
ਬਰੇਟਾ 26 ,ਮਾਰਚ (ਸਾਰਾ ਯਹਾਂ /ਰੀਤਵਾਲ) : ਆਮ ਲੋਕਾਂ ਦੀਆ ਵੋਟਾਂ ਨਾਲ ਚੁਣੀਆਂ ਸਰਕਾਰਾਂ ਦਾ ਫਰਜ ਹੁੰਦਾ ਹੈ ਕਿ ਉਹ ਲੋਕਾਂ ਦੇ ਭਲੇ ਲਈ
ਸਹੂਲਤਾਂ ਪੈਦਾ ਕਰਨ ਤਾਂ ਜੋ ਕਿਸੇ ਵਿਅਕਤੀ ਨੂੰ ਸਰਕਾਰੀ ਦਫਤਰ ‘ਚ ਕੰਮਕਾਜ ਕਰਾਉਣ ਸਮੇਂ ਕੋਈ ਦਿੱਕਤ ਨਾ ਆਵੇ ਪਰ
ਦੁੱਖ ਦੀ ਗੱਲ ਇਹ ਹੈ ਕਿ ਪਹਿਲਾਂ ਤਾਂ ਪਬਲਿਕ ਦੀਆ ਵੋਟਾਂ ਨਾਲ ਚੁਣੀਆਂ ਜਾਂਦੀਆਂ ਸਰਕਾਰਾਂ ਉਹਨਾਂ ਦੀਆਂ ਪ੍ਰੇਸ਼ਾਨੀਆਂ
ਵੱਲ ਧਿਆਨ ਹੀ ਨਹੀਂ ਦਿੰਦੀਆਂ ,ਜੇਕਰ ਕਿਤੇ ਮਜਬੂਰੀ ਵਸ ਸਰਕਾਰਾਂ ਲੋਕਾਂ ਦੀ ਸਹੂਲਤ ਲਈ ਕੋਈ ਕਦਮ ਚੁੱਕਦੀਆਂ ਹਨ ਤਾਂ
ਉਸਦਾ ਲਾਭ ਗਲਤ ਅਤੇ ਭ੍ਰਿਸ਼ਟ ਲੋਕਾਂ ਨੂੰ ਵਧੇਰੇ ਅਤੇ ਆਮ ਲੋਕਾਂ ਨੂੰ ਘੱਟ ਹੀ ਹੁੰਦਾ ਹੈ । ਇਸ ਦੀ ਪ੍ਰਤੱਖ ਮਿਸਾਲ
ਹੈ ਬਰੇਟਾ ਮੰਡੀ ਦੀ ਸਬ ਤਹਿਸੀਲ । ਜੋ ਇਲਾਕੇ ਦੇ 22 ਪਿੰਡਾਂ ਨੂੰ ਸਹੂਲਤਾਂ ਦੇਣ ਦੇ ਲਈ ਬਣੀ ਸੀ । ਦੱਸਣਯੋਗ ਹੈ ਕਿ ਇਹ ਤਹਿਸੀਲ
ਦਫਤਰ ਸ਼ਹਿਰ ਤੋਂ 2 ਕਿਲੋਮੀਟਰ ਦੂਰ ਸੁਨਸਾਨ ਜਗ੍ਹਾਂ ਤੇ ਹੋਣ ਕਾਰਨ ਆਮ ਲੋਕਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ
ਕਰਨਾ ਪੈ ਰਿਹਾ ਹੈ । ਮੰਡੀ ਅਤੇ ਵਸੋਂ ਤੋ ਦੂਰ ਉਜਾੜ ‘ਚ ਬਣੇ ਇਸ ਤਹਿਸੀਲ ਦਫਤਰ ਵਿੱਚ ਕੰਮਕਾਜ਼ ਕਰਵਾਉਣ ਸਮੇਂ
ਬਜੁਰਗਾਂ ,ਔਰਤਾਂ ਅਤੇ ਲੜਕੀਆਂ ਨੂੰ ਸਭ ਤੋਂ ਵੱਧ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਜਿਸ ਕਾਰਨ ਦੁੱਖੀ
ਹੋਏ ਲੋਕ ਉਜਾੜ ‘ਚ ਤਹਿਸੀਲ ਦਫਤਰ ਬਣਾਉਣ ‘ਚ ਸਹਿਯੋਗ ਕਰਨ ਵਾਲੇ ਦਲਾਲਾਂ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਲ ਨਾਲ
ਸਰਕਾਰ ਦੇ ਚਹੇਤੇ ਲੀਡਰਾਂ ਨੂੰ ਕੋਸ ਰਹੇ ਹਨ । ਆਵਾਜ਼ ਬੁਲੰਦ ਲੋਕਾਂ ਦਾ ਕਹਿਣਾ ਹੈ ਕਿ ਦਫਤਰ ‘ਚ ਚੱਲ ਰਹੇ ਭ੍ਰਿਸ਼ਟਾਚਾਰ ਦਾ
ਪਰਦਾਫਾਸ਼ ਕਰਨ ਦੇ ਲਈ ਅਸੀਂ ਅਨੇਕਾਂ ਵਾਰ ਉੱਚ ਅਧਿਕਾਰੀਆਂ ਕੋਲ ਗੁਹਾਰ ਲਗਾ ਚੱਕੇ ਹਾਂ ਅਤੇ ਲੰਮੇ ਸਮੇਂ ਤੋਂ ਬੰਦ
ਪਏ ਕੈਮਰਿਆਂ ਨੂੰ ਚਾਲੂ ਕਰਵਾਉਣ ਦੇ ਲਈ ਵੀ ਬਹੁਤ ਵਾਰ ਅਰਜ ਕੀਤੀ ਜਾ ਚੁੱਕੀ ਹੈ ਪਰ ਫਿਰ ਵੀ ਪਰਨਾਲਾ ਜਿਉਂ ਦਾ ਤਿਉਂ
ਹੈ । ਆਮ ਲੋਕਾਂ ਦੇ ਲਈ ਇਹ ਵੀ ਬਹੁਤ ਬਦਕਿਸਮਤੀ ਦੀ ਗੱਲ ਹੈ ਕਿ ਇਸ ਤਹਿਸੀਲ ਦਫਤਰ ‘ਚ ਪਿਛਲੇ ਲੰਮੇ ਸਮੇਂ ਤੋਂ ਪੱਕੇ ਤੌਰ
ਤੇ ਕਿਸੇ ਅਜਿਹੇ ਇਮਾਨਦਦਾਰ ਤੇ ਸਖਤ ਅਫਸਰ ਦੀ ਨਿਯੁਕਤੀ ਨਹੀਂ ਹੋਈ ਜੋ ਦਫਤਰ ‘ਚ ਪਾਲਤੂ ਫਿਰ ਰਹੇ ਲੋਕਾਂ ਤੇ ਨਕੇਲ ਕਸ ਸਕੇ ।
ਅਜਿਹੀਆਂ ਪ੍ਰੇਸ਼ਾਨੀਆਂ ਤੋਂ ਦੁੱਖੀ ਹੋਏ ਲੋਕ ਸਰਕਾਰ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਵਾਰ ਵਾਰ ਮੰਗ ਕਰ
ਰਹੇ ਹਨ ਕਿ ਇਸ ਦਫਤਰ ਨੂੰ ਪੁਰਾਣੀ ਸਬ ਤਹਿਸੀਲ ਵਾਲੀ ਥਾਂ ਜਾਂ ਫਿਰ ਡੀ.ਏ.ਵੀ.ਸਕੂਲ ਦੀ ਖਾਲੀ ਪਈ ਜਗਾਂ ਤੇ ਤਬਦੀਲ ਕੀਤਾ ਜਾਵੇ ।ਜਦ
ਇਸ ਸਬੰਧੀ ਡੀ.ਸੀ.ਮਾਨਸਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਵਾਰ ਵਾਰ ਫੋਨ ਕਰਨ ਤੇ ਵੀ ਫੋਨ ਨਹੀ ਚੁੱਕਿਆ ।
