
ਮਾਨਸਾ, 08 ਦਸੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ) : ਉਦਯੋਗ ਅਤੇ ਕਮਰਸ ਵਿਭਾਗ ਵੱਲੋਂ ਜਾਰੀ ਇੰਡਸਟਰੀਅਲ ਐਂਡ ਬਿਜ਼ਨਸ ਡਿਵੈਲਪਮੈਂਟ ਪਾਲਿਸੀ-2017 ਦੀ ਜ਼ਿਲ੍ਹਾ ਪੱਧਰ ਦੀ ਪ੍ਰਵਾਨਗੀ ਵਾਲੀ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਦੀ ਅਗਵਾਈ ਵਿੱਚ ਹੋਈ। ਮੀਟਿੰਗ ਦੌਰਾਨ ਜ਼ਿਲ੍ਹੇ ਵਿੱਚ ਸਥਾਪਿਤ 5 ਉਦਯੋਗਿਕ ਇਕਾਈਆਂ ਦੇ ਕੇਸ ਵਿਚਾਰੇ ਗਏ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਇਸ ਪਾਲਿਸੀ ਅਧੀਨ ਉਦਯੋਗਿਕ ਇਕਾਈਆਂ ਨੂੰ ਵੱਧ ਤੋਂ ਵੱਧ ਜਾਣਕਾਰੀ ਮੁਹੱਈਆ ਕਰਵਾਈ ਜਾਵੇ ਤਾਂ ਜੋ ਉਦਯੋਗਿਕ ਇਕਾਈਆਂ ਨੂੰ ਬਣਦਾ ਪ੍ਰੋਤਸਾਹਨ (ਇੰਸੈਟਿਵ) ਮਿਲ ਸਕੇ। ਉਨ੍ਹਾਂ ਹਾਜ਼ਰ ਉਦਯੋਗਿਕ ਇਕਾਈਆਂ ਦੇ ਮਾਲਕਾਂ ਨੂੰ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਸੁਵਿਧਾਵਾਂ ਦੇਣ ਦਾ ਭਰੋਸਾ ਦਿੱਤਾ।
ਮੀਟਿੰਗ ਦੌਰਾਨ ਤਿੰਨ ਉਦਯੋਗਿਕ ਇਕਾਈਆਂ ਨੂੰ ਬਿਜਲੀ ਡਿਊਟੀ ਤੋਂ ਛੋਟ ਅਤੇ ਇੱਕ ਇਕਾਈ ਨੂੰ ਸਟੈਂਪ ਡਿਊਟੀ ਸਬੰਧੀ ਪ੍ਰੋਤਸਾਹਨ (ਇੰਸੈਟਿਵ) ਦੇਣ ਦੀ ਪ੍ਰਵਾਨਗੀ ਦਿੱਤੀ ਗਈ।ਜ਼ਿਲ੍ਹਾ ਪੱਧਰੀ ਪ੍ਰਵਾਨਗੀ ਕਮੇਟੀ ਦੇ ਮੈਂਬਰ ਸੈਕਟਰੀ ਸ੍ਰੀ ਨੀਰਜ ਕੁਮਾਰ, ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ ਮਾਨਸਾ ਵੱਲੋਂ ਪੰਜਾਬ ਸਰਕਾਰ ਦੀ ਉਦਯੋਗਿਕ ਪਾਲਿਸੀ ਸਬੰਧੀ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਉਦਯੋਗ ਅਤੇ ਕਮਰਸ ਵਿਭਾਗ ਪੰਜਾਬ ਵੱਲੋਂ ਉਦਯੋਗਪਤੀਆਂ ਨੂੰ ਸਿੰਗਲ ਵਿੰਡੋ ਸਕੀਮ ਅਧੀਨ ਲਾਭ ਦੇਣ ਲਈ ‘ਇਨਵੈਸਟ ਪੰਜਾਬ ਬਿਜਨਿਸ ਫਸਟ ਪੋਰਟਲ’ ਸਥਾਪਿਤ ਕੀਤਾ ਗਿਆ ਹੈ, ਕੋਈ ਉਦਯੋਗਪਤੀ ਆਪਣੀ ਲੋੜ ਅਨੁਸਾਰ ਇਸ ਪੋਰਟਲ ਰਾਹੀ ਪ੍ਰੋਤਸਾਹਨ (ਇੰਸੈਟਿਵ) ਲੈਣ ਲਈ ਅਪਲਾਈ ਕਰ ਸਕਦਾ ਹੈ।
ਇਸ ਮੌਕੇ ਰਾਜ ਕਰ ਵਿਭਾਗ, ਜ਼ਿਲ੍ਹਾ ਟਾਊਨ ਪਲਾਨਰ, ਕਿਰਤ ਵਿਭਾਗ, ਪੀ.ਡਬਲਿਊ.ਡੀ ਐਂਡ ਬੀ.ਐਂਡ.ਆਰ, ਲੀਡ ਬੈਂਕ ਮੈਨੇਜ਼ਰ, ਪੀ.ਐਸ.ਪੀ.ਸੀ.ਐਲ ਮਾਨਸਾ ਅਤੇ ਮੌੜ ਦੇ ਅਧਿਕਾਰੀ ਹਾਜ਼ਰ ਸਨ।
