾਂਤਾਂ ਦੀ ਸੰਸਕ੍ਰਿਤੀ ਅਤੇ ਵਿਰਸੇ ਨੂੰ ਜਾਣਨ ਦਾ ਮੌਕਾ ਵੀ ਮਿਲੇਗਾ।
ਡਾ. ਪਰਮਜੀਤ ਸਿੰਘ ਭੋਗਲ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਮਾਨਸਾ ਨੇ ਕਿਹਾ ਕਿ ਇੰਨ੍ਹਾਂ ਮੁਕਾਬਲਿਆਂ ਰਾਹੀਂ ਜਿੱਥੇ ਵਿਦਿਆਰਥੀਆਂ ਵਿਚ ਕਲਾ ਪ੍ਰਤੀ ਰੁਚੀ ਵਧੇਗੀ, ਉੱਥੇ ਦੇਸ਼ ਦੇ ਵੱਖ-ਵੱਖ ਪ੍ਰਾਂਤਾਂ ਦੀ ਸੰਸਕ੍ਰਿਤੀ ਅਤੇ ਵਿਰਸੇ ਨੂੰ ਜਾਣਨ ਦਾ ਮੌਕਾ ਵੀ ਮਿਲੇਗਾ। ਪ੍ਰੋਗਰਾਮ ਦੇ ਜ਼ਿਲ੍ਹਾ ਨੋਡਲ ਅਫ਼ਸਰ ਸ੍ਰੀ ਪਰਵਿੰਦਰ ਸਿੰਘ ਨੇ ਦੱਸਿਆ ਕਿ ਏਕ ਭਾਰਤ ਸ੍ਰੇਸ਼ਟ ਭਾਰਤ ਅਧੀਨ ਭਾਰਤ ਦੇ ਵੱਖ ਵੱਖ ਦੋ ਰਾਜਾਂ ਨੂੰ ਆਪਸ ਵਿੱਚ ਕਲੱਬ ਕੀਤਾ ਗਿਆ, ਜਿਸ ਵਿੱਚ ਵੱਖ-ਵੱਖ ਰਾਜ ਜਿਹੜੇ ਆਪਸ ਦੇ ਵਿੱਚ ਜੋੜੇ ਗਏ ਹਨ, ਜਿਸ ਅਧੀਨ ਪੰਜਾਬ ਰਾਜ ਨੂੰ ਆਂਧਰਾ ਪ੍ਰਦੇਸ਼ ਰਾਜ ਨਾਲ ਕਲੱਬ ਕੀਤਾ ਗਿਆ ਹੈ। ਉਹ ਇੱਕ ਦੂਸਰੇ ਰਾਜ ਦੇ ਸੰਸਕ੍ਰਿਤੀ, ਸੱਭਿਆਚਾਰ, ਲੋਕ ਗੀਤ, ਪਹਿਰਾਵਾ, ਸਿੱਖਿਆ ਅਤੇ ਖੇਤੀਬਾੜੀ ਆਦਿ ਵੱਖ ਵੱਖ ਤਰ੍ਹਾਂ ਦੀਆਂ ਪ੍ਰਤੀਯੋਗਤਾਵਾਂ ਰਾਹੀਂ ਆਪਸੀ ਤਾਲਮੇਲ ਨਾਲ ਇੱਕ ਦੂਸਰੇ ਰਾਜ ਬਾਰੇ ਭਰਪੂਰ ਜਾਣਕਾਰੀ ਪ੍ਰਾਪਤ ਕਰਨਗੇ। ਉਹਨਾਂ ਦੱਸਿਆ ਕਿ ਸਮੂਹ ਸਕੂਲਾਂ ਵੱਲੋਂ ਵੱਖ-ਵੱਖ ਸਮੇਂ ’ਤੇ ਪ੍ਰਤੀਯੋਗਤਾਵਾਂ ਕਰਵਾਈਆਂ ਜਾਂਦੀਆਂ ਹਨ, ਜਿਸ ਵਿੱਚ ਸਾਰੇ ਸਕੂਲ ਮੁਖੀ ਸਾਹਿਬਾਨ ਨੋਡਲ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਵੱਧ ਚੜ ਕੇ ਹਿੱਸਾ ਲੈਂਦੇ ਹਨ।
ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਡੀ.ਐਸ.ਐਮ. ਸ੍ਰੀ ਹਰਪ੍ਰੀਤ ਸਿੰਘ, ਸ੍ਰੀ ਪਰਵਿੰਦਰ ਸਿੰਘ ਜ਼ਿਲ੍ਹਾ ਨੋਡਲ ਅਫਸਰ ਮਾਨਸਾ, ਸ੍ਰੀ ਨਵਨੀਤ ਕੱਕੜ ਵੱਲੋਂ ਨਿਭਾਈ। ਸ਼੍ਰੀ ਪਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਸੋਲੋ ਡਾਂਸ ਦੇ ਮਿਡਲ ਵਰਗ ਵਿੱਚ ਅੱਠਵੀਂ ਜਮਾਤ ਦੀ ਗਗਨਦੀਪ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਸਲਾ ਨੇ ਪਹਿਲਾ, ਸੱਤਵੀਂ ਜਮਾਤ ਦੀ ਖੁਸ਼ਪ੍ਰੀਤ ਕੌਰ ਸਰਕਾਰੀ ਮਿਡਲ ਸਕੂਲ ਜਲਵੇੜਾ ਨੇ ਦੂਜਾ ਅਤੇ ਜਸਨੂਰ ਸਿੰਘ ਛੇਵੀਂ ਜਮਾਤ ਸੀਨੀਅਰ ਸੈਕੰਡਰੀ ਸਕੂਲ ਕੁਸਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸੋਲੋ ਫੋਕ ਡਾਂਸ ਦੀ ਇਸ ਗਤੀਵਿਧੀ ਦੇ ਸੀਨੀਅਰ ਵਰਗ ਵਿੱਚ ਗਿਆਰਵੀਂ ਜਮਾਤ ਦੀ ਹਿਮਾਨੀ ਜੈਨ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਸਰਦੂਲਗੜ੍ਹ ਨੇ ਪਹਿਲਾ ਅਤੇ ਦਸਵੀਂ ਜਮਾਤ ਦੀ ਰਚਨਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੰਡੀ ਨੇ ਦੂਜਾ ਸਥਾਨ ਹਾਸਿਲ ਕੀਤਾ, ਕਮਲਪ੍ਰੀਤ ਕੌਰ ਜਮਾਤ ਬਾਰਵੀਂ ਸਰਕਾਰੀ ਸਕੈਂਡਰੀ ਸਕੂਲ ਝਨੀਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਪ੍ਰੋਗਰਾਮ ਦੇ ਅਧੀਨ ਸੋਲੋ ਪੇਂਟਿੰਗ ਦੇ ਮਿਡਲ ਵਰਗ ਵਿੱਚ ਅੱਠਵੀਂ ਜਮਾਤ ਦੀ ਹਰਮਨਦੀਪ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਕਲਾਂ ਨੇ ਪਹਿਲਾ, ਛੇਵੀਂ ਜਮਾਤ ਦੇ ਅਰਮਾਨ ਸਿੰਘ ਸਰਕਾਰੀ ਮਿਡਲ ਸਕੂਲ ਕੁੱਲਰੀਆਂ ਨੇ ਦੂਜਾ ਅਤੇ ਸੱਤਵੀਂ ਜਮਾਤ ਦੀ ਨਵਸੀਰਤ ਕੌਰ ਸਰਕਾਰੀ ਮਿਡਲ ਸਕੂਲ ਲਖਮੀਰਵਾਲਾ ਨੇ ਤੀਜਾ ਸਥਾਨ ਹਾਸਿਲ ਕੀਤਾ।
ਇਸੇ ਮੁਕਾਬਲੇ ਦੇ ਸੀਨੀਅਰ ਵਰਗ ਦੇ ਵਿੱਚ ਗਿਆਰਵੀਂ ਜਮਾਤ ਦੀ ਖੁਸ਼ਦੀਪ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਲਰੀਆਂ ਨੇ ਪਹਿਲਾ, ਦਸਵੀਂ ਜਮਾਤ ਦੀ ਖੁਸ਼ਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਘੜਿਆਲ ਨੇ ਦੂਜਾ ਅਤੇ ਨੌਵੀਂ ਜਮਾਤ ਦੀ ਹਰਮਨਦੀਪ ਕੌਰ ਸਰਕਾਰੀ ਹਾਈ ਸਕੂਲ ਮਘਾਣੀਆਂ ਨੇ ਤੀਜਾ ਸਥਾਨ ਹਾਸਲ ਕੀਤਾ। ਇੰਨ੍ਹਾਂ ਵਰਗਾਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਪਹਿਲੀ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ ਸਰਟੀਫਿਕੇਟ ਅਤੇ ਟਰੋਫੀ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਸ਼੍ਰੀ ਊਧਮ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ। ਜਜਮੈਂਟ ਦੀ ਭੂਮਿਕਾ ਸ਼੍ਰੀ ਜਗਸੀਰ ਸਿੰਘ, ਹਰਪ੍ਰੀਤ ਸਿੰਘ, ਸ਼ਿੰਗਾਰਾ ਸਿੰਘ, ਜਸਵੀਰ ਕੌਰ, ਬਾਲ ਕ੍ਰਿਸ਼ਨ, ਹਰਪ੍ਰੀਤ ਸਿੰਘ ਮੂਸਾ ਅਤੇ ਮੈਡਮ ਗਗਨਦੀਪ ਕੌਰ ਵੱਲੋਂ ਨਿਭਾਈ ਗਈ। ਉਨ੍ਹਾਂ ਕਿਹਾ ਕਿ ਸਾਰੇ ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ ਵਿੱਚ ਵੱਧ ਤੋਂ ਵੱਧ ਭਾਗ ਲੈਣਾ ਚਾਹੀਦਾ ਹੈ।
ਇਸ ਮੌਕੇ ਸਮੂਹ ਬੀ.ਐਨ.ਓ., ਕਪਿਲ ਕੁਮਾਰ ਸ਼ਸ਼ੀਕਾਟ ਲਖਵਿੰਦਰ ਸਿੰਘ, ਮੈਡਮ ਮਮਤਾ, ਕੁਲਵਿੰਦਰ ਸਿੰਘ, ਕੁਲਜੀਤ ਸਿੰਘ, ਸੰਬੰਧਤ ਸਕੂਲਾਂ ਦੇ ਵਿਦਿਆਰਥੀਆਂ ਦੇ ਗਾਈਡ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।
