*ਈ ਟੀ ਟੀ ਕਾਡਰ ਦੀਆਂ ਪੋਸਟਾਂ ਲਈ ਮਾਨਸਾ ਵਿਖੇ ਪ੍ਰੀਖਿਆ ਅਮਨ ਅਮਾਨ ਨਾਲ ਹੋਈ*

0
81

ਮਾਨਸਾ 16 ਅਕਤੂਬਰ (ਸਾਰਾ ਯਹਾਂ /ਜੋਨੀ ਜਿੰਦਲ) :ਈ.ਟੀ.ਟੀ. ਕਾਡਰ ਦੀਆਂ ਪੋਸਟਾਂ ਦੀ ਅੱਜ ਹੋਈ ਪ੍ਰੀਖਿਆ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਈ।ਮਾਨਸਾ ਜ਼ਿਲ੍ਹੇ ਦੇ ਉਮੀਦਵਾਰਾਂ ਲਈ ਜ਼ਿਲ੍ਹਾ ਹੈੱਡ ਕੁਆਟਰ ‘ਤੇ ਸਥਾਨਕ ਨਹਿਰੂ ਕਾਲਜ ਸਮੇਤ ਵੱਖ ਵੱਖ ਸਕੂਲਾਂ ਵਿੱਚ ਪ੍ਰੀਖਿਆ ਕੇਂਦਰ ਬਣਾਏ ਗਏ ਸਨ।ਜਿਸ ਦੌਰਾਨ 2245 ਵਿਚੋਂ 1989 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ,256 ਪ੍ਰੀਖਿਆਰਥੀ ਗੈਰ ਹਾਜ਼ਰ ਰਹੇ।
ਜ਼ਿਲਾ ਮੈਜਿਸਟ੍ਰੇਟ ਸ਼੍ਰੀ ਮਹਿੰਦਰ ਪਾਲ ਨੇ ਨੈਗੋਸੀਏਬਲ ਇੰਸਟਰੂਮੈਂਟ ਐਕਟ 1881 ਦੀ ਧਾਰਾ 25 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਈ.ਟੀ.ਟੀ. ਕਾਡਰ ਦੀਆਂ ਪੋਸਟਾਂ ਦੀ ਪ੍ਰੀਖਿਆ ਲਈ ਬਣਾਏ ਗਏ ਕੇਂਦਰਾਂ ਵਿੱਚ ਇੱਕ ਦਿਨ ਦੀ ਛੁੱਟੀ ਦਾ ਪਹਿਲਾ ਹੀ ਐਲਾਨ ਕਰ ਦਿੱਤਾ ਸੀ। ਤਾਂ ਜੋ ਟੈਸਟ ਦੇਣ ਵਾਲੇ ਪ੍ਰੀਖਿਆਰਥੀ ਸਹੀ ਢੰਗ ਨਾਲ ਪੇਪਰ ਜਾਂ ਟੈਸਟ ਦੇ ਸਕਣ।
ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅੰਜੂ ਗੁਪਤਾ ਨੇ ਦੱਸਿਆ ਕਿ ਐਸ.ਡੀ.ਕੇ.ਐਲ. ਡੀ.ਏ.ਵੀ. ਸੈਨੇਟਰੀ ਸਕੂਲ ਵਾਟਰ ਵਰਕਸ ਰੋਡ ਮਾਨਸਾ (ਬਲਾਕ-1), ਐਸ.ਡੀ.ਕੇ.ਐਲ. ਡੀ.ਏ.ਵੀ. ਸੈਨੇਟਰੀ ਸਕੂਲ ਮਾਨਸਾ (ਬਲਾਕ-2), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਮਾਨਸਾ (ਨੋਡਲ ਸੈਂਟਰ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਮਾਨਸਾ, ਨਹਿਰੂ ਮੈਮੋਰੀਅਲ ਕਾਲਜ ਮਾਨਸਾ (ਬਲਾਕ-1), ਨਹਿਰੂ ਮੈਮੋਰੀਅਲ ਕਾਲਜ ਮਾਨਸਾ (ਬਲਾਕ-2), ਸ਼੍ਰੀ ਨਰਾਇਣ ਸਰਵ ਹਿੱਤਕਾਰੀ ਵਿਦਿਆ ਮੰਦਰ ਮਾਨਸਾ, ਸ਼੍ਰੀ ਚੇਤਨ ਸਿੰਘ ਸਰਵ ਹਿੱਤਕਾਰੀ ਵਿੱਦਿਆ ਮੰਦਰ ਮਾਨਸਾ, ਐਸ.ਡੀ. ਗਰਲਜ਼ ਕਾਲਜ ਨੇੜੇ ਸਿਵਲ ਹਸਪਤਾਲ ਮਾਨਸਾ ਅਤੇ ਮਾਈ ਨਿੱਕੋ ਦੇਵੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਨੇੜੇ ਪੁਲਿਸ ਸਟੇਸ਼ਨ ਸਿਟੀ-1 ਮਾਨਸਾ ਵਿਖੇ ਪ੍ਰੀਖਿਆ ਕੇਂਦਰ ਬਣਾਏ ਗਏ ਸਨ,ਜਿਸ ਦੌਰਾਨ ਪੁਲੀਸ ਪ੍ਰਸ਼ਾਸਨ ਵੱਲ੍ਹੋ ਵੀ ਉਮੀਦਵਾਰਾਂ, ਡਿਊਟੀ ਸਟਾਫ ਤੋਂ ਬਿਨਾਂ ਹੋਰਨਾਂ ਲੋਕਾਂ ਨੂੰ ਅੰਦਰ ਜਾਣ ਤੋਂ ਰੋਕਣ ਲਈ ਪੁਖਤਾ ਪ੍ਰਬੰਧ ਕੀਤੇ ਹੋਏ ਸਨ।
ਡਿਪਟੀ ਡੀਈਓ ਜਗਰੂਪ ਭਾਰਤੀ ਨੇ ਦੱਸਿਆ ਕਿ ਪ੍ਰੀਖਿਆ ਕੇਂਦਰਾਂ ਵਿੱਚ ਨਕਲ ਰੋਕਣ ਲਈ ਵੱਖ ਵੱਖ ਅਬਜ਼ਰਾਂ ਅਤੇ ਉਡਣ ਦਸਤਿਆਂ ਦੀਆਂ ਟੀਮਾਂ ਬਣਾਈਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਕਿਧਰੇ ਵੀ ਕੋਈ ਪ੍ਰੀਖਿਆਰਥੀ ਨਕਲ ਕਰਦਾ ਨਹੀਂ ਪਾਇਆ ਗਿਆ। ਉਧਰ ਮਾਪਿਆਂ ਨੇ ਚੰਗੇ ਪ੍ਰੀਖਿਆ ਪ੍ਰਬੰਧਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here