ਚੰਡੀਗੜ੍ਹ 19,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ): ਅਗਲੇ ਸਾਲ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (EVM) ਨਾਲ ਛੇੜਛਾੜ ਦੀ ਸੰਭਾਵਨਾ ਦਾ ਮੁੱਦਾ ਉਠਾ ਕੇ ਨਵੀਂ ਚਰਚਾ ਛੇੜ ਦਿੱਤੀ ਹੈ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ (Aam aadmi Party) ਅਕਸਰ ਹੀ ਇਹ ਮੁੱਦਾ ਉਭਾਰਦੀ ਰਹੀ ਹੈ ਕਿ ਈਵੀਐਮ ਨਾਲ ਛੇੜਛਾੜ ਸੰਭਵ ਹੈ। ਹੁਣ ਕਾਂਗਰਸ ਵੱਲੋਂ ਵੀ ਈਵੀਐਮ ਨਾਲ ਛੇੜਛਾੜ ਦਾ ਖਦਸ਼ਾ ਜਤਾ ਕੇ ਇਸ ਚਰਚਾ ਨੂੰ ਨਵਾਂ ਮੋੜ ਦੇ ਦਿੱਤਾ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਜਿੱਥੇ ਆਪਣੀਆਂ ਪ੍ਰਾਪਤੀਆਂ ਗਿਣਵਾਈਆਂ, ਉੱਥੇ ਹੀ ਕਿਹਾ ਕਿ ਉਹ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈਵੀਐਮ) ਦਾ ਵਿਰੋਧ ਕਰਨ ਵਾਲੇ ਮੂਹਰੀ ਵਿਅਕਤੀਆਂ ਵਿੱਚੋਂ ਇੱਕ ਸਨ ਕਿਉਂਕਿ ਇਨ੍ਹਾਂ ਵਿੱਚ ਛੇੜਛਾੜ ਹੋ ਸਕਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਬਾਰੇ ਉਨ੍ਹਾਂ ਇੱਕ ਸਮੇਂ ਚੋਣ ਕਮਿਸ਼ਨ ਕੋਲ ਵੀ ਸਾਬਤ ਕਰ ਦਿੱਤਾ ਸੀ।
ਕੈਪਟਨ ਨੇ ਕਿਹਾ ਕਿ ਜਪਾਨ, ਸਵੀਡਨ ਤੇ ਯੂਕੇ ਜਿਹੇ ਵਿਕਸਿਤ ਦੇਸ਼ ਵੀ ਈਵੀਐਮਜ਼ ਦੀ ਵਰਤੋਂ ਨਹੀਂ ਕਰਦੇ। ਉਨ੍ਹਾਂ ਬੈਲਟ ਪੇਪਰ ਜ਼ਰੀਏ ਚੋਣਾਂ ਦੀ ਵਕਾਲਤ ਕੀਤੀ। ਕੈਪਟਨ ਦੇ ਇਸ ਦਾਅਵੇ ਮਗਰੋਂ ਈਵੀਐਮ ਰਾਹੀਂ ਵੋਟਿੰਗ ਦਾ ਵਿਰੋਧ ਕਰ ਰਹੇ ਲੋਕਾਂ ਦੀ ਮੁਹਿੰਮ ਨੂੰ ਹੋਰ ਹੁਲਾਰਾ ਮਿਲੇਗਾ। ਇਸ ਵੇਲੇ ਦੇਸ਼ ਵਿੱਚ ਕੁਝ ਧਿਰਾਂ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ ਕਿ ਈਵੀਐਮ ਹੈਕ ਹੋ ਸਕਦੀਆਂ ਹਨ। ਇਸ ਕਰਕੇ ਹੀ ਚੋਣਾਂ ਵਿੱਚ ਬਹੁਤੀ ਵਾਰ ਹੈਰਾਨੀਜਨਕ ਨਤੀਜੇ ਸਾਹਮਣੇ ਆਉਂਦੇ ਹਨ।
ਦਰਅਸਲ ਪਿਛਲੇ ਸਮੇਂ ਦੌਰਾਨ ਬੀਜੇਪੀ ਦੀਆਂ ਜਿੱਤਾਂ ਦਾ ਦੌਰ ਸ਼ੁਰੂ ਹੋਣ ਮਗਰੋਂ ਦੇਸ਼ ਅੰਦਰ ਈਵੀਐਮ ਹੈਕ ਹੋਣ ਦੀ ਚਰਚਾ ਚੱਲ ਸੀ। ਬੇਸ਼ੱਕ ਚੋਣ ਕਮਿਸ਼ਨ ਨੇ ਇਸ ਤਰ੍ਹਾਂ ਦੀ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਕੀਤਾ ਸੀ ਪਰ ਬਹੁਤ ਸਾਰੀਆਂ ਸਿਆਸੀ ਧਿਰਾਂ ਤੇ ਸੰਸਥਾਵਾਂ ਨੇ ਲਾਈਵ ਈਵੀਐਮ ਹੈਕ ਕਰਕੇ ਵਿਖਾਇਆ ਸੀ। ਦੇਸ਼ ਅੰਦਰ ਬੈਲਟ ਪੇਪਰ ਰਾਹੀਂ ਹੀ ਚੋਣਾਂ ਕਰਾਉਣ ਦੀ ਮੰਗ ਲਗਾਤਾਰ ਉੱਠ ਰਹੀ ਹੈ।