ਚੰਡੀਗੜ੍ਹ: ਦੀਵਾਲੀ ਤੋਂ ਇੱਕ ਦਿਨ ਬਾਅਦ ਐਤਵਾਰ ਨੂੰ ਉੱਤਰ ਭਾਰਤ ਵਿੱਚ ਮੀਂਹ, ਗੜੇਮਾਰੀ ਅਤੇ ਤੇਜ਼ ਹਵਾਵਾਂ ਨਾਲ ਪਾਰ ਹੇਠਾਂ ਡਿੱਗਾ ਹੈ।ਪੰਜਾਬ, ਚੰਡੀਗੜ੍ਹ, ਦਿੱਲੀ, ਹਰਿਆਣਾ ਅਤੇ ਉਤਰ ਪ੍ਰਦੇਸ਼ ਵਿੱਚ ਮੀਂਹ ਅਤੇ ਤੂਫਾਨ ਵੇਖਣ ਨੂੰ ਮਿਲਿਆ।ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਗੜੇਮਾਰੀ ਹੋਈ ਜਿਸ ਨੇ ਘੱਟੋ ਘੱਟ ਤਾਪਮਾਨ ਵਿੱਚ 10 ਡਿਗਰੀ ਸੈਲਸੀਅਸ ਦੀ ਗਿਰਾਵਟ ਲਿਆਂਦੀ।
ਚੰਡੀਗੜ੍ਹ ਦੇ ਨਾਲ ਨਾਲ ਮੁਹਾਲੀ ਅਤੇ ਪੰਚਕੁਲਾ ਵਿੱਚ ਵੀ ਮੀਂਹ ਪਿਆ।ਪੰਜਾਬ ਦੇ ਕੁਝ ਹਿੱਸਿਆਂ ਵਿੱਚ ਹਲਕੀ ਬਾਰਸ਼ ਨੇ ਕਣਕ ਬੀਜਣ ਵਾਲੇ ਕਿਸਾਨਾਂ ਲਈ ਖੁਸ਼ਹਾਲੀ ਲਿਆਂਦੀ ਹੈ, ਖਾਸਕਰ ਜਿਨ੍ਹਾਂ ਨੇ ਝੋਨੇ ਦੀ ਪਰਾਲੀ ਨੂੰ ਸਾੜੇ ਬਿਨਾਂ ਆਪਣੀ ਫਸਲ ਬੀਜੀ ਸੀ।ਇਸ ਤੋਂ ਇਲਾਵਾ ਇਹ ਮੀਂਹ ਉਨ੍ਹਾਂ ਕਿਸਾਨਾਂ ਲਈ ਵੀ ਲਾਭਕਾਰੀ ਹੈ ਜਿਨ੍ਹਾਂ ਨੇ ਹਾਲੇ ਕਣਕ ਜਾਂ ਹਾੜ੍ਹੀ ਦੀਆਂ ਫਸਲਾਂ ਅਤੇ ਪਸ਼ੂਆਂ ਲਈ ਚਾਰੇ ਬੀਜਣਾ ਹੈ।
ਐਤਵਾਰ ਨੂੰ ਚੰਡੀਗੜ, ਜਲੰਧਰ, ਰੋਪੜ, ਬਰਨਾਲਾ, ਅੰਮ੍ਰਿਤਸਰ, ਲੁਧਿਆਣਾ, ਮੁਹਾਲੀ, ਮਾਨਸਾ, ਬਠਿੰਡਾ, ਮੋਗਾ, ਮੰਡੀ ਗੋਬਿੰਦਗੜ੍ਹ ਸਮੇਤ ਹਰਿਆਣਾ ਦੇ ਹਿਸਾਰ ਅਤੇ ਅੰਬਾਲਾ ਵਿੱਚ ਵੀ ਮੀਂਹ ਪਿਆ।ਹਰਿਆਣਾ ਦੇ ਹਿਰਾਸ ਵਿੱਚ ਮੀਂਹ ਦੇ ਨਾਲ ਨਾਲ ਗੜੇਮਾਰੀ ਵੀ ਹੋਈ।
ਉਧਰ ਮੀਂਹ ਦੇ ਨਾਲ ਪ੍ਰਦੂਸ਼ਣ ਲੈਵਲ ਵਿੱਚ ਵੀ ਗਿਰਾਵਟ ਆਈ ਹੈ।ਹਾਲਾਂਕਿ ਦੀਵਾਲੀ ਦੇ ਪਟਾਕਿਆਂ ਨੇ AQI ਨੂੰ ਪ੍ਰਭਾਵਿਤ ਕੀਤਾ ਸੀ ਪਰ ਮੀਂਹ ਨੇ ਕਾਫੀ ਰਾਹਤ ਦੇ ਦਿੱਤੀ ਹੈ।ਰੋਪੜ ਵਿੱਚ ਤਾਪਮਾਨ ਆਮ ਨਾਲੋਂ 2 ਤੋਂ 3 ਡਿਗਰੀ ਘੱਟ ਮਹਿਸੂਸ ਕੀਤਾ ਗਿਆ।ਮੌਸਮ ਵਿਭਾਗ ਮੁਤਾਬਿਕ ਆਉਣ ਵਾਲੇ 48 ਘੰਟਿਆਂ ਵਿੱਚ ਇਸ ਦੇ ਹੋਰ ਘੱਟਣ ਦੀ ਉਮੀਦ ਹੈ।