
ਮਾਨਸਾ 18,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ) : ਮਿਤੀ 18 ਜੂਨ ਨੂੰ ਇੰਡੀਅਨ ਮੈਡੀਕਲ ਐਸੋਸੀਏਸ਼ਨ ਮਾਨਸਾ ਨੇ ਜ਼ਿਲ੍ਹਾ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਦੀ ਅਗਵਾਈ ਵਿੱਚ ਡਾਕਟਰਾਂ ਉਪਰ ਹੋ ਰਹੇ ਹਮਲਿਆਂ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਆਈ.ਐਮ.ਏ.ਦੀ ਦੇਸ਼ ਵਿਆਪੀ ਹੜਤਾਲ ਦਾ ਸਮਰਥਨ ਕਰਦੇ ਹੋਏ ਕਾਲੇ ਬਿੱਲੇ ਲਗਾ ਕੇ ਵਿਰੋਧ ਜਤਾਇਆ। ਇਸ ਮੌਕੇ ਬੋਲਦਿਆਂ ਜਨਰਲ ਸਕੱਤਰ ਡਾ. ਸ਼ੇਰ ਜੰਗ ਸਿੰਘ ਸਿੱਧੂ ਨੇ ਕਿਹਾ ਕਿ ਕਰੋਨਾ ਦੀ ਵਿਸ਼ਵ ਵਿਆਪਕ ਮਹਾਂਮਾਰੀ ਦੌਰਾਨ ਡਾਕਟਰਾਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦਿਆਂ ਜਿੱਥੇ ਮਰੀਜ਼ਾਂ ਦੀ ਸੇਵਾ ਕੀਤੀ ਗਈ, ਉਥੇ ਡਾਕਟਰਾਂ ਨੂੰ ਪੂਰੀ ਸੁਰੱਖਿਆ ਪ੍ਰਦਾਨ ਕਰਵਾਉਣ ਦੀ ਜ਼ਿੰਮੇਵਾਰੀ ਸਰਕਾਰ ਦੀ ਹੈ। ਇਸ ਵਾਸਤੇ ਆਈ.ਐਮ.ਏ. ਸੈਂਟਰ ਲੈਵਲ ਤੇ ਸਖ਼ਤ ਤੋਂ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕਰਦੀ ਹੈ ਤਾਂ ਜੋ ਅਸਮਾਜਿਕ ਤੱਤਾਂ ਤੇ ਨੱਥ ਪਾਈ ਜਾ ਸਕੇ।
