ਮਾਨਸਾ, 9 ਅਗਸਤ(ਸਾਰਾ ਯਹਾਂ/ ਜੋਨੀ ਜਿੰਦਲ) : ਈਟੀਟੀ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸੂਬਾ ਪੱਧਰੀ ਦਿੱਤੇ ਪ੍ਰੋਗਰਾਮ ਤਹਿਤ ਅੱਜ ਮਾਨਸਾ ਜ਼ਿਲ੍ਹੇ ਦੀ ਜੰਥੇਬੰਦੀ ਨੇ ਪੰਜਾਬ ਸਰਕਾਰ ਦਾ ਜ਼ੋਰ ਸ਼ੋਰ ਨਾਲ ਪਿੱਟ ਸਿਆਪਾ ਕਰ ਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਸੰਜੀਵ ਕੁਮਾਰ ਨੂੰ ਆਖਰੀ ਮੰਗ ਪੱਤਰ ਦੇ ਕੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੇ ਮਸਲੇ ਜਲਦੀ ਹੀ ਹੱਲ ਨਹੀਂ ਹੁੰਦੇ, ਤਾਂ ਉਹ ਸਿੱਖਿਆ ਅਧਿਕਾਰੀਆਂ ਦਾ ਘਿਰਾਓ ਕਰਕੇ ਇੱਕ ਤਕੜਾ ਸੰਘਰਸ਼ ਵਿੱਢਣਗੇ। ਜੰਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਖੁਸ਼ਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਪੇਅ ਕਮਿਸ਼ਨ ਦੀ ਰਿਪੋਰਟ ਲਾਗੂ ਹੋਣ ਤੋਂ ਬਾਅਦ ਅਧਿਆਪਕਾਂ ਦੀਆਂ ਤਨਖਾਹਾਂ ਵਿੱਚ ਅਨਾਮਲੀ ਬਣੀ ਹੋਈ ਹੈ ਜੋ ਦੂਰ ਕਰਨ ਲਈ ਅਧਿਕਾਰੀ ਟਾਲ ਮਟੋਲ ਕਰ ਰਹੇ ਹਨ, ਜਦ ਕਿ ਪੰਜਾਬ ਦੇ ਕਈ ਬਲਾਕਾਂ ਵਿੱਚ ਇਹ ਲੱਗ ਚੁੱਕੀ ਹੈ ਇੱਥੋ ਤੱਕ ਕਿ ਅਨਾਮਲੀ ਦੇ ਬਕਾਏ ਵੀ ਮਿਲ ਚੁੱਕੇ ਹਨ। ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਦਿਨੇਸ਼ ਰਿਸ਼ੀ ਨੇ ਕਿਹਾ ਕਿ ਮਾਨਸਾ ਵਿੱਚ ਹਾਲੇ ਤੱਕ ਪੇਅ ਕਮੀਸ਼ਨ ਦੀ ਰਿਪੋਰਟ ਦੇ ਬਕਾਏ ਵੀ ਨਹੀਂ ਦਿੱਤੇ ਜਾ ਰਹੇ, ਜਦ ਕਿ ਬਹੁਤ ਸਾਰੇ ਬਲਾਕਾਂ ਵਿੱਚ ਇਹ ਮਿਲ ਚੁੱਕੇ ਹਨ। ਇਸ ਤੋਂ ਇਲਾਵਾ ਅਧਿਆਪਕਾਂ ਦੀਆਂ ਤਨਖਾਹ ਵਿੱਚੋਂ ਕੱਟਿਆਂ ਜਨਵਰੀ ਤੇ ਫਰਵਰੀ ਦਾ ਸੀਪੀਐੱਫ ਸਾਡੇ ਪਰਾਨ ਖਾਤਿਆਂ ਵਿੱਚੋਂ ਗਾਇਬ ਹੈ। ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ ਨੇ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਅਸੀਂ ਹੁਣ ਡੀਈਓ ਨੂੰ ਆਖਰੀ ਮੰਗ ਪੱਤਰ ਦੇ ਰਹੇ ਹਾਂ। ਜੇਕਰ ਸਾਡੇ ਮਸਲਿਆਂ ਤੇ ਜਲਦੀ ਹੀ ਕੋਈ ਕਾਰਵਾਈ ਨਹੀਂ ਹੁੰਦੀ, ਤਾਂ ਉਹ ਪੰਜਾਬ ਅੰਦਰ ਸੰਘਰਸ਼ ਦੀ ਉਹ ਲਹਿਰ ਖੜ੍ਹੀ ਕਰਨਗੇ, ਜੋ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਕੁੱਝ ਬਲਾਕਾਂ ਵਿੱਚ ਦਫ਼ਤਰੀ ਕਰਮਚਾਰੀ ਅਧਿਆਪਕਾਂ ਦੇ ਕੰਮਾਂ ਵਿੱਚ ਅੜਿੱਕਾ ਬਣ ਕੇ ਜਾਣ ਬੁੱਝ ਕੇ ਉਨ੍ਹਾਂ ਨੂੰ ਅਣਗੌਲਿਆ ਕਰ ਰਹੇ ਹਨ, ਜਿਸ ਨੂੰ ਉਹ ਬਰਦਾਸ਼ਤ ਨਹੀਂ ਕਰਨਗੇ। ਇਸ ਸਬੰਧੀ ਸਾਨੂੰ ਆਪਣੇ ਕੇਡਰ ਤੋਂ ਰਿਪੋਰਟਾਂ ਪ੍ਰਾਪਤ ਹੋਈਆ ਹਨ, ਇਸ ਸਬੰਧੀ ਉਹ ਜਲਦੀ ਹੀ ਸਿੱਖਿਆ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਦੇ ਧਿਆਨ ਹੇਠ ਲਿਆਉਣਗੇ। ਇਸ ਮੌਕੇ ਜੰਥੇਬੰਦੀ ਦੇ ਜ਼ਿਲ੍ਹਾ ਆਗੂ ਇੰਦਰਜੀਤ ਸਿੰਘ ਮਾਨਸਾ, ਜਗਪਾਲ ਸਿੰਘ ਭੀਮੜਾ, ਸੁਖਵਿੰਦਰ ਸਿੰਘ ਗਾਮੀਵਾਲਾ, ਮੱਘਰ ਸਿੰਘ ਭੀਮੜਾ, ਰਾਜਿੰਦਰ ਸੋਨੂੰ, ਪ੍ਰਦੀਪ ਕੁਮਾਰ ਬਰੇਟਾ, ਬਲਕਾਰ ਸਿੰਘ, ਹਰਪਾਲ ਸਿੰਘ ਮਘਾਣੀਆਂ, ਗਗਨ ਸ਼ਰਮਾਂ, ਸੁਖਦੀਪ ਸਿੰਘ, ਅਕਬਰ ਸਿੰਘ, ਜਗਦੇਵ ਟਾਹਲੀਆਂ, ਮਨਜਿੰਦਰ ਸਿੰਘ, ਕਸ਼ਮੀਰ ਸਿੰਘ, ਕਰਨਪਾਲ ਸਿੰਘ ਆਦਿ ਹਾਜ਼ਰ ਸਨ।