*ਪ੍ਰਾਇਮਰੀ ਪੱਧਰ ਤੇ ਵਿਦਿਆਰਥੀਆਂ ਅੱਗੇ ਚੁਣੌਤੀਆਂ ਤੇ ਉਹਨਾਂ ਦੇ ਹੱਲ*

0
63

ਮਾਨਸਾ 04 ਅਗਸਤ (ਸਾਰਾ ਯਹਾਂ)

ਵਿੱਦਿਆ ਇੱਕ ਅਜਿਹਾ ਸਾਂਚਾ ਹੈ ਜਿਹੜਾ ਮਨੁੱਖ ਨੂੰ ਇੱਕ ਰਚਨਾਤਮਕ ਅਤੇ ਗੁਣਾਤਮਕ ਕੰਮਾਂ ਦੇ ਢਾਂਚੇ ਵਿੱਚ ਢਾਲਦਾ ਹੈ। ਇਹ ਮਨੁੱਖ ਨੂੰ ਸਿਰਫ਼ ਰੋਜ਼ੀ-ਰੋਟੀ ਕਮਾਉਣ ਦੇ ਯੋਗ ਹੀ ਨਹੀਂ ਬਣਾਉਂਦਾ ਸਗੋਂ ਜੀਵਨ ਵਿੱਚ ਉਚਿਤ ਫ਼ੈਸਲੇ ਲੈਣ ਅਤੇ ਸਹੀ ਮਾਰਗ ਉੱਤੇ ਚੱਲਣ ਦੀ ਵੀ ਸੋਝੀ ਦਿੰਦਾ ਹੈ। ਸਿਆਣਿਆਂ ਨੇ ਤਾਂ ਵਿੱਦਿਆ ਨੂੰ ਇੱਕ ਅਜਿਹਾ ਗਹਿਣਾ ਅਤੇ ਖ਼ਜ਼ਾਨਾ ਵੀ ਮੰਨਿਆ ਹੈ ਜਿਸਨੂੰ ਨਾ ਤਾਂ ਕੋਈ ਚੋਰੀ ਕਰ ਸਕਦਾ ਹੈ ਅਤੇ ਨਾ ਹੀ ਕੋਈ ਇਸ ਵਿੱਚ ਕਿਸੇ ਤਰ੍ਹਾਂ ਦੀ ਕਮੀ ਪੈਦਾ ਹੁੰਦੀ ਹੈ। ਇਸ ਵਿੱਚ ਉਮਰ ਅਤੇ ਤਜੁਰਬੇ ਦੇ ਨਾਲ-ਨਾਲ ਹੋਰ ਵਾਧਾ ਹੁੰਦਾ ਜਾਂਦਾ ਹੈ।

ਵਿੱਦਿਆ ਜਾਂ ਸਿੱਖਿਆ ਹਾਸਿਲ ਕਰਨ ਦੀ ਸ਼ੁਰੂਆਤ ਵਿਦਿਆਰਥੀ ਜੀਵਨ ਵਿੱਚ ਪ੍ਰਾਇਮਰੀ ਪੱਧਰ ਤੋਂ ਹੁੰਦੀ ਹੈ। ਵਿਦਿਆਰਥੀ ਜੀਵਨ ਦਾ ਉਹ ਪੜਾਅ ਜਿਸ ਵਿੱਚ ਬੱਚੇ ਦਾ ਮਾਨਸਿਕ ਅਤੇ ਬੌਧਿਕ ਪੱਧਰ ਇੱਕ ਕੋਰੇ ਕਾਗ਼ਜ਼ ਵਾਂਗ ਹੁੰਦਾ ਹੈ। ਸਰੀਰਕ ਵਿਕਾਸ ਦੇ ਨਾਲ-ਨਾਲ ਇਹ ਦੋਵੇਂ ਪੱਧਰ ਵੀ ਉਤਾਂਹ ਵੱਲ ਨੂੰ ਜਾਂਦੇ ਨੇ ਤੇ ਜੇਕਰ ਇਸ ਸਮੇਂ ਦੌਰਾਨ ਬੱਚੇ ਨੂੰ ਸਹੀ ਅਤੇ ਯੋਗ ਵਿੱਦਿਆ ਮਿਲ ਜਾਵੇ ਤਾਂ ਉਹ ਆਪਣੀ ਜ਼ਿੰਦਗੀ ਵਿੱਚ ਸਫ਼ਲਤਾ ਪ੍ਰਾਪਤ ਕਰਕੇ ਇੱਕ ਮੀਲ ਪੱਥਰ ਸਥਾਪਿਤ ਕਰ ਸਕਦਾ ਹੈ। 

ਇੱਥੇ ਪ੍ਰਾਇਮਰੀ ਪੱਧਰ ਦੇ ਵਿਦਿਆਰਥੀਆਂ ਅੱਗੇ ਬਹੁਤ ਸਾਰੀਆਂ ਵਿੱਦਿਅਕ ਚੁਣੌਤੀਆਂ ਆਉਂਦੀਆਂ ਹਨ ਅਤੇ ਉਹਨਾਂ ਦੇ ਹੱਲ ਲਈ ਅਧਿਆਪਕ, ਮਾਪੇ ਅਤੇ ਖ਼ੁਦ ਵਿਦਿਆਰਥੀ ਵੀ ਸਾਂਝੇ ਰੂਪ ਵਿੱਚ ਉਚਿਤ ਕੋਸ਼ਿਸ਼ ਕਰ ਸਕਦੇ ਹਨ। 

 ਵਿਦਿਆਰਥੀ ਜੀਵਨ ਦੀ ਸ਼ੁਰੂਆਤ:ਇੱਕ ਬੱਚਾ ਜਦੋਂ ਆਪਣੇ ਘਰ ਦੇ ਆਰਾਮਦਾਇਕ ਮਾਹੌਲ ਵਿੱਚੋਂ ਨਿਕਲ ਕੇ ਸਕੂਲੀ ਜੀਵਨ ਵਿੱਚ ਪੈਰ ਧਰਦਾ ਹੈ ਤਾਂ ਉਸਦੇ ਸਾਹਮਣੇ ਪਹਿਲੀ ਚੁਣੌਤੀ ਮਾਤਾ-ਪਿਤਾ, ਪਰਿਵਾਰ ਅਤੇ ਆਪਣੇ ਖਿਡੌਣਿਆਂ ਤੋਂ ਕੁੱਝ ਘੰਟਿਆਂ ਦੀ ਦੂਰੀ ਦੇ ਰੂਪ ਵਿੱਚ ਆਉਂਦੀ ਹੈ। ਉਹ ਸਕੂਲ ਦੇ ਨਵੇਂ ਅਤੇ ਅਨੁਸ਼ਾਸਨ ਵਾਲੇ ਵਾਤਾਵਰਨ ਵਿੱਚ ਆਪਣੇ ਆਪ ਨੂੰ ਢਾਲਣ ਵਿੱਚ ਔਖ ਮਹਿਸੂਸ ਕਰਦਾ ਹੈ। ਇੱਥੇ ਉਸਦੇ ਅਧਿਆਪਕ ਦਾ ਅਹਿਮ ਰੋਲ ਸ਼ੁਰੂ ਹੁੰਦਾ ਹੈ ਕਿ ਉਹ ਖੇਡਾਂ, ਸਿੱਖਣ ਦੇ ਰੌਚਕ ਤਰੀਕਿਆਂ ਅਤੇ ਸਿਰਜਣਾਤਮਕ ਗਤੀਵਿਧੀਆਂ ਰਾਹੀਂ ਬੱਚੇ ਨੂੰ ਵਿੱਦਿਆ ਨਾਲ ਜੋੜ ਸਕਦਾ ਹੈ। ਬੱਚਾ ਬਹੁਤ ਸਾਰੇ ਰਚਨਾਤਮਕ ਤਰੀਕਿਆਂ ਰਾਹੀਂ ਬੜਾ ਕੁੱਝ ਸਿੱਖਣ ਦੇ ਯੋਗ ਹੋ ਜਾਂਦਾ ਹੈ। ਉਮਰ ਦੇ ਇਸ ਪੱਧਰ ਉੱਤੇ ਉਸਨੂੰ ਰੰਗਾਂ, ਵਰਣਮਾਲਾ, ਉਚਾਰਨ ਪ੍ਰਕਿਰਿਆ, ਆਕ੍ਰਿਤੀਆਂ ਦੀ ਪਛਾਣ, ਮੁਢਲੀਆਂ ਨੈਤਿਕ ਕਦਰਾਂ ਕੀਮਤਾਂ ਅਤੇ ਜਮਾਤ ਦੇ ਵਾਤਾਵਰਨ ਬਾਰੇ ਬਹੁਤ ਚੰਗੀ ਤਰ੍ਹਾਂ ਨਾਲ ਜਾਣਕਾਰੀ ਪ੍ਰਾਪਤ ਹੋ ਜਾਂਦੀ ਹੈ। ਇਹੀ ਪੜਾਅ ਉਸਦੇ ਵਿੱਦਿਅਕ ਅਤੇ ਵਿਦਿਆਰਥੀ ਜੀਵਨ ਦਾ ਮੁਢਲਾ ਆਧਾਰ ਹੁੰਦਾ ਹੈ। 

ਵਿੱਤੀ ਮੁਸ਼ਕਿਲਾਂ : ਸਮਾਜ ਵਿੱਚ ਹਰ ਕਿਸਮ ਦੇ ਪਰਿਵਾਰ ਮੌਜੂਦ ਹਨ। ਕੁੱਝ ਤਾਂ ਵਿੱਤੀ ਪੱਧਰ ਉੱਤੇ ਏਨੇ ਲੋੜਵੰਦ ਅਤੇ ਕਮਜ਼ੋਰ ਹਨ ਕਿ ਆਪਣੇ ਬੱਚੇ ਦੀ ਪੜ੍ਹਾਈ ਨੂੰ ਜਾਰੀ ਰੱਖਣਾ ਉਹਨਾਂ ਲਈ ਸੰਭਵ ਨਹੀਂ ਹੁੰਦਾ ਜਾਂ ਫ਼ਿਰ ਉਹ ਆਪਣੇ ਬੱਚੇ ਨੂੰ ਛੋਟੀ ਉਮਰੇ ਹੀ ਕੰਮ ਅਤੇ ਮਜ਼ਦੂਰੀ ਵੱਲ ਲਾ ਦਿੰਦੇ ਨੇ ਤਾਂ ਜੋ ਪੜ੍ਹਾਈ ਉੱਤੇ ਪੈਸੇ ਖ਼ਰਚ ਕਰਨ ਨਾਲੋਂ ਉਲਟਾ ਉਹ ਪਰਿਵਾਰ ਲਈ ਕਮਾਈ ਦਾ ਇੱਕ ਸਾਧਨ ਬਣ ਸਕਣ। ਇਸ ਸਮੱਸਿਆ ਨਾਲ ਨਜਿੱਠਣ ਲਈ ਸਿੱਖਿਆ ਵਿਭਾਗ ਨੇ ਮਿਡਲ ਪੱਧਰ ਤੱਕ ਵਿਦਿਆਰਥੀਆਂ ਦੀ ਸਿੱਖਿਆ ਨੂੰ ਮੁਫ਼ਤ ਕਰ ਦਿੱਤਾ ਹੈ। ਜਿੱਥੇ ਉਹਨਾਂ ਨੂੰ ਨਿਸ਼ੁਲਕ ਵਰਦੀਆਂ, ਕਿਤਾਬਾਂ ਅਤੇ ਇੱਥੋਂ ਤੱਕ ਕਿ ਦੁਪਹਿਰ ਦਾ ਖਾਣਾ ਵੀ ਦਿੱਤਾ ਜਾਂਦਾ ਹੈ। ਵਿਦਿਆਰਥੀਆਂ ਨੂੰ ਵੱਖ-ਵੱਖ ਸਕੀਮਾਂ ਦੇ ਆਧਾਰ ਉੱਤੇ ਵਜ਼ੀਫ਼ਾ ਵੀ ਦਿੱਤਾ ਜਾਂਦਾ ਹੈ ਤਾਂ ਕਿ ਉਹਨਾਂ ਦੀ ਪੜ੍ਹਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਿਸੇ ਤਰ੍ਹਾਂ ਦੀ ਕੋਈ ਵਿੱਤੀ ਔਕੜ ਪੈਦਾ ਨਾ ਹੋਵੇ। ਸਮੇਂ-ਸਮੇਂ ਉੱਤੇ ਵਿਦਿਆਰਥੀਆਂ ਦਾ ਮੈਡੀਕਲ ਚੈੱਕਅਪ, ਲੋੜੀਂਦਾ ਟੀਕਾਕਰਨ ਅਤੇ ਵਿਸ਼ੇਸ਼ ਲੋੜ ਮਹਿਸੂਸ ਹੋਣ ਉੱਤੇ ਫ਼ਰੀ ਇਲਾਜ ਦਾ ਵੀ ਪ੍ਰਬੰਧ ਹੈ ਤਾਂ ਕਿ ਵਿਦਿਆਰਥੀਆਂ ਦੀ ਸਿਹਤ ਅਤੇ ਮੈਡੀਕਲ ਸੇਵਾਵਾਂ ਉੱਤੇ ਕਿਸੇ ਤਰ੍ਹਾਂ ਦਾ ਵਿੱਤੀ ਬੋਝ ਨਾ ਪਵੇ।

ਮੋਬਾਈਲ ਫ਼ੋਨ ਦੀ ਵਧੇਰੇ ਵਰਤੋਂ : ਕੋਵਿਡ ਕਾਲ ਦੌਰਾਨ ਮੋਬਾਈਲ ਫ਼ੋਨ ਦੀ ਵਧੇਰੇ ਵਰਤੋਂ ਉੱਭਰ ਕੇ ਸਾਹਮਣੇ ਆਈ ਜਿਸਨੇ ਵਿਦਿਆਰਥੀ ਜੀਵਨ ਉੱਤੇ ਬੜਾ ਡੂੰਘਾ ਅਸਰ ਪਾਇਆ। ਬੱਚੇ ਜਿੱਥੇ ਫ਼ੋਨ ਦੇ ਆਦੀ ਹੋ ਗਏ ਓਥੇ ਉਹਨਾਂ ਦੀ ਮਾਨਸਿਕਤਾ ਅਤੇ ਨੈਤਿਕਤਾ ਉੱਤੇ ਵੀ ਬੜਾ ਉਲਟਾ ਅਸਰ ਪਿਆ। ਬੇਸ਼ੱਕ ਮੋਬਾਈਲ ਫ਼ੋਨ ਤਕਨਾਲੋਜੀ ਨੇ ਕੋਵਿਡ ਕਾਲ ਦੌਰਾਨ ਵਿਦਿਆਰਥੀਆਂ ਨੂੰ ਲਗਾਤਾਰ ਆਪਣੇ ਸਕੂਲਾਂ ਅਤੇ ਅਧਿਆਪਕਾਂ ਨਾਲ ਜੋੜੀ ਰੱਖਿਆ ਪਰ ਛੋਟੇ-ਛੋਟੇ ਬੱਚੇ ਜੀਵਨ ਅਤੇ ਵਿੱਦਿਆ ਦੇ ਸ਼ੁਰੂਆਤੀ ਦੌਰ ਵਿੱਚ ਹੀ ਇਸਦੇ ਉੱਤੇ ਨਿਰਭਰ ਹੋ ਗਏ। ਜਿਸਦਾ ਅਸਰ ਹਾਲੇ ਤੱਕ ਸਾਫ਼ ਨਜ਼ਰ ਆ ਰਿਹਾ ਹੈ। ਉਸ ਸਮੇਂ ਦੀ ਪੈਦਾ ਹੋਈ ਇਹ ਗੰਭੀਰ ਸਥਿਤੀ ਹਾਲੇ ਵੀ ਅਧਿਆਪਕਾਂ ਅਤੇ ਮਾਪਿਆਂ ਲਈ ਇੱਕ ਚੁਣੌਤੀ ਬਣੀ ਹੋਈ ਹੈ। ਅਜੋਕੀ ਸਿੱਖਿਆ ਪ੍ਰਣਾਲੀ ਮੋਬਾਈਲ ਫ਼ੋਨ ਉੱਤੇ ਇੱਕ ਹੱਦ ਤੱਕ ਨਿਰਭਰ ਹੋਣ ਕਾਰਨ ਵਿਦਿਆਰਥੀ, ਅਧਿਆਪਕ ਅਤੇ ਮਾਪੇ ਇਸ ਚੁਣੌਤੀ ਨਾਲ ਦਰਪੇਸ਼ ਹੋ ਰਹੇ ਹਨ। ਜਿਸਦਾ ਅਸਰ ਸਿੱਧੇ ਤੌਰ ਉੱਤੇ ਵਿਦਿਆਰਥੀਆਂ ਦੀ ਮਾਨਸਿਕਤਾ ਉੱਤੇ ਪਿਆ ਹੈ।

ਮਾਤਾ-ਪਿਤਾ ਅਤੇ ਅਧਿਆਪਕਾਂ ਦਾ ਆਪਸੀ ਤਾਲਮੇਲ : ਅਧਿਆਪਕਾਂ ਅਤੇ ਮਾਪਿਆਂ ਦਾ ਆਪਸੀ ਤਾਲਮੇਲ ਬੱਚਿਆਂ ਦੀ ਪੜ੍ਹਾਈ ਨੂੰ ਉੱਚਾ ਚੁੱਕਣ ਲਈ ਇੱਕ ਆਸਰਾ ਦਿੰਦਾ ਹੈ। ਪਿੰਡਾਂ ਅਤੇ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਜਾਗਰੂਕਤਾ ਦੀ ਕਮੀ ਹੋਣ ਕਰਕੇ ਮਾਪੇ ਆਪਣੇ ਬੱਚਿਆਂ ਦੀ ਪੜ੍ਹਾਈ ਅਤੇ ਸਕੂਲੀ ਜੀਵਨ ਵਿੱਚ ਬਹੁਤੀ ਦਿਲਚਸਪੀ ਨਹੀਂ ਲੈਂਦੇ। ਉਹਨਾਂ ਦਾ ਅਧਿਆਪਕਾਂ ਨਾਲ ਰਾਬਤਾ ਜਾਂ ਤਾਲਮੇਲ ਨਾ ਹੋਣ ਕਰਕੇ ਉਹ ਆਪਣੇ ਬੱਚੇ ਦੇ ਵਿੱਦਿਅਕ ਵਿਕਾਸ ਬਾਰੇ ਬਹੁਤੇ ਜਾਗਰੂਕ ਨਹੀਂ ਹੁੰਦੇ। ਅਜਿਹੀ ਸਥਿਤੀ ਨੂੰ ਮਾਪੇ ਅਧਿਆਪਕ ਮਿਲਣੀ ਦੁਆਰਾ ਠੀਕ ਕੀਤਾ ਜਾ ਸਕਦਾ ਹੈ। ਮਾਤਾ ਪਿਤਾ ਨੂੰ ਜਦੋਂ ਆਪਣੇ ਬੱਚੇ ਦੀ ਵਿੱਦਿਅਕ ਕਾਰਗੁਜ਼ਾਰੀ ਅਤੇ ਸਹਿ-ਵਿੱਦਿਅਕ ਗਤੀਵਿਧੀਆਂ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਉਹਨਾਂ ਅੰਦਰ ਵਿੱਦਿਆ ਅਤੇ ਸਕੂਲਾਂ ਪ੍ਰਤੀ ਚੇਤਨਾ ਪੈਦਾ ਹੁੰਦੀ ਹੈ। ਕਈ ਵਾਰੀ ਵਿਦਿਆਰਥੀ ਆਪਣੀ ਸਮੱਸਿਆ ਆਪੇ ਮਾਪਿਆਂ ਨਾਲ ਸਾਂਝੀ ਨਹੀਂ ਕਰਦਾ ਸਗੋਂ ਆਪਣੇ ਅਧਿਆਪਕ ਨਾਲ ਵਿਸ਼ਵਾਸ ਅਤੇ ਸਹਿਯੋਗ ਦੇ ਆਧਾਰ ਉੱਤੇ ਜ਼ਰੂਰ ਸਾਂਝੀ ਕਰਦਾ ਹੈ। ਇਸ ਤਰ੍ਹਾਂ ਨਾਲ ਅਧਿਆਪਕ ਵਿਦਿਆਰਥੀਆਂ ਅਤੇ ਮਾਪਿਆਂ ਵਿਚਕਾਰ ਇੱਕ ਪੁਲ ਦਾ ਕੰਮ ਕਰਦਾ ਹੈ। ਇਹਨਾਂ ਦਾ ਆਪਸੀ ਤਾਲਮੇਲ ਬੱਚੇ ਦੀ ਸਿੱਖਿਆ ਨੂੰ ਹੋਰ ਉੱਚਾ ਚੁੱਕਣ ਵਿੱਚ ਸਹਾਈ ਸਾਬਿਤ ਹੁੰਦਾ ਹੈ।

ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀ : ਇਹ ਜ਼ਰੂਰੀ ਨਹੀਂ ਹੁੰਦਾ ਕਿ ਸਰੀਰਕ ਰੂਪ ਵਿੱਚ ਸਿਹਤਮੰਦ ਦਿਖਣ ਵਾਲਾ ਬੱਚਾ ਬੌਧਿਕ ਪੱਧਰ ਉੱਤੇ ਵੀ ਕੁਸ਼ਲ ਸਾਬਿਤ ਹੋਵੇ। ਕਈ ਵਾਰੀ ਕਿਸੇ ਮੈਡੀਕਲ ਦਿੱਕਤ ਕਰਕੇ ਕੁੱਝ ਵਿਦਿਆਰਥੀ ਆਮ ਬੱਚਿਆਂ ਦੇ ਮੁਕਾਬਲੇ ਸਿੱਖਣ ਅਤੇ ਯਾਦ ਰੱਖਣ ਦੀ ਪ੍ਰਕ੍ਰਿਆ ਵਿੱਚ ਹੌਲੀ ਹੁੰਦੇ ਨੇ ਜਾਂ ਅਸਮਰੱਥ ਹੁੰਦੇ ਨੇ। ਉਹਨਾਂ ਦੀ ਇਹ ਚੁਣੌਤੀ ਉਹਨਾਂ ਨੂੰ ਸਮਾਜਿਕ ਅਤੇ ਨਿੱਜੀ ਜੀਵਨ ਵਿੱਚ ਆਮ ਲੋਕਾਂ ਨਾਲੋਂ ਪਿੱਛੇ ਛੱਡ ਸਕਦੀ ਹੈ। ਅਜਿਹੀ ਸਥਿਤੀ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਖ਼ਾਸ ਅਧਿਆਪਕ ਨਿਯੁਕਤ ਕੀਤੇ ਜਾਂਦੇ ਹਨ ਜੋ ਕਿ ਇਹਨਾਂ ਵਿਦਿਆਰਥੀਆਂ ਨੂੰ ਵਿੱਦਿਆ ਦੇਣ ਲਈ ਵਿਸ਼ੇਸ਼ ਤੌਰ ‘ਤੇ ਸਿਖਲਾਈ ਪ੍ਰਾਪਤ ਅਧਿਆਪਕ ਹੁੰਦੇ ਹਨ। ਇਹ ਉਹਨਾਂ ਵਿਦਿਆਰਥੀਆਂ ਨੂੰ ਮੁੱਢਲੀ ਸਿੱਖਿਆ ਦੇਣ ਅਤੇ ਉਸਦੇ ਬੌਧਿਕ ਪੱਧਰ ਅਨੁਸਾਰ ਵਿੱਦਿਆ ਦੇਣ ਦੇ ਸਮਰੱਥ ਹੁੰਦੇ ਹਨ। ਜਿਸ ਨਾਲ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਨਾਲ-ਨਾਲ ਅਤੇ ਉਹਨਾਂ ਦਾ ਉਚਿਤ ਹੱਲ ਵੀ ਕੱਢਿਆ ਜਾ ਸਕਦਾ ਹੈ।

ਅਸੀਂ ਇਹ ਕਹਿ ਸਕਦੇ ਹਾਂ ਕਿ ਪ੍ਰਾਇਮਰੀ ਪੱਧਰ ਉੱਤੇ ਵਿੱਦਿਆ ਹਾਸਿਲ ਕਰਨਾ ਸਿਰਫ਼ ਵਿਦਿਆਰਥੀ ਦਾ ਹੀ ਕੰਮ ਨਹੀਂ ਹੈ, ਇਸ ਵਿੱਚ ਉਸਦੇ ਅਧਿਆਪਕ, ਮਾਤਾ-ਪਿਤਾ ਅਤੇ ਸਮੁੱਚੀ ਸਿੱਖਿਆ ਪ੍ਰਣਾਲੀ ਦਾ ਵੀ ਓਨਾ ਹੀ ਯੋਗਦਾਨ ਹੁੰਦਾ ਹੈ। ਸਮੇਂ ਦੇ ਨਾਲ-ਨਾਲ ਬਹੁਤ ਸਾਰੇ ਪ੍ਰੋਜੈਕਟ ਸਿੱਖਿਆ ਪ੍ਰਣਾਲੀ ਅੰਦਰ ਸ਼ਾਮਿਲ ਕਰ ਲਏ ਗਏ ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਆਸਾਨ, ਰੌਚਕ ਅਤੇ ਵਧੀਆ ਬਣਾਇਆ ਜਾ ਸਕੇ। ਪੈਦਾ ਹੋਈਆਂ ਚੁਣੌਤੀਆਂ ਦਾ ਹੱਲ ਕਰਨ ਲਈ ਜਿੱਥੇ ਸਰਕਾਰ ਅਤੇ ਸਿੱਖਿਆ ਵਿਭਾਗ ਵਲੋਂ ਯੋਗ ਕਦਮ ਚੁੱਕੇ ਜਾਂਦੇ ਹਨ ਓਥੇ ਅਧਿਆਪਕਾਂ ਦੀ ਯੋਗ ਅਗਵਾਈ ਅਤੇ ਦਿਸ਼ਾ ਨਿਰਦੇਸ਼ ਵੀ ਵਿਦਿਆਰਥੀਆਂ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹਨ।

-ਮੁਨੱਜ਼ਾ ਇਰਸ਼ਾਦ

ਈ ਟੀ ਟੀ ਅਧਿਆਪਕਾ

ਸਰਕਾਰੀ ਐਲੀਮੈਂਟਰੀ ਸਕੂਲ

ਭੰਡਾਲ ਦੋਨਾ (ਕਪੂਰਥਲਾ)

LEAVE A REPLY

Please enter your comment!
Please enter your name here